ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਆਗੂ ਸੰਜੈ ਰਾਊਤ ਨੇ ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ਦੇ ਸ਼ੱਕੀ ਹਾਲਾਤ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਭਾਜਪਾ ਦੇ ਘੁਟਾਲੇ ਸਬੰਧੀ ਫਾਈਲ ਨਾਲ ਜੁੜੇ ਉਨ੍ਹਾਂ ਦੇ ਖੁਲਾਸੇ ਤੋਂ ਕੁਝ ਦਿਨਾਂ ਬਾਅਦ ਹੋਇਆ, ਜੋ ‘ਰਹੱਸਮਈ’ ਹੈ।
ਸ੍ਰੀ ਰਾਊਤ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਅਜੀਤ ਪਵਾਰ ਨੇ ਭਾਜਪਾ ਨਾਲੋਂ ਨਾਤਾ ਤੋੜਨ ਅਤੇ ਆਪਣੇ ਚਾਚੇ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਪ੍ਰਧਾਨ ਸ਼ਰਦ ਪਵਾਰ ਨਾਲ ਮੁੜ ਜੁੜਨ ਦਾ ਫੈਸਲਾ ਕਰ ਲਿਆ ਸੀ। ਉਨ੍ਹਾਂ ਕਿਹਾ, ‘‘ਅਜੀਤ ਪਵਾਰ ਲਗਾਤਾਰ ਕਹਿ ਰਹੇ ਸਨ ਕਿ ਉਨ੍ਹਾਂ ਕੋਲ ਭਾਜਪਾ ਦੇ ਘੁਟਾਲੇ ਦੀ ਫਾਈਲ ਹੈ ਅਤੇ ਉਹ ਇਸ ਦਾ ਖੁਲਾਸਾ ਕਰਨਗੇ। ਉਨ੍ਹਾਂ ਨੇ ਇਹ ਗੱਲ 15 ਜਨਵਰੀ ਨੂੰ ਕਹੀ ਸੀ ਅਤੇ ਅਗਲੇ ਦਸ ਦਿਨਾਂ ਦੇ ਅੰਦਰ ਜਹਾਜ਼ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਹ ਰਹੱਸਮਈ ਹੈ।’’
ਅਜੀਤ ਪਵਾਰ ਦੀ 28 ਜਨਵਰੀ ਨੂੰ ਬਾਰਾਮਤੀ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ। ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦੌਰਾਨ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਉਸ ਸਮੇਂ ਕੀਤੇ ਭਾਜਪਾ ਦੇ ਭ੍ਰਿਸ਼ਟਾਚਾਰ ਸਬੰਧੀ ਫਾਈਲ ਹੈ, ਜਦੋਂ ਉਹ 1995 ਤੋਂ 1999 ਤੱਕ ਅਣਵੰਡੀ ਸ਼ਿਵ ਸੈਨਾ ਨਾਲ ਸੂਬੇ ਦੀ ਸੱਤਾ ਵਿੱਚ ਸਨ।

