Airport parking fees: ਮੁੱਖ ਹਵਾਈ ਅੱਡਿਆਂ ’ਤੇ ਲੈਂਡਿੰਗ ਅਤੇ ਪਾਰਕਿੰਗ ਫੀਸ ਦੀ ਛੋਟ ਖ਼ਤਮ ਹੋਣ ਦੇ ਆਸਾਰ
ਜਹਾਜ਼ ਕੰਪਨੀਆਂ ਨੂੰ ਅਦਾ ਕਰਨੇ ਪੈਣਗੇ ਹੋਰ ਪੈਸੇ
ਹਵਾਈ ਅੱਡਿਆਂ ਦੇ ਟੈਰਿਫ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਏਅਰਪੋਰਟਸ ਇਕਨਾਮਿਕ ਰੈਗੂਲੇਟਰੀ ਅਥਾਰਟੀ' (AERA) ਵੱਲੋਂ ਦੇਸ਼ ਦੇ ਵੱਡੇ ਹਵਾਈ ਅੱਡਿਆਂ 'ਤੇ ਘਰੇਲੂ ਉਡਾਣਾਂ ਲਈ ਲੈਂਡਿੰਗ ਅਤੇ ਪਾਰਕਿੰਗ ਫੀਸਾਂ ਵਿੱਚ ਦਿੱਤੀ ਗਈ 25 ਫੀਸਦੀ ਦੀ ਛੋਟ ਨੂੰ ਅੱਗੇ ਵਧਾਉਣ ਦੀ ਉਮੀਦ ਬਹੁਤ ਘੱਟ ਹੈ।
ਜਾਣਕਾਰੀ ਅਨੁਸਾਰ ਇਸ ਸਬੰਧੀ ਮਿਆਦ ਵਧਾਉਣ ਦਾ ਕੋਈ ਨਵਾਂ ਹੁਕਮ ਜਾਰੀ ਨਹੀਂ ਹੋਇਆ ਹੈ। ਪੱਛਮੀ ਏਸ਼ੀਆ ਦੇ ਸੰਕਟ ਕਾਰਨ ਹਵਾਈ ਜਹਾਜ਼ ਕੰਪਨੀਆਂ ਨੂੰ ਆ ਰਹੀਆਂ ਵਿੱਤੀ ਮੁਸ਼ਕਲਾਂ ਨੂੰ ਦੇਖਦੇ ਹੋਏ ਮੰਤਰਾਲੇ ਦੇ ਨਿਰਦੇਸ਼ਾਂ 'ਤੇ 7 ਅਪਰੈਲ ਨੂੰ ਇਹ ਤਿੰਨ ਮਹੀਨਿਆਂ ਦੀ ਰਾਹਤ ਸ਼ੁਰੂ ਕੀਤੀ ਗਈ ਸੀ। ਸੂਤਰਾਂ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਹਵਾਈ ਅੱਡਾ ਸੰਚਾਲਕਾਂ ਨੂੰ ਇਸ ਰਾਹਤ ਦੀ ਮਿਆਦ ਵਧਾਉਣ ਬਾਰੇ ਕੋਈ ਨਵਾਂ ਆਦੇਸ਼ ਨਹੀਂ ਮਿਲਿਆ ਹੈ, ਜਿਸ ਕਾਰਨ ਇਹ ਛੋਟ ਹੁਣ ਆਪਣੇ ਆਪ ਹੀ ਖ਼ਤਮ ਹੋ ਗਈ ਹੈ ਹਾਲਾਂਕਿ ਇਸ ਮੁੱਦੇ 'ਤੇ ਅਜੇ ਤੱਕ ਮੰਤਰਾਲੇ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।
AERA ਨੇ 7 ਅਪ੍ਰੈਲ ਨੂੰ ਜਾਰੀ ਕੀਤੇ ਆਪਣੇ ਹੁਕਮਾਂ ਵਿੱਚ ਕਿਹਾ ਸੀ ਕਿ ਸਾਰੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਲੈਂਡਿੰਗ ਅਤੇ ਪਾਰਕਿੰਗ ਚਾਰਜਿਜ਼ ਵਿੱਚ ਮੌਜੂਦਾ ਦਰਾਂ ਤੋਂ 25 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਇਹ ਕਟੌਤੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਸੀ ਅਤੇ ਇਸ ਨੂੰ ਸਿਰਫ਼ ਤਿੰਨ ਮਹੀਨਿਆਂ ਦੀ ਮਿਆਦ ਲਈ ਸਾਰੀਆਂ ਘਰੇਲੂ ਉਡਾਣਾਂ 'ਤੇ ਲਾਗੂ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਅਥਾਰਟੀ ਨੇ ਉਸ ਸਮੇਂ ਦੱਸਿਆ ਸੀ ਕਿ ਸਰਕਾਰ ਵੱਲੋਂ ਦੇਸ਼ ਅਤੇ ਉਦਯੋਗ ਦੇ ਹਿੱਤ ਵਿੱਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਸ ਰਾਹਤ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਸੀ।
ਪਿਛਲੇ ਮਹੀਨੇ ਪ੍ਰਾਈਵੇਟ ਹਵਾਈ ਅੱਡਿਆਂ ਦੀ ਐਸੋਸੀਏਸ਼ਨ (APAO) ਨੇ ਮੰਤਰਾਲੇ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਨੇ ਮੰਤਰਾਲੇ ਨੂੰ ਅਪੀਲ ਕੀਤੀ ਸੀ ਕਿ ਤਿੰਨ ਮਹੀਨਿਆਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਘਰੇਲੂ ਉਡਾਣਾਂ ਲਈ ਲੈਂਡਿੰਗ ਅਤੇ ਪਾਰਕਿੰਗ ਫੀਸਾਂ ਵਿੱਚ ਦਿੱਤੀ ਗਈ ਇਸ ਛੋਟ ਨੂੰ ਹੋਰ ਅੱਗੇ ਨਾ ਵਧਾਇਆ ਜਾਵੇ ਅਤੇ ਤੁਰੰਤ ਬੰਦ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਇਹ ਮੰਗ ਵੀ ਰੱਖੀ ਹੈ ਕਿ ਹਵਾਈ ਅੱਡਾ ਸੰਚਾਲਕਾਂ ਨੂੰ ਇਸ ਸਮੇਂ ਦੌਰਾਨ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਲਈ ਜਹਾਜ਼ ਕੰਪਨੀਆਂ ਕੋਲੋਂ ਬਾਕੀ ਰਹਿੰਦੀ ਪੂਰੀ ਫੀਸ ਵਸੂਲਣ ਦੀ ਇਜਾਜ਼ਤ ਦਿੱਤੀ ਜਾਵੇ।
