ਅਹਿਮਦਾਬਾਦ, 30 ਅਕਤੂਬਰ
ਗੁਜਰਾਤ ਦੇ ਮੋਰਬੀ ਵਿੱਚ ਮੱਛੂ ਨਦੀ ’ਤੇ ਬਣਿਆ ਤਾਰਾਂ ਪੁਲ ਡਿੱਗਣ ਕਰਕੇ ਘੱਟੋ-ਘੱਟ 77 ਵਿਅਕਤੀ ਹਲਾਕ ਹੋ ਗਏ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਅਸਾਰ ਹਨ, ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਦੱਸੇ ਜਾਂਦੇ ਹਨ। ਐੱਨਡੀਆਰਐੱਫ ਦੀਆਂ ਤਿੰਨ ਟੀਮਾਂ ਸਣੇ ਰਾਹਤ ਤੇ ਬਚਾਅ ਕਾਰਜਾਂ ਲਈ ਐਂਬੂਲੈਂਸਾਂ ਮੌਕੇ ’ਤੇ ਪੁੱਜ ਗਈਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਿੱਤਰੀ ਰਾਜ ਵਿੱਚ ਵਾਪਰੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਾਦਸੇ ’ਤੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਨੇ ਪੀਐੱਮ ਰਾਹਤ ਫੰਡ ਵਿਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਧਰ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਿਸਾਂ ਲਈ 4-4 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਹਾਦਸੇ ’ਤੇ ਦੁਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਨੂੰ ਫੌਰੀ ਉਪਚਾਰ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਨੂੰ ਸਬੰਧਤ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿਚ ਹਨ। ਹਾਦਸੇ ਮੌਕੇ ਪੁਲ ’ਤੇ ਔਰਤਾਂ ਤੇ ਬੱਚੇ ਵੀ ਮੌਜੂਦ ਸਨ।
ਸੂਬਾ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਆਈਏਐੱਸ ਅਧਿਕਾਰੀ ਦੀ ਅਗਵਾਈ ਹੇਠ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਹੈ। ‘ਸਿਟ’ ਦੀ ਅਗਵਾਈ ਮਿਉਂਸਪੈਲਿਟੀਜ਼ ਕਮਿਸ਼ਨਰ ਰਾਜਕੁਮਾਰ ਬੇਨੀਵਾਲ ਕਰਨਗੇ। ਹੋਰਨਾਂ ਮੈਬਰਾਂ ਵਿੱਚ ਸੰਦੀਪ ਵਸਾਵਾ (ਸਕੱਤਰ, ਸੜਕ ਤੇ ਇਮਾਰਤ ਵਿਭਾਗ), ਆਈਜੀਪੀ ਸੁਭਾਸ਼ ਤ੍ਰਿਵੇਦੀ ਤੇ ਦੋ ਇੰਜਨੀਅਰ ਸ਼ਾਮਲ ਹੋਣਗੇ।