ਅਜੈ ਬਾਂਗਾ ਨੇ ਲਹਿੰਦੇ ਪੰਜਾਬ ’ਚ ਪੁਸ਼ਤੈਨੀ ਘਰ ਵੇਖਿਆ
ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬਾਂਗਾ ਅੱਜ ਲਹਿੰਦੇ ਪੰਜਾਬ ਵਿੱਚ ਸਥਿਤ ਆਪਣੇ ਪੁਸ਼ਤੈਨੀ ਘਰ ਪਹੁੰਚੇ ਅਤੇ ਇੱਕ ਗੁਰਦੁਆਰੇ ਵਿੱਚ ਮੱਥਾ ਟੇਕਿਆ। ਪਾਕਿਸਤਾਨ ਦੇ ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਕਰਨ ਵਾਲੇ ‘ਔਕਾਫ ਟਰੱਸਟ ਪ੍ਰਾਪਰਟੀ ਬੋਰਡ’ (ਈ ਟੀ ਪੀ ਬੀ) ਮੁਤਾਬਕ,...
ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬਾਂਗਾ ਅੱਜ ਲਹਿੰਦੇ ਪੰਜਾਬ ਵਿੱਚ ਸਥਿਤ ਆਪਣੇ ਪੁਸ਼ਤੈਨੀ ਘਰ ਪਹੁੰਚੇ ਅਤੇ ਇੱਕ ਗੁਰਦੁਆਰੇ ਵਿੱਚ ਮੱਥਾ ਟੇਕਿਆ। ਪਾਕਿਸਤਾਨ ਦੇ ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਕਰਨ ਵਾਲੇ ‘ਔਕਾਫ ਟਰੱਸਟ ਪ੍ਰਾਪਰਟੀ ਬੋਰਡ’ (ਈ ਟੀ ਪੀ ਬੀ) ਮੁਤਾਬਕ, ਭਾਰਤੀ ਮੂਲ ਦੇ ਅਮਰੀਕੀ ਨਾਗਰਿਕ 66 ਸਾਲਾ ਬਾਂਗਾ ਆਪਣੇ ਪੁਰਖਿਆਂ ਦਾ ਘਰ ਦੇਖਣ ਲਈ ਲਾਹੌਰ ਤੋਂ ਲਗਪਗ 250 ਕਿਲੋਮੀਟਰ ਦੂਰ ਖ਼ੁਸ਼ਾਬ ਗਏ ਸਨ। ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਨਿਵਾਸ ਨਾਲ ਸਬੰਧਤ ਮਾਲੀਆ ਰਿਕਾਰਡ ਵੀ ਦੇਖਿਆ। ਇਸ ਦੌਰੇ ਦੌਰਾਨ ਬਾਂਗਾ ਨੇ ਗੁਰਦੁਆਰਾ ਸਿੰਘ ਸਭਾ ਖੁਸ਼ਾਬ ਵਿਖੇ ਮੱਥਾ ਟੇਕਿਆ ਅਤੇ ਤਸਵੀਰਾਂ ਖਿੱਚਵਾਈਆਂ। ਬਾਂਗਾ ਨੇ ਗੁਰਦੁਆਰੇ ਵਿੱਚ ਕੀਤੇ ਗਏ ਵਿਕਾਸ ਅਤੇ ਪ੍ਰਸ਼ਾਸਕੀ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਈ ਟੀ ਪੀ ਬੀ ਦੇ ਵਧੀਕ ਸਕੱਤਰ (ਮਕਾਨ) ਨਾਸਿਰ ਮੁਸ਼ਤਾਕ ਨੇ ਉਨ੍ਹਾਂ ਨੂੰ ਸਿੱਖ ਧਾਰਮਿਕ ਵਿਰਾਸਤ ਦੀ ਸਾਂਭ-ਸੰਭਾਲ ਅਤੇ ਦੇਸ਼ ਭਰ ਵਿੱਚ ਸਿੱਖ ਸ਼ਰਧਾਲੂਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਬਾਂਗਾ ਪਾਕਿਸਤਾਨ ਦੇ ਚਾਰ ਰੋਜ਼ਾ ਉੱਚ ਪੱਧਰੀ ਦੌਰੇ ’ਤੇ ਹਨ, ਜੋ ਬੁੱਧਵਾਰ ਨੂੰ ਖ਼ਤਮ ਹੋਵੇਗਾ।

