ਨਵੀਂ ਦਿੱਲੀ: ‘ਆਪ’ ਸਰਕਾਰ ਨੇ ਅੱਜ ਕਿਹਾ ਕਿ ਉੱਪ ਰਾਜਪਾਲ ਅਨਿਲ ਬੈਜਲ ਨੇ ਕਿਸਾਨਾਂ ਦੇ ਅੰਦੋਲਨ ਨਾਲ ਸਬੰਧਤ ਕੇਸਾਂ ’ਚ ਪੈਰਵਾਈ ਲਈ ਦਿੱਲੀ ਕੈਬਨਿਟ ਵੱਲੋਂ ਆਪਣੀ ਮਰਜ਼ੀ ਨਾਲ ਵਕੀਲਾਂ ਦਾ ਪੈਨਲ ਨਿਯੁਕਤ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਦਿੱਲੀ ਦੇ ਉੱਪ ਮੁੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ’ਤੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਜੇਕਰ ਸਭ ਕੁਝ ‘ਕੇਂਦਰ ਵੱਲੋਂ ਐੱਲਜੀ ਰਾਹੀਂ’ ਹੀ ਕੀਤਾ ਜਾਣਾ ਹੈ ਤਾਂ ਇੱਕ ਚੁਣੀ ਹੋਈ ਸਰਕਾਰ ਦੀ ਕੀ ਲੋੜ ਹੈ। ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਸਿਸੋਦੀਆ ਨੇ ਕਿਹਾ ਕਿ ਉੱਪ ਰਾਜਪਾਲ ਨੇ ਸੰਵਿਧਾਨ ਤਹਿਤ ਮਿਲੀਆਂ ਆਪਣੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਮਾਮਲਾ ਰਾਸ਼ਟਰਪਤੀ ਕੋਲ ਭੇਜਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘ਇਸ ਤਰ੍ਹਾਂ ਕੈਬਨਿਟ ਦੇ ਫ਼ੈਸਲਿਆਂ ਨੂੰ ਬਦਲਿਆ ਜਾਣਾ ਦਿੱਲੀ ਦੇ ਲੋਕਾਂ ਦੀ ਤੌਹੀਨ ਹੈ।’ – ਪੀਟੀਆਈ