ਨਵੀਂ ਦਿੱਲੀ, 27 ਜਨਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵਾਪਸ ਲਏ ਜਾਣ। ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਵਿਚਾਰ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ, ‘ਨਿਮਰ ਢੰਗ ਨਾਲ ਤੁਸੀਂ ਦੁਨੀਆ ਹਿਲਾ ਸਕਦੇ ਹੋ: ਮਹਾਤਮਾ ਗਾਂਧੀ। ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਖੇਤੀ ਵਿਰੋਧੀ ਕਾਨੂੰਨ ਤੁਰੰਤ ਵਾਪਸ ਲਏ ਜਾਣ।’ ਕਾਂਗਰਸ ਆਗੂ ਨੇ ਬੀਤੇ ਦਿਨ ਹੋਈ ਹਿੰਸਾ ਦੀ ਪਿੱਠਭੂਮੀ ’ਚ ਮਹਾਤਮਾ ਗਾਂਧੀ ਦੇ ਵਿਚਾਰ ਦਾ ਜ਼ਿਕਰ ਕੀਤਾ ਹੈ।
ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ’ਚ ਹੰਗਾਮਾ ਕਰਨ ਲਈ ਭਾਜਪਾ ਨੇ ਆਪਣੇ ਪਿੱਠੂ ਦੀਪ ਸਿੱਧੂ ਨੂੰ ਭੇਜਿਆ ਸੀ। ਭਾਜਪਾ ਤੇ ਸਿੱਧੂ ਵਿਚਾਲੇ ਸਬੰਧਾਂ ’ਤੇ ਸਵਾਲ ਚੁੱਕਿਆਂ ‘ਆਪ’ ਦੇ ਬੁਲਾਰੇ ਰਾਘਵ ਚੱਢਾ ਨੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਨਾਲ ਦੀਪ ਸਿੱਧੂ ਦੀ ਕਥਿਤ ਤਸਵੀਰਾਂ ਦਿਖਾਈਆਂ। ਉਨ੍ਹਾਂ ਕਿਹਾ, ‘ਕਿਸਾਨਾਂ ਦੀ ਟਰੈਕਟਰ ਪਰੇਡ ’ਚ ਹੰਗਾਮਾ ਖੜ੍ਹਨ ਕਰਨ ਲਈ ਭਾਜਪਾ ਨੇ ਦੀਪ ਸਿੱਧੂ ਨੂੰ ਆਪਣਾ ਪਿੱਠੂ ਬਣਾਇਆ।’
ਉੱਧਰ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਅੱਜ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਵਾਪਰੀ ਹਿੰਸਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿੰਨੋਂ ਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕਰਕੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣ ਦੀ ਅਪੀਲ ਕੀਤੀ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਬੀਤੇ ਦਿਨ ਜੋ ਵੀ ਹੋਇਆ ਉਸ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਕਿਸਾਨਾਂ ’ਤੇ ਦੋਸ਼ ਮੜ੍ਹ ਰਹੀ ਹੈ, ਇਸੇ ਨੇ ਕਿਸਾਨਾਂ ਨੂੰ ਗੁੱਸਾ ਦਿਵਾਇਆ ਹੈ। -ਪੀਟੀਆਈ
‘ਦਿੱਲੀ ਹਿੰਸਾ ਲਈ ਜ਼ਿੰਮੇਵਾਰ ਸ਼ਾਹ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਵੇ’
ਨਵੀਂ ਦਿੱਲੀ: ਕਾਂਗਰਸ ਨੇ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਲਈ ਸਿੱਧੇ ਤੌਰ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਿਰ ਠੀਕਰਾ ਭੰਨਿਆ ਹੈ। ਕਾਂਗਰਸ ਨੇ ਕਿਹਾ ਕਿ ਕੌਮੀ ਰਾਜਧਾਨੀ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਸ ਘਟਨਾ ਲਈ ਸ਼ਾਹ ਨੂੰ ਫੌਰੀ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਇਸ ਕਥਿਤ ਸਾਜ਼ਿਸ਼ ਵਿੱਚ ਮੋਦੀ ਸਰਕਾਰ ਵੀ ਸ਼ਾਮਲ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਪੁਲੀਸ ਦੀ ਮੌਜੂਦਗੀ ਦੇ ਬਾਵਜੂਦ 500 ਦੇ ਕਰੀਬ ਲੋਕਾਂ ਦਾ ਸਮੂਹ ਲਾਲ ਕਿਲ੍ਹੇ ਦੇ ਅਹਾਤੇ ਵਿੱਚ ਕਿਵੇਂ ਦਾਖ਼ਲ ਹੋ ਗਿਆ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਗੁੰਡਾਗਰਦੀ ਤੇ ਹਿੰਸਾ ’ਤੇ ਉਤਾਰੂ ਰਹੇ ਜਦੋਂਕਿ ਦਿੱਲੀ ਪੁਲੀਸ ਮੂਕ ਦਰਸ਼ਕ ਬਣੀ ਸਭ ਕੁਝ ਵੇਖਦੀ ਰਹੀ। ਸੁਰਜੇਵਾਲਾ ਨੇ ਕਿਹਾ ਕਿ ਦਿੱਲੀ ਪੁਲੀਸ, ਹਿੰਸਾ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕੇਸ ਦਰਜ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਅਸਲ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਖ਼ਿਲਾਫ਼ ਹੀ ਝੂਠੇ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ’ਚ ਹਿੰਸਾ ਸੁਰੱਖਿਆ ’ਚ ਅਣਗਹਿਲੀ ਤੇ ਇੰਟੈਲੀਜੈਂਸ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਸੁਰਜੇਵਾਲਾ ਨੇ ਕਿਹਾ, ‘ਦੀਪ ਸਿੱਧੂ ਤੇ ਗੈਂਗ, ਜਿਨ੍ਹਾਂ ਇਹ ਕਾਰਾ ਕੀਤਾ ਅਤੇ ਜੋ ਬੀਤੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੇਖੇ ਜਾ ਸਕਦੇ ਹਨ, ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਨ ਦੀ ਥਾਂ ਭੱਜਣ ਦਾ ਪੂਰਾ ਮੌਕਾ ਦਿੱਤਾ ਗਿਆ।’ -ਪੀਟੀਆਈ