
ਭਾਰਤ ਦੇ ਸੂਰਿਆਕੁਮਾਰ ਯਾਦਵ ਨੂੰ ਆਊਟ ਕਰਨ ਮਗਰੋਂ ਖੁਸ਼ੀ ਸਾਂਝੀ ਕਰਦੇ ਹੋਏ ਆਸਟਰੇਲਿਆਈ ਖਿਡਾਰੀ। -ਫੋਟੋ: ਪੀਟੀਆਈ
ਵਿਸ਼ਾਖਾਪਟਨਮ, 19 ਮਾਰਚ
ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ਾਂ ਟਰੈਵਿਸ ਹੈੱਡ ਅਤੇ ਮਿਸ਼ੇਲ ਮਾਰਸ਼ ਦੇ ਨਾਬਾਦ ਅਰਧ ਸੈਂਕੜਿਆਂ ਸਦਕਾ ਅੱਜ ਇੱਥੇ ਦੂਜੇ ਇੱਕ ਦਿਨਾਂ ਮੈਚ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ ਜਿੱਤ ਲਈ ਮਿਲਿਆ 118 ਦੌੜਾਂ ਦਾ ਟੀਚਾ ਸਿਰਫ਼ 11 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਆਟਰੇਲੀਆ ਵੱਲੋਂ ਟਰੈਵਿਸ ਹੈੱਡ ਨੇ 51 ਅਤੇ ਮਿਸ਼ੇਲ ਮਾਰਸ਼ ਨੇ 66 ਦੌੜਾਂ ਬਣਾਈਆਂ। ਇਸ ਜਿੱਤ ਨਾਲ ਮਹਿਮਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-1 ਬਰਾਬਰੀ ਕਰ ਲਈ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਆਸਟਰੇਲੀਆ ਖ਼ਿਲਾਫ਼ ਦੂਜੇ ਇੱਕ ਦਿਨਾ ਮੈਚ ਵਿੱਚ ਸਿਰਫ 26 ਓਵਰਾਂ ਵਿੱਚ 117 ਦੌੜਾਂ ’ਤੇ ਆਊਟ ਹੋ ਗਈ। ਭਾਰਤੀ ਬੱਲੇਬਾਜ਼ ਵਿਰੋਧੀ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਏ ਅਤੇ ਸਿਰਫ ਬੱਲੇਬਾਜ਼ ਹੀ ਦਹਾਈ ਦਾ ਅੰਕੜਾ ਛੂਹ ਸਕੇ ਜਦਕਿ ਚਾਰ ਬੱਲੇਬਾਜ਼ ਖਾਤਾ ਖੋਲ੍ਹਣ ’ਚ ਵੀ ਅਸਫਲ ਰਹੇ। ਭਾਰਤ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ ਜਦਕਿ ਅਕਸ਼ਰ ਪਟੇਲ ਨੇ 24, ਰਵਿੰਦਰ ਜਡੇਜਾ ਨੇ 16 ਅਤੇ ਕਪਤਾਨ ਰੋਹਿਤ ਸ਼ਰਮਾ ਨੇ 13 ਦੌੜਾਂ ਬਣਾਈਆਂ। ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਮੁਹੰਮਦ ਸ਼ੰਮੀ ਅਤੇ ਮੁਹੰਮਦ ਸਿਰਾਜ ਬਿਨਾਂ ਕੋਈ ਦੌੜ ਬਣਾਏ ਪਵੈਲੀਅਨ ਪਰਤੇੇ। ਆਸਟਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ ਸਭ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਜਦਕਿ ਸੀਨ ਅਬੌਟ ਨੂੰ 3 ਅਤੇ ਨਾਥਨ ਐਲਿਸ ਨੂੰ 2 ਵਿਕਟਾਂ ਮਿਲੀਆਂ। ਇਸ ਤੋਂ ਪਹਿਲਾਂ ਅੱਜ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ