ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 19 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਛੱਜਲਵੱਡੀ ਵਿਚ ਹੋਈ। ਇਸ ਮੌਕੇ ਜਰਮਨਜੀਤ ਸਿੰਘ ਤੇ ਪ੍ਰਕਾਸ਼ ਸਿੰਘ ਥੋਥੀਆਂ ਨੇ ਕਿਹਾ ਕਿਸਾਨ ਪਰੇਡ ਲਈ 21 ਜਨਵਰੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੋਂ 100 ਟਰੈਕਟਰ-ਟਰਾਲੀਆਂ ਦਾ ਜਥਾ ਜਾਵੇਗਾ। ਆਗੂਆਂ ਨੇ ਕਿਸਾਨਾਂ-ਮਜ਼ਦੂਰਾਂ ਨੂੰ ਵੱਡੀ ਗਿਣਤੀ ’ਚ ਦਿੱਲੀ ਪਹੁੰਚਣ ਦੀ ਅਪੀਲ ਕੀਤੀ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਬਾਹਰ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 118ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਨਿਜਰਪੁਰਾ ਟੌਲ ਪਲਾਜ਼ਾ ’ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ 23ਵੇਂ ਦਿਨ ਵੀ ਜਾਰੀ ਰੱਖੀ ਗਈ। ਰੇਲਵੇ ਸਟੇਸ਼ਨ ਮੋਰਚੇ ’ਚ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਵਿੱਚ ਜਥੇ ਨੇ ਸ਼ਮੂਲੀਅਤ ਕੀਤੀ।