ਬੰਗਲੂਰੂ ਤੋਂ ਪੈਰਿਸ ਜਾ ਰਹੀ ਏਅਰ ਫਰਾਂਸ ਦੀ ਉਡਾਣ ਤੁਰਕਮੇਨਿਸਤਾਨ ਵੱਲ ਮੋੜੀ
ਜਹਾਜ਼ ਦੇ ਇਕ ਇੰਜਨ ’ਚ ਤਕਨੀਕੀ ਨੁਕਸ ਦਾ ਦਾਅਵਾ; 15 ਘੰਟੇ ਤੋਂ ਵੱਧ ਸਮੇਂ ਤੱਕ ਫਸੇ ਰਹੇ ਯਾਤਰੀ
ਏਅਰ ਫਰਾਂਸ ਦੇ ਬੰਗਲੂਰੂ ਤੋਂ ਪੈਰਿਸ ਜਾ ਰਹੇ ਜਹਾਜ਼ ਨੂੰ ਅੱਜ ਵੱਡੇ ਤੜਕੇ ਇੰਜਨ ਵਿਚ ਕੁਝ ਖਰਾਬੀ ਕਰ ਕੇ ਤੁਰਕਮੇਨਿਸਤਾਨ ਵੱਲ ਮੋੜਨਾ ਪਿਆ। ਏਅਰਲਾਈਨ ਦੇ ਤਰਜਮਾਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਵਾਈ ਜਹਾਜ਼ ਸਥਾਨਕ ਸਮੇਂ ਮੁਤਾਬਕ ਤੜਕੇ 3:37 ਵਜੇ ਅਸ਼ਗਾਬਾਤ ਹਵਾਈ ਅੱਡੇ ’ਤੇ ਸੁਰੱਖਿਅਤ ਉੱਤਰ ਗਿਆ। ਯਾਤਰੀ ਤੁਰਕਮੇਨਿਸਤਾਨ ਹਵਾਈ ਅੱਡੇ ’ਤੇ 15 ਘੰਟੇ ਤੋਂ ਵੱਧ ਸਮੇਂ ਲਈ ਫਸੇ ਰਹੇ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ, ‘‘ਏਅਰ ਫ਼ਰਾਂਸ ਦੀ ਉਡਾਣ AF191A, ਜੋ 12 ਜਨਵਰੀ ਨੂੰ ਬੰਗਲੂਰੂ ਤੋਂ ਪੈਰਿਸ ਜਾ ਰਹੀ ਸੀ, ਨੂੰ ਏਅਰਕਰਾਫ਼ਟ ਦੇ ਦੋ ਇੰਜਨਾਂ ਵਿਚੋਂ ਇਕ ਵਿਚ ਤਕਨੀਕੀ ਨੁਕਸ ਕਰਕੇ ਅਸ਼ਗਾਬਾਤ ਹਵਾਈ ਅੱਡੇ ’ਤੇ ਡਾਇਵਰਟ ਕਰਨਾ ਪਿਆ।
ਫਲਾਈਟ ਟਰੈਕਿੰਗ ਵੈੈੱਬਸਾਈਟ Flightradar24.com ਉੱਤੇ ਉਪਲਬਧ ਜਾਣਕਾਰੀ ਮੁਤਾਬਕ ਬੋਇੰਗ 777 ਜਹਾਜ਼ ਨੇ ਬੰਗਲੂਰੂ ਤੋਂ ਸਥਾਨਕ ਸਮੇਂ ਮੁਤਾਬਕ ਰਾਤ 11:22 ਵਜੇ ਉਡਾਣ ਭਰੀ ਸੀ। ਏਅਰ ਫਰਾਂਸ ਨੇ ਇਕ ਬਿਆਨ ਵਿਚ ਕਿਹਾ ਕਿ ‘ਇੱਕ ਵਿਸ਼ੇਸ਼ ਉਡਾਣ, AF386V, ਇਸ ਵੇਲੇ ਅਸ਼ਗਾਬਾਤ ਜਾ ਰਹੀ ਹੈ। ਇਹ ਅੱਜ ਦੇਰ ਨਾਲ ਪੈਰਿਸ ਲਈ ਰਵਾਨਾ ਹੋਵੇਗੀ, ਜਿਸਦੀ ਆਮਦ 14 ਜਨਵਰੀ, 2026 ਨੂੰ ਸਵੇਰੇ 02.40 ਵਜੇ (ਸਥਾਨਕ ਸਮੇਂ ਅਨੁਸਾਰ) ਅਨੁਮਾਨਤ ਹੈ। ਇਹ ਸਮਾਂ ਬਦਲ ਵੀ ਸਕਦਾ ਹੈ।’’
ਉਡਾਣ ਵਿਚ ਯਾਤਰੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਸੀ। ਤੁਰਕਮੇਨਿਸਤਾਨ ਦੀ ਟਾਈਮ ਜ਼ੋਨ ਭਾਰਤ ਨਾਲੋਂ ਅੱਧਾ ਘੰਟੇ ਪਿੱਛੇ ਹੈ।

