ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ ਬੇਨਤੀ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਮਗਰੋਂ ਹੋਰ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ, 23 ਸਤੰਬਰ

ਵਿਰੋਧੀ ਧਿਰਾਂ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਬੇਨਤੀ ਕੀਤੀ ਹੈ ਕਿ ਉਹ ਵਿਵਾਦਾਂ ਵਿਚ ਘਿਰੇ ਖੇਤੀ ਬਿੱਲਾਂ ਲਈ ਆਪਣੀ ਸਹਿਮਤੀ ਨਾ ਦੇਣ। ਉਨ੍ਹਾਂ ਨਾਲ ਹੀ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਕਿ ਰਾਜ ਸਭਾ ਵਿਚ ਜਿਸ ਤਰ੍ਹਾਂ ਬਿੱਲ ਪਾਸ ਕੀਤੇ ਗਏ ਹਨ, ਉਹ ‘ਗ਼ੈਰ ਸੰਵਿਧਾਨਕ’ ਤਰੀਕਾ ਹੈ। ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੂੰ ਸਾਰੀਆਂ ਧਿਰਾਂ ਨਾਲ ਤਾਲਮੇਲ ਕਰਨਾ ਚਾਹੀਦਾ ਸੀ। ਖੇਤੀ ਬਿੱਲ ਲਿਆਉਣ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਵੀ ਸਹਿਮਤੀ ਲੈਣੀ ਚਾਹੀਦੀ ਸੀ। ਵਿਰੋਧੀ ਧਿਰ ਦੇ ਆਗੂ ਨੇ 18 ਪਾਰਟੀਆਂ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਆਜ਼ਾਦ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਬਿੱਲਾਂ ਉਤੇ ਦਸਤਖ਼ਤ ਉਦੋਂ ਹੀ ਕਰਨ ਜਦ ਇਨ੍ਹਾਂ ਨੂੰ ਢੁੱਕਵੇਂ ਨੇਮਾਂ ਤੇ ਪ੍ਰਕਿਰਿਆ ਤਹਿਤ ਪਾਸ ਕੀਤਾ ਜਾਵੇ। ਉਨ੍ਹਾਂ ਰਾਸ਼ਟਰਪਤੀ ਨੂੰ ਦੱਸਿਆ ਕਿ ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋਂ ਪਾਏ ਗਏ ਪੰਜ ਮਤਿਆਂ ਉਤੇ ਚਰਚਾ ਤੋਂ ਬਿਨਾਂ ਬਿੱਲ ਪਾਸ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਬਿੱਲ ਸੰਸਦ ਦੀ ਸਥਾਈ ਕਮੇਟੀ ਨੂੰ ਭੇਜਣ ਦੀ ਮੰਗ ਦੀ ਵੀ ਅਣਦੇਖੀ ਕੀਤੀ ਗਈ। ਆਜ਼ਾਦ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਧੀਰਜ ਨਾਲ ਸੁਣ ਕੇ ਭਰੋਸਾ ਦਿੱਤਾ ਹੈ ਕਿ ਉਹ ਇਸ ਮੁੱਦੇ ’ਤੇ ਗੌਰ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਸਭਾ ਵਿਚ ਗਿਣਤੀ ਵਿਰੋਧੀ ਧਿਰਾਂ ਦੀ ਵੱਧ ਹੈ, ਪਰ ਅਫ਼ਸੋਸ ਕਿ ਡਿਪਟੀ ਚੇਅਰਮੈਨ ਨੇ ਬਿਨਾਂ ਸੁਣੇ ਬਿੱਲ ਪਾਸ ਕਰ ਦਿੱਤੇ। ਆਜ਼ਾਦ ਨੇ ਕਿਹਾ ਕਿ ਹੰਗਾਮੇ ਲਈ ਵਿਰੋਧੀ ਧਿਰ ਨਹੀਂ, ਸਰਕਾਰ ਜ਼ਿੰਮੇਵਾਰ ਹੈ। ਆਜ਼ਾਦ ਨੇ ਕਿਹਾ ‘ਸੰਵਿਧਾਨ ਕਮਜ਼ੋਰ ਕੀਤਾ ਗਿਆ ਹੈ...ਅਸੀਂ ਰਾਸ਼ਟਰਪਤੀ ਨੂੰ ਦੱਸਿਆ ਹੈ ਕਿ ਖੇਤੀ ਬਿੱਲ ਗ਼ੈਰ ਸੰਵਿਧਾਨਕ ਢੰਗ ਨਾਲ ਪਾਸ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਇਹ ਮੋੜ ਦੇਣੇ ਚਾਹੀਦੇ ਹਨ।’ ਜ਼ਿਕਰਯੋਗ ਹੈ ਕਿ ਦੋਵਾਂ ਸਦਨਾਂ ਵੱਲੋਂ ਪਾਸ ਕੀਤੇ ਗਏ ਬਿੱਲ ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਉਡੀਕ ਰਹੇ ਹਨ। ਰਾਜ ਸਭਾ ਵਿਚ ਐਤਵਾਰ ਨੂੰ ਤਿੰਨ ਵਿਚੋਂ ਦੋ ਬਿੱਲ ਪਾਸ ਕੀਤੇ ਜਾਣ ਮੌਕੇ ਕਾਫ਼ੀ ਹੰਗਾਮਾ ਹੋਇਆ ਸੀ ਤੇ ਮਗਰੋਂ ਅੱਠ ਰਾਜ ਸਭਾ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਸੀ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਮਿਲਣ ਲਈ ਸ਼ਾਮ ਪੰਜ ਵਜੇ ਦਾ ਸਮਾਂ ਦਿੱਤਾ ਹੈ। ਖੇਤੀ ਬਿੱਲਾਂ ਤੇ ਅੱਠ ਸੰਸਦ ਮੈਂਬਰਾਂ ਦੀ ਮੁਅੱਤਲੀ ਬਾਰੇ ਉਹ ਰਾਸ਼ਟਰਪਤੀ ਨੂੰ ਜਾਣੂ ਕਰਵਾ ਕੇ ਆਪਣਾ ਪੱਖ ਰੱਖਣਗੇ। ਕਰੀਬ 16 ਵਿਰੋਧੀ ਪਾਰਟੀਆਂ ਨੇ ਇਨ੍ਹਾਂ ਮੁੱਦਿਆਂ ’ਤੇ ਰਾਸ਼ਟਰਪਤੀ ਨੂੰ ਮੈਮੋਰੰਡਮ ਵੀ ਦਿੱਤਾ ਸੀ। ਕੋਵਿਡ-19 ਕਾਰਨ ਪਹਿਲਾਂ ਫ਼ੈਸਲਾ ਲਿਆ ਗਿਆ ਸੀ ਕਿ ਵਿਰੋਧੀ ਧਿਰਾਂ- ਕਾਂਗਰਸ, ਟੀਐਮਸੀ, ਐੱਸਪੀ, ਟੀਆਰਐੱਸ ਤੇ ਡੀਐਮਕੇ ਦੇ ਸਿਰਫ਼ ਪੰਜ ਨੁਮਾਇੰਦੇ ਮੀਟਿੰਗ ਵਿਚ ਹਿੱਸਾ ਲੈਣਗੇ। ਇਹ ਫ਼ੈਸਲਾ ਸੰਸਦ ਵਿਚ ਪਾਰਟੀ ਮੈਂਬਰਾਂ ਦੀ ਮੌਜੂਦਗੀ ਦੇ ਅਧਾਰ ਉਤੇ ਲਿਆ ਗਿਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All