Air India ਦੀ Phuket ਉਡਾਣ 5 ਮਿੰਟ ਲਈ ਹਵਾ ਵਿੱਚ ਡਗਮਗਾਈ; ਅਮਲੇ ਨੂੰ ਰੀੜ੍ਹ ਦੀ ਹੱਡੀ ਅਤੇ ਗਰਦਨ ਵਿੱਚ ਸੱਟਾਂ ਲੱਗੀਆਂ
ਡੀ ਜੀ ਸੀ ਏ ਘਟਨਾ ਦੀ ਕਰ ਰਿਹਾ ਜਾਂਚ
ਸਿਵਲ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਦੇ ਅਨੁਸਾਰ, ਮੰਗਲਵਾਰ ਨੂੰ ਫ਼ੁਕੇਤ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫ਼ਲਾਈਟ ਨੂੰ ਚਾਰ ਤੋਂ ਪੰਜ ਮਿੰਟ ਤੱਕ ਹਵਾ ਦੇ ਤੇਜ਼ ਝਟਕਿਆਂ (ਟਰਬੁਲੈਂਸ) ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਕੂਰ ਦੇ ਮੈਂਬਰਾਂ ਨੂੰ ਰੀੜ੍ਹ ਦੀ ਹੱਡੀ ਅਤੇ ਗਰਦਨ ਵਿੱਚ ਸੱਟਾਂ ਲੱਗੀਆਂ।
ਅਸਮਾਨ ਵਿੱਚ ਫਲਾਈਟ ਦੇ ਡਗਮਗਾਉਣ ਕਾਰਨ ਚਾਰ ਕੇਬਿਨ ਕਰੂ ਮੈਂਬਰਾਂ ਸਮੇਤ ਘੱਟੋ-ਘੱਟ 17 ਲੋਕ ਜ਼ਖਮੀ ਹੋ ਗਏ ਅਤੇ ਜਹਾਜ਼ ਅਚਾਨਕ 300 ਫੁੱਟ ਹੇਠਾਂ ਆ ਗਿਆ।
ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ ਜੀ ਸੀ ਏ) ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।
ਰਾਜਧਾਨੀ ਵਿੱਚ ਬੁੱਧਵਾਰ ਨੂੰ ਇੱਕ ਬ੍ਰੀਫਿੰਗ ਦੌਰਾਨ, ਨਾਇਡੂ ਨੇ ਕਿਹਾ ਕਿ ਜਹਾਜ਼ ਨੂੰ ਅਸਮਾਨ ਵਿੱਚ ਪੰਜ ਮਿੰਟ ਤੱਕ ਟਰਬੁਲੈਂਸ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਕਿਹਾ, "ਅਜੇ ਜਹਾਜ਼ ਨੂੰ ਇੱਕ ਘੰਟਾ ਹੋਰ ਉਡਾਣ ਭਰਨੀ ਸੀ ਅਤੇ ਉਸ ਇੱਕ ਘੰਟੇ ਦੌਰਾਨ ਵੀ ਅਮਲੇ ਦੇ ਮੈਂਬਰਾਂ ਨੇ ਲੋੜੀਂਦੀ ਸਾਰੀ ਸਹਾਇਤਾ ਪ੍ਰਦਾਨ ਕੀਤੀ। ਇਹ ਬਹੁਤ ਬਹਾਦਰੀ ਵਾਲਾ ਸੀ... ਮੈਂ ਉਨ੍ਹਾਂ ਦੁਆਰਾ ਦਿਖਾਈ ਗਈ ਬਹਾਦਰੀ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।”
ਸੱਟਾਂ ਦੀ ਗੰਭੀਰਤਾ ਬਾਰੇ ਪੁੱਛੇ ਜਾਣ 'ਤੇ ਮੰਤਰੀ ਨੇ ਦੱਸਿਆ ਕਿ ਕਰੂ ਦੇ ਕੁਝ ਮੈਂਬਰਾਂ ਨੂੰ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਅਤੇ ਗਰਦਨ ਕੋਲ ਸੱਟਾਂ ਲੱਗੀਆਂ ਹਨ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਜਹਾਜ਼ ਵਿੱਚ 137 ਯਾਤਰੀ ਅਤੇ ਅੱਠ ਕਰੂ ਮੈਂਬਰ ਸਵਾਰ ਸਨ। ਮੰਗਲਵਾਰ ਨੂੰ ਕੁੱਲ 13 ਯਾਤਰੀਆਂ ਅਤੇ ਚਾਰ ਅਮਲੇ ਦੇ ਮੈਂਬਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਏਅਰਪੋਰਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, “5 ਅਗਸਤ ਨੂੰ ਦੁਪਹਿਰ 3:30 ਵਜੇ ਤੱਕ, 4 ਅਗਸਤ ਨੂੰ ਫ਼ੁਕੇਤ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫ਼ਲਾਈਟ AI2379 ਨਾਲ ਜੁੜੀ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਸਾਰੇ 13 ਯਾਤਰੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।”
ਏਅਰਪੋਰਟ ਨੇ ਕਿਹਾ, “ਅਮਲੇ ਦੇ ਚਾਰ ਮੈਂਬਰ ਡਾਕਟਰੀ ਦੇਖਭਾਲ ਅਧੀਨ ਹਨ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।”

