Air India ਨੇ Customer Services ਲਈ AI ਦੀ ਵਰਤੋਂ ਵਧਾਈ
ਈ-ਮੇਲ ਦਾ ਜਵਾਬ ਦੇਣ ਅਤੇ ਟਿਕਟਾਂ ’ਤੇ ਨਾਮ ਬਦਲਣ ਦੀ ਪ੍ਰਕਿਰਿਆ ਹੋਵੇਗੀ ਤੇਜ਼
ਏਅਰ ਇੰਡੀਆ ਨੇ ਆਪਣੇ ਗਾਹਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਸੇਲਜ਼ਫੋਰਸ ਕੰਪਨੀ ਦੇ ਮਸਨੂਈ ਬੌਧਿਕਤਾ (ਏ ਆਈ) ਪਲੈਟਫਾਰਮ ‘ਏਜੰਟਫੋਰਸ’ ਦੀ ਵਰਤੋਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਕਨੀਕ ਦੀ ਮਦਦ ਨਾਲ ਈ-ਮੇਲ ਦਾ ਜਵਾਬ ਦੇਣ ਅਤੇ ਟਿਕਟਾਂ ’ਤੇ ਨਾਮ ਬਦਲਣ ਵਰਗੀਆਂ ਸੇਵਾਵਾਂ ਤੇਜ਼ ਅਤੇ ਸੌਖੀਆ ਹੋ ਜਾਣਗੀਆਂ। ਸੇਲਜ਼ਫੋਰਸ ਅਨੁਸਾਰ ਏਅਰ ਇੰਡੀਆ ਇਸ ਵੇਲੇ 30 ਤੋਂ ਵੱਧ ਏ ਆਈ ਪ੍ਰਾਜੈਕਟਾਂ ’ਤੇ ਕੰਮ ਕਰ ਰਹੀ ਹੈ। ਨਵੀਂ ਪ੍ਰਣਾਲੀ ਤਹਿਤ ਜਦੋਂ ਕੋਈ ਗਾਹਕ ਈ-ਮੇਲ ਰਾਹੀਂ ਸਵਾਲ ਪੁੱਛੇਗਾ ਤਾਂ ਏ ਆਈ ਸਿਸਟਮ 95 ਫ਼ੀਸਦੀ ਤੋਂ ਵੱਧ ਸਹੀ ਹੋਣ ’ਤੇ ਆਪਣੇ-ਆਪ ਢੁਕਵਾਂ ਜਵਾਬ ਭੇਜ ਦੇਵੇਗਾ। ਜਿੱਥੇ ਲੋੜ ਹੋਵੇਗੀ, ਉੱਥੇ ਕਰਮਚਾਰੀਆਂ ਦੀ ਮਦਦ ਵੀ ਲਈ ਜਾਵੇਗੀ। ਇਸ ਤੋਂ ਇਲਾਵਾ ਨਾਮ ਬਦਲਣ ਦੀ ਪ੍ਰਕਿਰਿਆ, ਟਿਕਟ ਜਾਰੀ ਕਰਨ ਅਤੇ ਗਾਹਕ ਨੂੰ ਭੇਜਣ ਦਾ ਕੰਮ ਵੀ ਏ ਆਈ ਰਾਹੀਂ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵੀ ਏਅਰਲਾਈਨ ਨੇ ਟਿਕਟ ਰੱਦ ਹੋਣ ਮਗਰੋਂ ਪੈਸੇ ਵਾਪਸ ਕਰਨ ਲਈ ਇਹ ਤਕਨੀਕ ਵਰਤੀ ਸੀ। ਇਸ ਸਦਕਾ 14 ਦਿਨਾਂ ਵਿੱਚ ਹੋਣ ਵਾਲਾ ਕੰਮ ਮਹਿਜ਼ ਚਾਰ ਘੰਟਿਆਂ ਵਿੱਚ ਹੋਣ ਲੱਗ ਪਿਆ ਸੀ, ਜਦਕਿ ਨਾਮ ਬਦਲਣ ਦਾ ਸਮਾਂ ਤਿੰਨ ਦਿਨਾਂ ਤੋਂ ਘਟ ਕੇ 30 ਮਿੰਟ ਰਹਿ ਗਿਆ ਸੀ। ਇਸ ਸਬੰਧੀ ਏਅਰ ਇੰਡੀਆ ਦੇ ਚੀਫ ਡਿਜੀਟਲ ਅਤੇ ਤਕਨਾਲੋਜੀ ਅਫਸਰ ਸੱਤਿਆ ਰਾਮਾਸਵਾਮੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਤਕਨੀਕ ਲਾਗੂ ਕਰਨਾ ਨਹੀਂ, ਸਗੋਂ ਗਾਹਕਾਂ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਹੱਲ ਕਰਨਾ ਹੈ।

