Rahul Amit Clash: ਵਿਦਿਆਰਥੀਆਂ ’ਤੇ ਹਮਲੇ ਦੀ ਜਵਾਬਦੇਹੀ ਤੈਅ ਹੋਵੇ: Rahul Gandhi
ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ’ਤੇ ‘ਬੇਰਹਿਮੀ ਨਾਲ ਡਾਂਗਾਂ ਵਰ੍ਹਾਉਣ’ ਦੇ ਮਾਮਲੇ ’ਚ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ਾਹ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਨੌਜਵਾਨਾਂ ਖ਼ਿਲਾਫ਼ ਪੈਲੇਟ ਗੰਨਾਂ ਸਣੇ ‘ਘਾਤਕ ਹਥਿਆਰ’ ਵਰਤਣ ਦੀ ਖੁੱਲ੍ਹ ਦਿੱਤੀ ਸੀ? ਉਨ੍ਹਾਂ ਕਿਹਾ ਕਿ ਦੇੇਸ਼ ਜਵਾਬ ਮੰਗਦਾ ਹੈ। ਸ਼ਾਂਤੀਪੂਰਨ ਪ੍ਰਦਰਸ਼ਨ ਕਿਸੇ ਵੀ ਜਮਹੂਰੀਅਤ ਲਈ ਅਹਿਮ ਹੈ ਅਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਦੋਲਨਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਏ ਤੇ ਗੱਲਬਾਤ ਜ਼ਰੀਏ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੱਢੇ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ 25 ਜੁਲਾਈ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਇਸ ਤਰ੍ਹਾਂ ਦੀ ਬੇਰਹਿਮ ਕਾਰਵਾਈ ਹਰੇਕ ਮਰਿਆਦਾ ਨੂੰ ਤਾਰ-ਤਾਰ ਕਰ ਦਿੰਦੀ ਹੈ ਅਤੇ ਇਸ ਨਾਲ ਪੂਰੇ ਦੇਸ਼ ’ਚ ਗੁੱਸਾ ਹੈ। ਸਾਡੇ ਦੇਸ਼ ਦਾ ਭਵਿੱਖ- ਨੌਜਵਾਨ ਤੇ ਵਿਦਿਆਰਥੀ, ਜਵਾਬਦੇਹੀ ਮੰਗ ਰਹੇ ਹਨ। ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਪਰ ਇਸ ਦੀ ਥਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਉੱਤੇ ਅੰਨ੍ਹੇਵਾਹ ਤਾਕਤ ਦੀ ਵਰਤੋਂ ਕੀਤੀ ਜਿਸ ਵਿੱਚ ਘਾਤਕ ਹਥਿਆਰ ਤੇ ਅੱਥਰੂ ਗੈਸ ਦਾ ਇਸਤੇਮਾਲ ਕੀਤਾ ਗਿਆ। ਸੈਂਕੜੇ ਗੰਭੀਰ ਜ਼ਖ਼ਮੀ ਹੋਏ। ਵਿਦਿਆਰਥਣਾਂ ਨਾਲ ਪੁਲੀਸ ਕਰਮੀਆਂ ਵੱਲੋਂ ਮਾਰਕੁੱਟ ਕੀਤੀ ਗਈ ਤੇ ਜਾਣਬੁਝ ਕੇ ਉਨ੍ਹਾਂ ਦੇ ਨਿੱਜੀ ਅੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦਿੱਲੀ ਵਿੱਚ ਤਾਇਨਾਤ ਸੁਰੱਖਿਆ ਬਲ ਆਖ਼ਰ ਨੂੰ ਤੁਹਾਨੂੰ ਜਵਾਬਦੇਹ ਹਨ। ਇਸ ਲਈ ਮੈਂ ਸਵਾਲ ਕਰਦਾ ਹਾਂ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ, ਕੀ ਤੁਸੀਂ ਪੈਲੇਟ ਗੰਨਾਂ ਸਣੇ ਹੋਰ ਘਾਤਕ ਹਥਿਆਰ ਵਿਦਿਆਰਥੀਆਂ ਖ਼ਿਲਾਫ਼ ਵਰਤਣ ਦੀ ਇਜਾਜ਼ਤ ਦਿੱਤੀ ਸੀ? ਜੇ ਨਹੀਂ ਤਾਂ ਫਿਰ ਇਸ ਦੀ ਪ੍ਰਵਾਨਗੀ ਕਿਸ ਨੇ ਦਿੱਤੀ?’’
ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਉੱਤੇ ਡਾਂਗਾ ਵਰ੍ਹਾਉਂਦੇ ਦਿਸ ਰਹੇ ਸਾਦੇ ਕੱਪੜਿਆਂ ਵਿੱਚ ਮੌਜੂਦ ਲੋਕ ਪੁਲੀਸ ਕਰਮੀ ਸਨ ਜਾਂ ਵਲੰਟੀਅਰ... ਤੇ ਉਨ੍ਹਾਂ ਦੀ ਤਾਇਨਾਤੀ ਦੀ ਪ੍ਰਵਾਨਗੀ ਕਿਸ ਨੇ ਦਿੱਤੀ। ਉਨ੍ਹਾਂ ਕਿਹਾ, ‘‘ਦੇਸ਼ ਜਵਾਬ ਮੰਗ ਰਿਹਾ ਹੈ।’’
ਰੈਪਿਡ ਐਕਸ਼ਨ ਫੋਰਸ ਵੱਲੋਂ ਪੈਲੇਟ ਗੰਨ ਦੀ ਵਰਤੋਂ ’ਤੇ ਪਾਬੰਦੀ
ਨਵੀਂ ਦਿੱਲੀ: ਰੈਪਿਡ ਐਕਸ਼ਨ ਫੋਰਸ (ਆਰ ਏ ਐਫ) ਨੇ ਪੈਲੇਟ ਗੰਨ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨਿਰਦੇਸ਼ ਕੌਮੀ ਰਾਜਧਾਨੀ ਦੇ ਜੰਤਰ ਮੰਤਰ ਵਿਚ ਕੌਕਰੇਚ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਨੀਟ ਪੇਪਰ ਲੀਕ ਪ੍ਰਦਰਸ਼ਨਾਂ ਦੌਰਾਨ ਫੋਰਸ ਦੇ ਨੇਮਾਂ ਦੀ ਸਮੀਖਿਆ ਕਰਨ ਸਮੇਂ ਜਾਰੀ ਕੀਤੇ ਗਏ। ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਆਰ ਏ ਐੱਫ ਜਵਾਨਾਂ ਦੇ ਲੋੜ ਤੋਂ ਵੱਧ ਤਾਕਤ ਵਰਤਣ ਅਤੇ ਖ਼ਾਸ ਕਰ ਕੇ ਪੈਲੇਟ ਗੰਨ ਦੀ ਵਰਤੋਂ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਰ ਏ ਐਫ ਦੀ ਆਈ ਜੀ ਸੀਮਾ ਧੁੰਦੀਆ ਨੇ ਹੁਕਮ ਦਿੱਤੇ ਕਿ ਅਗਲੇ ਹੁਕਮਾਂ ਤੱਕ ਪੈਲੇਟ ਗੰਨ, ਰੌਇਟ ਗੰਨ, ਇਲੈਕਟ੍ਰਿਕ ਸ਼ੌਕ ਡਿਵਾਈਸ ਅਤੇ ਇਲੈਕਟ੍ਰਿਕ ਸ਼ੀਲਡਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਵੱਡੀ ਕਾਰਵਾਈ ਬਾਰੇ ਫੋਰਸ ਦੇ ਨੇਮਾਂ ਦੀ ਸਮੀਖਿਆ ਕੀਤੀ ਗਈ। ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਅਰਧ-ਸੈਨਿਕ ਬਲ ਦੇ ਜਵਾਨਾਂ ਨੇ ਕਈ ਥਾਵਾਂ ’ਤੇ ਵਿਦਿਆਰਥੀਆਂ ’ਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਾਰਵਾਈ ਕੀਤੀ। ਸਮੀਖਿਆ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਹੁਣ ਤੋਂ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਵੇਲੇ ਆਰ ਏ ਐੱਫ ਵੱਲੋਂ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਪ੍ਰੋਟੋਕੋਲ ਅਨੁਸਾਰ ਹੋਵੇਗੀ।

