Ajit Doval ਵੱਲੋਂ ਯੂ ਏ ਈ ਦੇ ਰਾਸ਼ਟਰਪਤੀ ਨਾਲ ਵਿਚਾਰਾਂ
ਖੇਤਰੀ ਘਟਨਾਵਾਂ ਦੇ ਨਾਲ-ਨਾਲ ੳੂਰਜਾ ਸਹਿਯੋਗ ਵਧਾੳੁਣ ਬਾਰੇ ਚਰਚਾ
Ajit Doval ਵੱਲੋਂ ਯੂ ਏ ਈ ਦੇ ਰਾਸ਼ਟਰਪਤੀ ਨਾਲ ਵਿਚਾਰਾਂ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅਬੂ ਧਾਬੀ ’ਚ ਯੂ ਏ ਈ ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਦੋਹਾਂ ਧਿਰਾਂ ਨੇ ਵਿਆਪਕ ਰਣਨੀਤਕ ਭਾਈਵਾਲੀ ਅਤੇ ਖੇਤਰੀ ਘਟਨਾਵਾਂ ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਊਰਜਾ ਸੁਰੱਖਿਆ ’ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਮੀਟਿੰਗ ਦੌਰਾਨ ਮੱਧ ਪੂਰਬ ਦੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਖੇਤਰੀ ਤੇ ਕੌਮਾਂਤਰੀ ਸੁਰੱਖਿਆ ਅਤੇ ਸਥਿਰਤਾ ’ਤੇ ਪੈਣ ਵਾਲੇ ਅਸਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਯੂ ਏ ਈ ’ਚ ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਕਿਹਾ ਕਿ ਡੋਵਾਲ ਨੇ ਯੂ ਏ ਈ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ ਅਤੇ ਦੁਵੱਲੇ ਸਬੰਧ ਗੂੜ੍ਹੇ ਕਰਨ, ਖੇਤਰੀ ਸੁਰੱਖਿਆ ਹਾਲਾਤ ਅਤੇ ਆਪਸੀ ਹਿੱਤਾਂ ਦੇ ਹੋਰ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਯੂ ਏ ਈ ਦੀ ਸਰਕਾਰੀ ਖ਼ਬਰ ਏਜੰਸੀ ਡਬਲਿਊ ਏ ਐੱਮ ਨੇ ਕਿਹਾ ਕਿ ਰਾਸ਼ਟਰਪਤੀ ਨੇ ਵੀ ਆਪਣੀਆਂ ਸ਼ੁਭਕਾਮਨਾਵਾਂ ਭੇਜਦਿਆਂ ਭਾਰਤ ਦੇ ਲੋਕਾਂ ਦੇ ਵਿਕਾਸ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ। ਦੋਵੇਂ ਮੁਲਕਾਂ ਵਿਚਾਲੇ ਬੀਤੇ ਇਕ ਮਹੀਨੇ ’ਚ ਇਹ ਦੂਜੀ ਉੱਚ ਪੱਧਰੀ ਮੀਟਿੰਗ ਸੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਦੋ ਮੁਲਕਾਂ ਦੇ ਦੌਰੇ ਦੌਰਾਨ ਯੂ ਏ ਈ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ।

