ਪੀਲੀਭੀਤ/ ਲਖਨਊ, 17 ਅਕਤੂਬਰ
ਪੀਲੀਭੀਤ ਜ਼ਿਲ੍ਹ ਦੇ ਪੂਰਨਪੁਰ ਵਿਚ ਅੱਜ ਤੜਕੇ ਬੋਲੈਰੋ ਜੀਪ ਅਤੇ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਵਿਚਾਲੇ ਟੱਕਰ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 32 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।
ਪੀਲੀਭੀਤ ਦੇ ਐੱਸਪੀ ਜੈਪ੍ਰਕਾਸ਼ ਯਾਦਵ ਵੀ ਮੌਕੇ ‘ਤੇ ਪਹੁੰਚ ਗਏ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜ-ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਯਾਦਵ ਨੇ ਦੱਸਿਆ ਕਿ ਅੱਜ ਤੜਕੇ ਪੂਰਨਪੁਰ ਕੋਤਵਾਲੀ ਖੇਤਰ ਵਿਚ ਰੋਡਵੇਜ਼ ਦੀ ਬੱਸ ਅਤੇ ਜੀਪ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਵਿਚ ਬੱਸ ਪਲਟ ਗਈ ਅਤੇ ਜੀਪ ਪੂਰੀ ਤਰ੍ਹਾਂ ਤਬਾਹ ਹੋ ਗਈ। ਭਿਆਨਕ ਹਾਦਸੇ ਵਿੱਚ ਦੋਵਾਂ ਵਾਹਨਾਂ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 32 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ।