ਮੁੰਬਈ, 29 ਨਵੰਬਰ
ਮੁੱਖ ਅੰਸ਼
- ਇਜ਼ਰਾਇਲੀ ਕੌਂਸੁਲ ਜਨਰਲ ਨੇ ਫਿਲਮਸਾਜ਼ ਦੇ ਬਿਆਨ ਤੋਂ ਦੂਰੀ ਬਣਾਈ; ਦੋੋਸਤ ਤੇ ਅਦਾਕਾਰ ਅਨੁਪਮ ਖੇਰ ਤੋਂ ਮੁਆਫ਼ੀ ਮੰਗੀ
- ਰਾਜਦੂਤ ਗਿਲੋਨ ਨੇ ਟਿੱਪਣੀਆਂ ਨੂੰ ਭਾਰਤੀ ਸੱਦੇ ਦਾ ਅਪਮਾਨ ਦੱਸਿਆ
ਇਜ਼ਰਾਇਲੀ ਫਿਲਮਸਾਜ਼ ਨਦਵ ਲੈਪਿਡ ਵੱਲੋਂ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਬਾਰੇ ਕੀਤੀਆਂ ਟਿੱਪਣੀਆਂ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਗੋਆ ਵਿੱਚ 53ਵੇਂ ਭਾਰਤੀ ਕੌਮਾਂਤਰੀ ਫਿਲਮ ਮੇਲੇ ਦੀ ਜਿਊਰੀ ਦੇ ਮੁਖੀ ਲੈਪਿਡ ਨੇ ਸੋਮਵਾਰ ਨੂੰ ਹਿੰਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ‘ਕੂੜ ਪ੍ਰਚਾਰ’ ਅਤੇ ‘ਭੱਦੀ’ ਕਰਾਰ ਦਿੱਤਾ ਸੀ। ਲੈਪਿਡ ਨੇ ਕਿਹਾ ਸੀ ਕਿ ਉਹ ਇਸ ਨੂੰ ਫਿਲਮ ਮੇਲੇ ਵਿੱਚ ਵਿਖਾਏ ਜਾਣ ਤੋਂ ‘ਹੈਰਾਨ ਤੇ ਪ੍ਰੇਸ਼ਾਨ’ ਹਨ। ਉਧਰ ਇਜ਼ਰਾਈਲ ਦੇ ਕੌਂਸੁਲ ਜਨਰਲ ਕੋਬੀ ਸ਼ੋਸ਼ਾਨੀ ਨੇ ਲੈਪਿਡ ਦੇ ਇਸ ਬਿਆਨ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਚੱਲ ਰਹੀ ਚਰਚਾ ਨਾਲ ਭਾਰਤ ਤੇ ਇਜ਼ਰਾਈਲ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਉਧਰ ਇਜ਼ਰਾਈਲ ਦੇ ਭਾਰਤ ਵਿਚਲੇ ਰਾਜਦੂਤ ਨਾਓਰ ਗਿਲੋਨ ਨੇ ਕਿਹਾ ਕਿ ਲੈਪਿਡ ਨੇ ਭਾਰਤ ਵੱਲੋਂ ਦਿੱਤੇ ਗਏ ਸੱਦੇ ਦਾ ਅਪਮਾਨ ਕੀਤਾ ਹੈ ਤੇ ਉਹ ਅਜਿਹੇ ਬਿਆਨਾਂ ਦੀ ਨਿਖੇਧੀ ਕਰਦੇ ਹਨ। ਗਿਲੋਨ ਨੇ ਕਿਹਾ ਕਿ ਲੈਪਿਡ, ਜਿਨ੍ਹਾਂ ਨੂੰ ਸਰਕਾਰ ਵਿਰੋਧੀ ਫ਼ਿਲਮਸਾਜ਼ ਵਜੋਂ ਵੇਖਿਆ ਜਾਂਦਾ ਹੈ, ਨੂੰ ‘ਸ਼ਰਮ’ ਆਉਣੀ ਚਾਹੀਦੀ ਹੈ।
ਸ਼ੋਸ਼ਾਨੀ ਨੇ ਅਦਾਕਾਰ ਅਨੂਪਮ ਖੇਰ ਨਾਲ ਮੰਚ ਸਾਂਝਾ ਕਰਦੇ ਹੋਏ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਕੂੜ ਪ੍ਰਚਾਰ ਨਹੀਂ, ਬਲਕਿ ‘ਮਜ਼ਬੂਤ ਫ਼ਿਲਮ’ ਹੈ ਜਿਸ ਵਿੱਚ ਕਸ਼ਮੀਰੀ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਥਾਂ ਦਿੱਤੀ ਗਈ ਹੈ। ਫ਼ਿਲਮ ਦੀ ਸਟਾਰ ਕਾਸਟ ਵਿੱਚ ਸ਼ਾਮਲ ਰਹੇ ਖੇਰ ਨੇ ਇਜ਼ਰਾਇਲੀ ਰਾਜਦੂਤ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਲੈਪਿਡ ਵੱਲੋਂ ਫਿਲਮ ਨੂੰ ‘ਭੱਦੀ’ ਤੇ ‘ਕੂੜ ਪ੍ਰਚਾਰ’ ਦੱਸਣ ਨਾਲ ਛਿੜੇ ਵਿਵਾਦ ਨੇ ਭਾਰਤ ਤੇ ਇਜ਼ਰਾਇਲ ਨੂੰ ਹੋਰ ਨੇੜੇ ਲਿਆਂਦਾ ਹੈ। ਇਜ਼ਰਾਇਲੀ ਫਿਲਮਸਾਜ਼ ਨੇ ਗੋਆ ਵਿੱਚ 51ਵੇਂ ਭਾਰਤੀ ਕੌਮਾਂਤਰੀ ਫਿਲਮ ਮੇਲੇ(ਆਈਐੱਫਐੱਫਆਈ) ਦੇ ਸਮਾਪਤੀ ਸਮਾਗਮ ਦੌਰਾਨ ਉਪਰੋਕਤ ਟਿੱਪਣੀ ਕੀਤੀ ਸੀ। ਅਦਾਕਾਰ ਨੇ ਕਿਹਾ, ”ਜਦੋਂ ਕੋਈ ਕੁਝ ਖਾਸ ਚੀਜ਼ਾਂ ਦਾ ਵਿਰੋਧ ਕਰਦਾ ਹੈ, ਤੁਹਾਨੂੰ ਪਤਾ ਲੱਗਦਾ ਹੈ ਕਿ ਦੋ ਮੁਲਕ ਕਿਵੇਂ ਇਕਜੁੱਟ ਹਨ। ਕੌੌਂਸੁਲ ਜਨਰਲ ਨੇ ਇਥੇ ਆ ਕੇ ਜਿਹੜੀ ਸਦਭਾਵਨਾ ਵਿਖਾਈ ਹੈ, ਉਹ ਸਾਬਤ ਕਰਦੀ ਹੈ ਕਿ ਇਹ ਇਕ ਰਿਸ਼ਤਾ ਹੈ। ਅਤੇ ਇਹ ਰਿਸ਼ਤੇ ਦੀ ਪੀੜ ਹੈ ਕਿਉਂਕਿ ਦੋਵਾਂ ਮੁਲਕਾਂ ਨੇ ਹਿਜਰਤ ਤੇ ਘੱਲੂਘਾਰਿਆਂ ਨੂੰ ਝੱਲਿਆ ਹੈ, ਤੇ ਇਹੀ ਸੱਚ ਹੈ।”
ਸ਼ੋਸ਼ਾਨੀ ਮੁਤਾਬਕ ਕਸ਼ਮੀਰ ਵਿੱਚ ਕਸ਼ਮੀਰੀ ਪੰਡਿਤ ਭਾਈਚਾਰੇ ਨੇ ਜੋ ਕੁਝ ਹੰਢਾਇਆ ਖੇਰ ਨੇ ਫ਼ਿਲਮ ਵਿੱਚ ਉਸੇ ਨੂੰ ਪੇਸ਼ ਕੀਤਾ। ਇਜ਼ਰਾਇਲੀ ਸਫ਼ੀਰ ਨੇ ਪੱਤਰਕਾਰਾਂ ਨੂੰ ਦੱਸਿਆ, ”ਮੈਂ ਸਵੇਰੇ ਸਭ ਤੋਂ ਪਹਿਲਾਂ ਮੁਆਫ਼ੀ ਮੰਗਣ ਲਈ ਜਿਸ ਸ਼ਖ਼ਸ ਨੂੰ ਫੋਨ ਕੀਤਾ, ਉਹ ਮੇਰਾ ਦੋਸਤ ਅਨੁਪਮ ਖੇਰ ਸੀ। ਉਸ ਤਕਰੀਰ ਲਈ ਮੁਆਫ਼ੀ ਮੰਗੀ, ਜੋ ਕਿਸੇ ਦੇ ਨਿੱਜੀ ਵਿਚਾਰ ਸਨ। ਇਨ੍ਹਾਂ (ਲੈਪਿਡ ਦੀਆਂ ਟਿੱਪਣੀਆਂ) ਦਾ ਸਰਕਾਰੀ ਜਾਂ ਗੈਰਸਰਕਾਰੀ ਰੂਪ ਵਿੱਚ ਇਜ਼ਰਾਈਲ ਸਰਕਾਰ ਨਾਲ ਕੋਈ ਲਾਗਾ ਦੇੇਗਾ ਨਹੀਂ ਹੈ।” ਇਸ ਵਿਵਾਦ ਨਾਲ ਭਾਰਤ-ਇਜ਼ਰਾਈਲ ਸਬੰਧਾਂ ‘ਤੇ ਅਸਰ ਪੈਣ ਬਾਰੇ ਪੁੱਛੇ ਜਾਣ ‘ਤੇ ਰਾਜਦੂਤ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਸ਼ੋਸ਼ਾਨੀ ਨੇ ਕਿਹਾ, ”ਫ਼ਿਲਮਸਾਜ਼ ਦੀਆਂ ਟਿੱਪਣੀਆਂ ਨਾਲ ਯਕੀਨੀ ਤੌਰ ‘ਤੇ ਨੁਕਸਾਨ ਪੁੱਜਾ ਹੈ, ਤੇ ਸਾਨੂੰ ਇਹ ਗੱਲ ਸਵੀਕਾਰ ਕਰਨੀ ਹੋਵੇਗੀ। ਭਾਰਤ ਤੇ ਇਜ਼ਰਾਇਲ ਮੁਕੰਮਲ ਜਮਹੂਰੀਅਤਾਂ ਹਨ। ਬੋਲਣ ਦੀ ਆਜ਼ਾਦੀ ਦੋਵਾਂ ਮੁਲਕਾਂ ਵਿੱਚ ਬੇਹੱਦ ਅਹਿਮ ਹੈ।”
ਉਧਰ ਖੇਰ ਨੇ ਕਿਹਾ, ”ਜੇਕਰ ਫ਼ਿਲਮਸਾਜ਼ ਨੂੰ ‘ਦਿ ਕਸ਼ਮੀਰ…’ ਪਸੰਦ ਨਹੀਂ ਆਈ ਤਾਂ ਉਨ੍ਹਾਂ ਦਾ ਇਹ ਗੱਲ ਕਹਿਣ ਲਈ ਸਵਾਗਤ ਹੈ। ਪਰ ਜੇਕਰ ਤੁਸੀਂ ਜਿਊਰੀ ਮੈਂਬਰ ਹੋ, ਤਾਂ ਤੁਸੀਂ ‘ਭੱਦੀ’ ਤੇ ‘ਕੂੜ ਪ੍ਰਚਾਰ’ ਜਿਹੇ ਸ਼ਬਦ ਨਹੀਂ ਵਰਤ ਸਕਦੇ। ਕੁੱਲ ਆਲਮ ਨੇ ਫ਼ਿਲਮ ਅਤੇ ਕਸ਼ਮੀਰੀ ਪੰਡਿਤਾਂ ਦੀ ਪੀੜ ਤੇ ਮੁਸ਼ਕਲਾਂ, ਜੋ ਪਿਛਲੇ 32 ਸਾਲਾਂ ਤੋਂ ਜਾਰੀ ਸਨ, ਨੂੰ ਪਛਾਣ ਦਿੱਤੀ ਹੈ।” ਖੇਰ ਨੇ ਇਸ ਮੌਕੇ ‘ਟੂਲਕਿੱਟ ਗੈਂਗ’ ਦੀ ਵੀ ਗੱਲ ਕੀਤੀ, ਜੋ ਕਿ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੱਲੋਂ ਸਾਂਝੇ ਕੀਤੇ 2021 ਦੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲੇ ਗੂਗਲ ਦਸਤਾਵੇਜ਼ ਦਾ ਹਵਾਲਾ ਹੈ। ਖੇਰ ਨੇ ਕਿਹਾ, ”ਇਹ ਸਾਰੇ ਲੋਕ ‘ਟੂਲ ਕਿੱਟ ਗੈਂਗ’ ਨਾਲ ਸਬੰਧਤ ਹਨ। ਉਨ੍ਹਾਂ(ਲੈਪਿਡ) 30 ਸਕਿੰਟ ਲਈ ਤਕਰੀਰ ਕੀਤੀ ਤੇ ਇਹ ਵਾਇਰਲ ਹੋ ਗਈ।” ਉਨ੍ਹਾਂ ਕਿਹਾ ਕਿ ‘ਇਕ ਵਿਅਕਤੀ, ਜਿਸ ਨੇ ਇਹ ਫੈਸਲਾ ਕੀਤਾ ਹੋਇਆ ਸੀ ਕਿ ਉਹ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚੇਗਾ’, ਵੱਲੋਂ ਫਿਲਮ ਮੇਲੇ ਨੂੰ ਦਾਗ਼ੀ ਕਰਨਾ ਮੰਦਭਾਗਾ ਹੈ।
ਉਧਰ ਫ਼ਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ਜੇਕਰ ਇਜ਼ਰਾਇਲੀ ਫਿਲਮਸਾਜ਼ ਨਾਦਵ ਲੈਪਿਡ ਸਣੇ ਹੋਰ ਬੁੱਧੀਜੀਵੀ ਇਹ ਸਾਬਤ ਕਰ ਦੇੇਣ ਕਿ ਫਿਲਮ ਵਿੱਚ ਵਿਖਾਈਆਂ ਘਟਨਾਵਾਂ ਫਰਜ਼ੀ ਹਨ ਤਾਂ ਉਹ ਫ਼ਿਲਮ ਨਿਰਮਾਣ ਦਾ ਕੰਮ ਛੱਡ ਜਾਣਗੇ। -ਆਈਏਐੱਨਐੱਸ/ਪੀਟੀਆਈ
‘ਇਜ਼ਰਾਇਲੀ ਫਿਲਮਸਾਜ਼ ਨੂੰ ਜ਼ਮੀਨੀ ਹਕੀਕਤਾਂ ਬਾਰੇ ਕੋਈ ਜਾਣਕਾਰੀ ਨਹੀਂ’
ਜੰਮੂ: ਜੰਮੂ ਕਸ਼ਮੀਰ ਭਾਜਪਾ ਦੇ ਮੁਖੀ ਰਵਿੰਦਰ ਰੈਨਾ ਨੇ ਕਿਹਾ ਕਿ ਇਜ਼ਰਾਇਲੀ ਫ਼ਿਲਮਸਾਜ਼ ਨਾਦਵ ਲੈਪਿਡ ਦੀਆਂ ਟਿੱਪਣੀਆਂ ਤੋਂ ਸਾਫ਼ ਹੈ ਕਿ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਧਰ ਫਿਲਮਸਾਜ਼ ਅਸ਼ੋਕ ਪੰਡਿਤ ਨੇ ਫ਼ਿਲਮ ਮੇਲੇ ਦੀ ਜਿਊਰੀ ਵਿੱਚ ਇਜ਼ਰਾਇਲੀ ਫ਼ਿਲਮਸਾਜ਼ ਦੀ ਨਿਯੁਕਤੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਰੈਨਾ ਨੇ ਕਿਹਾ, ”ਲੈਪਿਡ ਨੇ ਪਹਿਲਾਂ ਜੰਮੂ ਕਸ਼ਮੀਰ ਵਿੱਚ ਘਰੋਂ ਬੇਘਰ ਹੋਏ ਕਸ਼ਮੀਰ ਪੰਡਿਤਾਂ ਦੇ ਕੈਂਪਾਂ ਵਿੱਚ ਜਾਣਾ ਚਾਹੀਦਾ ਹੈ। ਅਜਿਹੀਆਂ ਟਿੱਪਣੀਆਂ ਦੀ ਉਸੇ ਸ਼ਖ਼ਸ ਤੋਂ ਆਸ ਕੀਤੀ ਜਾ ਸਕਦੀ ਹੈ, ਜਿਸ ਨੂੰ ਜ਼ਮੀਨੀ ਹਕੀਕਤਾਂ ਬਾਰੇ ਕੋਈ ਸਮਝ ਨਾ ਹੋਵੇ।” -ਪੀਟੀਆਈ
ਭਾਜਪਾ ਸਰਕਾਰ ਲਈ ਸ਼ਰਮਿੰਦਗੀ ਵਾਲੀ ਗੱਲ: ਕਾਂਗਰਸ
ਨਵੀਂ ਦਿੱਲੀ: ਇਜ਼ਰਾਇਲੀ ਫਿਲਮਸਾਜ਼ ਵੱਲੋਂ ‘ਦਿ ਕਸ਼ਮੀਰ ਫਾਈਲਜ਼’ ਦੀ ਕੀਤੀ ਨੁਕਤਾਚੀਨੀ ਦੇ ਹਵਾਲੇ ਨਾਲ ਕਾਂਗਰਸ ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਸਰਕਾਰ ਲਈ ‘ਸ਼ਰਮਿੰਦਗੀ’ ਵਾਲੀ ਗੱਲ ਹੈ। ਕਾਂਗਰਸ ਤਰਜਮਾਨ ਤੇ ਪਾਰਟੀ ਦੀ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ”ਪ੍ਰਧਾਨ ਮੰਤਰੀ ਮੋਦੀ, ਉਨ੍ਹਾਂ ਦੀ ਸਰਕਾਰ, ਭਾਜਪਾ ਤੇ ਹੋਰਨਾਂ ਨੇ ਭਾਰਤੀ ਕੌਮਾਂਤਰੀ ਫ਼ਿਲਮ ਮੇਲੇ ਵੱਲੋਂ ਰੱਦ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਦਾ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ। ਜਿਊਰੀ ਹੈੱਡ ਨਾਦਵ ਲੈਪਿਡ ਨੇ ਇਸ ਨੂੰ ‘ਕੂੜ ਪ੍ਰਚਾਰ, ਭੱਦੀ ਫ਼ਿਲਮ ਤੇ ਫ਼ਿਲਮ ਮੇਲੇ ਲਈ ਗੈਰਵਾਜਬ ਕਰਾਰ ਦਿੱਤਾ ਹੈ।” ਉਧਰ ਇਕ ਹੋਰ ਪਾਰਟੀ ਤਰਜਮਾਨ ਸ਼ਮਾ ਮੁਹੰਮਦ ਨੇ ਕਿਹਾ, ”ਭਾਰਤ ਦੇ ਲੋਕਾਂ ਦੇ ਧਰੁਵੀਕਰਨ ਦੇ ਯਤਨ ਵਜੋਂ ਭਾਜਪਾ ਸਰਕਾਰ ਨੇ ਖੁੱਲ੍ਹ ਕੇ ਫਿਲਮ ਦਾ ਪ੍ਰਚਾਰ ਪਾਸਾਰ ਕੀਤਾ, ਜਿਸ ਕਰਕੇ ਭਾਰਤ ਨੂੰ ਆਲਮੀ ਪੱਧਰ ‘ਤੇ ਵੱਡੀ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ।” -ਪੀਟੀਆਈ
ਦਿੱਲੀ ਦੇ ਵਕੀਲ ਨੇ ਇਜ਼ਰਾਇਲੀ ਫ਼ਿਲਮਸਾਜ਼ ਖਿਲਾਫ਼ ਸ਼ਿਕਾਇਤ ਦਰਜ ਕਰਵਾਈ
ਨਵੀਂ ਦਿੱਲੀ: ਦਿੱਲੀ ਅਧਾਰਿਤ ਵਕੀਲ ਵਿਨੀਤ ਜਿੰਦਲ ਨੇ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਖਿਲਾਫ਼ ਕੀਤੀਆਂ ਟਿੱਪਣੀਆਂ ਲਈ ਸ਼ਿਕਾਇਤ ਦਰਜ ਕੀਤੀ ਹੈ। ਸੁਪਰੀਮ ਕੋਰਟ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਦੇ ਅਤੇ ਸੋਸ਼ਲ ਮੀਡੀਆ ਕਾਰਕੁਨ ਜਿੰਦਲ ਨੇ ਕਿਹਾ ਕਿ ਲੈਪਿਡ ਦਾ ਬਿਆਨ ਪੂਰੀ ਤਰ੍ਹਾਂ ਜੋੜ-ਤੋੜ ਵਾਲਾ ਹੈ ਤੇ ਹਿੰਦੂ ਭਾਈਚਾਰੇ ਪ੍ਰਤੀ ਮਾੜੇ ਇਰਾਦੇ ਨਾਲ ਕੀਤਾ ਗਿਆ ਹੈ। ਜਿੰਦਲ ਨੇ ਕਿਹਾ, ”ਕਸ਼ਮੀਰ ਵਿੱਚ ਇਸਲਾਮਿਕ ਦਹਿਸ਼ਤਗਰਦਾਂ ਵੱਲੋਂ ਹਿੰਦੂਆਂ ਦੀ ਨਸਲਕੁਸ਼ੀ ਦੀ ਸੱਚੀ ਕਹਾਣੀ ‘ਤੇ ਅਧਾਰਿਤ ਫ਼ਿਲਮ ਨੂੰ ਕੂੜ ਪ੍ਰਚਾਰ ਤੇ ਭੱਦੀ ਦੱਸ ਕੇ, ਉਨ੍ਹਾਂ ਹਿੰਦੂਆਂ ਵੱਲੋਂ ਕਸ਼ਮੀਰ ਵਿੱਚ ਦਿੱਤੀਆਂ ਕੁਰਬਾਨੀਆਂ ਨੂੰ ਗਾਲ੍ਹ ਕੱਢੀ ਹੈ ਤੇ ਇਹ ਸਾਡੇ ਦੇਸ਼ ਵਿੱਚ ਨਫਰਤ ਫੈਲਾਉਣ ਦੀ ਕੋਸ਼ਿਸ਼ ਹੈ।”
‘ਦਿ ਕਸ਼ਮੀਰ ਫਾਈਲਜ਼’ ਕਲਾਤਮਕ ਮੁਕਾਬਲਾ ਵਰਗ ਲਈ ਬਿਲਕੁਲ ਗੈਰਵਾਜਬ ਸੀ: ਲੈਪਿਡ
ਨਵੀਂ ਦਿੱਲੀ: ਇਜ਼ਰਾਇਲੀ ਫ਼ਿਲਮਸਾਜ਼ ਨਾਦਵ ਲੈਪਿਡ ਨੇ ਗੋਆ ਵਿੱਚ 53ਵੇਂ ਭਾਰਤੀ ਕੌਮਾਂਤਰੀ ਫ਼ਿਲਮ ਮੇੇਲੇ ਦੇ ਸਮਾਪਤੀ ਸਮਾਗਮ ਦੌਰਾਨ ਕੀਤੀ ਤਕਰੀਰ ਮੌਕੇ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਕੂੜ ਪ੍ਰਚਾਰ ਕਰਾਰ ਦਿੱਤਾ ਸੀ। ਨਾਦਵ ਨੇ ਕਿਹਾ, ”ਅਸੀਂ ਸਾਰੇ, ਫ਼ਿਲਮ ਮੇਲੇ ਵਿੱਚ ਪੇਸ਼ ਕੀਤੀ 15ਵੀਂ ਫਿਲਮ ‘ਦਿ ਕਸ਼ਮੀਰ ਫਾਈਲਜ਼’ ਤੋਂ ਹੈਰਾਨ ਪ੍ਰੇਸ਼ਾਨ ਹਾਂ। ਇਹ ਸਾਨੂੰ ਕੂੜ ਪ੍ਰਚਾਰ ਤੇ ਭੱਦੀ ਫਿਲਮ ਲੱਗੀ, ਜੋ ਅਜਿਹੇ ਮਾਣਮੱਤੇ ਫ਼ਿਲਮ ਮੇਲਿਆਂ ਵਿੱਚ ਕਲਾਤਮਕ ਮੁਕਾਬਲਾ ਵਰਗ ਲਈ ਬਿਲਕੁਲ ਗੈਰਵਾਜਬ ਸੀ।” ਲੈਪਿਡ ਨੇ ਕਿਹਾ ਕਿ ਉਹ ਮੰਚ ਤੋਂ ਆਪਣੀਆਂ ਇਨ੍ਹਾਂ ਭਾਵਨਾਵਾਂ ਨੂੰ ਸਾਂਝਿਆਂ ਕਰਨ ਮੌਕੇ ਪੂਰੀ ਤਰ੍ਹਾਂ ਸਹਿਜ ਹਨ। ਕਿਉਂ ਜੋ ਫਿਲਮ ਮੇਲੇ ਦਾ ਅਸਲ ਮਤਲਬ ਗੰਭੀਰ ਵਿਚਾਰ ਚਰਚਾ ਨੂੰ ਸਵੀਕਾਰ ਕਰਨਾ ਹੈ, ਜੋ ਕਲਾ ਤੇ ਜ਼ਿੰਦਗੀ ਲਈ ਅਹਿਮ ਹੈ।