ਨਵੀਂ ਦਿੱਲੀ, 16 ਅਗਸਤ
ਅਫਗਾਨਿਸਤਾਨ ਵਿੱਚ ਜਾਰੀ ਸੰਕਟ ਦਰਮਿਆਨ ਭਾਰਤ ਨੇ ਅੱਜ ਕਿਹਾ ਕਿ ਉਹ ਸੁਰੱਖਿਆ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹ ਕਾਬੁਲ ਵਿੱਚ ਫਸੇ ਅਫਗਾਨ ਸਿੱਖਾਂ ਤੇ ਹਿੰਦੂ ਭਾਈਚਾਰੇ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੂੰ ਛੇਤੀ ਹੀ ਉਥੋਂ ਕੱਢ ਲਿਆ ਜਾਵੇਗਾ। ਭਾਰਤ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਬੀਤੇ ਕੁਝ ਦਿਨਾਂ ਤੋਂ ਸੁਰੱਖਿਆ ਹਾਲਾਤ ਲਗਾਤਾਰ ਵਿਗੜੇ ਰਹੇ ਹਨ। ਇਸ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਵਿੱਚ ਜਾਰੀ ਸੱਜਰੇ ਸੰਕਟ ਦਰਮਿਆਨ ਕਾਬੁਲ ਵਿੱਚ ਫਸੇ ਭਾਰਤੀਆਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਕੈਬਨਿਟ ਸਕੱਤਰ ਦੀ ਅਗਵਾਈ ਵਿੱਚ ਕੌਮੀ ਸੰਕਟ ਪ੍ਰਬੰਧਨ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਰਾਜੀਵ ਗਾਬਾ ਵੱਲੋਂ ਹਰ ਸੰਭਵ ਹੱਲ ’ਤੇ ਵਿਚਾਰ ਚਰਚਾ ਕੀਤੀ ਗਈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਮੀਟਿੰਗ ਵਿੱਚ ਵਿਦੇਸ਼ ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ। ਇਹ ਮੀਟਿੰਗ ਅਜਿਹੇ ਮੌਕੇ ਹੋ ਰਹੀ ਹੈ ਜਦੋਂ ਏਅਰ ਇੰਡੀਆ ਨੇ ਦਿੱਲੀ ਤੋਂ ਕਾਬੁਲ ਲਈ ਸਿੱਧੀ ਇਕੋ ਇਕ ਉਡਾਣ ਨੂੰ ਬੰਦ ਕਰ ਦਿੱਤਾ ਹੈ ਤੇ ਅਜੇ ਵੀ ਕਈ ਭਾਰਤੀ ਅਫ਼ਗ਼ਾਨਿਸਤਾਨ ਵਿੱਚ ਮੌਜੂਦ ਹਨ। ਉਂਜ ਅਜੇ ਇਹ ਸਾਫ਼ ਨਹੀਂ ਹੈ ਕਿ ਭਾਰਤ ਪਰਦੇ ਪਿਛਲੇ ਆਪਣੇ ਕਿਨ੍ਹਾਂ ਚੈਨਲਾਂ ਦੀ ਵਰਤੋਂ ਕਰਦਿਆਂ ਅਫ਼ਗਾਨਿਸਤਾਨ ਨਾਲ ਰਾਬਤਾ ਕਰਕੇ ਆਪਣੇ ਸਾਰੇ ਨਾਗਰਿਕਾਂ ਨੂੰ ਉਥੋਂ ਵਾਪਸ ਲਿਆਏਗਾ। ਰਿਪੋਰਟਾਂ ਮੁਤਾਬਕ ਕਾਬੁਲ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ‘ਵਿਸ਼ੇਸ਼ ਅਫਗਾਨਿਸਤਾਨ ਸੈਲ’ ਬਣਾਇਆ ਹੈ ਅਤੇ ਅਫਗਾਨਿਸਤਾਨ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਹੈਲਪਲਾਈਨ ਨੰਬਰ 9717785379 ਹੈ।
ਇਸ ਦੌਰਾਨ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਅਫ਼ਗ਼ਾਨਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਉਥੋਂ ਕੱਢਣ ਲਈ ‘ਲੋੜੀਂਦੇ ਯਤਨ’ ਨਹੀਂ ਕਰ ਰਹੀ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਨੇ ਐਤਵਾਰ ਨੂੰ ਇਹ ਗੱਲ ਕਹੀ ਸੀ ਕਿ ਉਹ ਸਾਰੇ ਭਾਰਤੀਆਂ ਨੂੰ ਉਥੋਂ ਨਹੀਂ ਕੱਢ ਸਕਦੀ ਤੇ ਹਰੇਕ ਨੂੰ ਵਾਪਸ ਆਉਣ ਲਈ ਪ੍ਰਬੰਧ ਕਰਨਾ ਹੋਵੇਗਾ। ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਕਾਬੁਲ ਵਿਚ ਫਸੇ ਭਾਰਤੀਆਂ ਨੂੰ ਉਨ੍ਹਾਂ ਦੀ ਹੋਣੀ ’ਤੇ ਕਿਵੇਂ ਛੱਡ ਸਕਦੀ ਹੈ।