ਲਖਨਊ, 30 ਅਗਸਤ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਸਾਰੀਆਂ ਹੀ ਪਾਰਟੀਆਂ ਬਸਪਾ ਨਾਲ ਗੱਠਜੋੜ ਲਈ ਕਾਹਲੀਆਂ ਹਨ ਪਰ ਇਹ ਸੁਆਲ ਹੀ ਪੈਦਾ ਨਹੀਂ ਹੁੰਦਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਜਾਂ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨਾਲ ਹੱਥ ਮਿਲਾਏ। ਮਾਇਆਵਾਤੀ ਨੇ ਕਿਹਾ, ‘‘ਐੱਨਡੀਏ ਅਤੇ ੲਿੰਡੀਆ ਦੋਵੇਂ ਹੀ ਅਜਿਹੀਆਂ ਪਾਰਟੀਆਂ ਹਨ, ਜੋ ਜ਼ਿਆਤਾਦਰ ਗਰੀਬ ਵਿਰੋਧੀ, ਜਾਤੀਵਾਦ, ਫਿਰਕਾਪ੍ਰਸਤੀ, ਅਮੀਰ ਪੱਖੀ ਅਤੇ ਪੂੰਜੀਵਾਦੀ ਨੀਤੀਆਂ ਦਾ ਸਮਰਥਨ ਕਰਦੀਆਂ ਹਨ ਅਤੇ ਬਸਪਾ ਨੇ ਸ਼ੁਰੂ ਤੋਂ ਹੀ ਇਨ੍ਹਾਂ ਨੀਤੀਆਂ ਦਾ ਵਿਰੋਧ ਕੀਤਾ ਹੈ। ਇਸ ਲਈ ਇਨ੍ਹਾਂ ਪਾਰਟੀਆਂ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਮੈਂ ਮੀਡੀਆ ਨੂੰ ਅਪੀਲ ਕਰਦੀ ਹਾਂ ਕਿ ਕਿਰਪਾ ਕਰਕੇ ਕੋਈ ਫਰਜ਼ੀ ਖ਼ਬਰ ਨਾ ਦਿਓ।’’ ਮਾਇਆਵਤੀ ਨੇ ਕਿਹਾ, ‘‘ਹਾਲਾਂਕਿ ਹਰ ਕੋਈ ਬਸਪਾ ਨਾਲ ਗੱਠਜੋੜ ਲਈ ਉਤਾਵਲਾ ਹੈ, ਵਿਰੋਧੀ ਧਿਰ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਾਉਂਦੀ ਹੈ ਅਤੇ ਜੇਕਰ ਅਸੀਂ ਉਨ੍ਹਾਂ ਨਾਲ ਗੱਠਜੋੜ ਨਹੀਂ ਕਰਦੇ ਤਾਂ ‘ਅਸੀਂ ਧਰਮ ਨਿਰਪੱਖ ਹਾਂ’, ਇਹ ਘੋਰ ਅਨਿਆਂ ਹੈ।’’ ਉਨ੍ਹਾਂ ਕਿਹਾ ਕਿ ਬਸਪਾ 2007 ਵਾਂਗ ਕਰੋੜਾਂ ਅਣਗੌਲੇ ਲੋਕਾਂ ਨੂੰ ਭਾਈਚਾਰਕ ਸਾਂਝ ਦੇ ਆਧਾਰ ’ਤੇ ਇਕਜੁੱਟ ਕਰ ਕੇ ਲੋਕ ਸਭਾ ਤੇ ਚਾਰ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲੜੇਗੀ। -ਪੀਟੀਆਈ