ਆਂਧਰਾ ਦੇ ਕਾਸੀਬੁੱਗਾ ਮੰਦਰ ’ਚ ਭਾਜੜ, 9 ਮੌਤਾਂ
ਸ੍ਰੀਕਾਕੁਲਮ ਜ਼ਿਲ੍ਹੇ ਦੇ ਕਾਸੀਬੁੱਗਾ ਸਥਿਤ ਵੈਂਕਟੇਸ਼ਵਰ ਮੰਦਰ ’ਚ ਅੱਜ ਭਾਜੜ ਮੱਚਣ ਕਾਰਨ ਅੱਠ ਔਰਤਾਂ ਅਤੇ ਬੱਚੇ ਦੀ ਮੌਤ ਹੋ ਗਈ। ਘਟਨਾ ’ਚ ਕਈ ਹੋਰ ਸ਼ਰਧਾਲੂ ਜ਼ਖ਼ਮੀ ਹੋਏ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰਾਂ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਸ੍ਰੀ ਮੋਦੀ ਨੇ ਮ੍ਰਿਤਕਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 2-2 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਘਟਨਾ ’ਤੇ ਦੁੱਖ ਜਤਾਇਆ ਹੈ। ਖੜਗੇ ਨੇ ਕਿਹਾ ਕਿ ਭੀੜ ਪ੍ਰਬੰਧਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣਾ ਚਾਹੀਦੀ ਹੈ। ਕਾਸੀਬੁੱਗਾ ਸਬ-ਡਿਵੀਜ਼ਨ ਦੇ ਇੰਚਾਰਜ ਡੀ ਐੱਸ ਪੀ ਲਕਸ਼ਮਣ ਰਾਓ ਨੇ ਕਿਹਾ ਕਿ ਭਾਜੜ ਦਿਨੇ ਸਾਢੇ 11 ਵਜੇ ਦੇ ਕਰੀਬ ਮਚੀ। ਸ੍ਰੀਕਾਕੁਲਮ ਦੇ ਐੱਸ ਪੀ ਕੇ ਵੀ ਮਹੇਸ਼ਵਰ ਰੈੱਡੀ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਹਾਦਸੇ ’ਚ 9 ਵਿਅਕਤੀਆਂ ਦੀ ਮੌਤ ਹੋਈ ਹੈ। ਇਕ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ’ਚ 12 ਸਾਲ ਦਾ ਬੱਚਾ ਵੀ ਸ਼ਾਮਲ ਹੈ, ਜਦਕਿ ਬਾਕੀ ਔਰਤਾਂ ਹਨ। ਇਹ ਕੋਈ ਸਰਕਾਰੀ ਮੰਦਰ ਨਹੀਂ, ਸਗੋਂ ਨਿੱਜੀ ਮੰਦਰ ਹੈ, ਜੋ ਪਿੱਛੇ ਜਿਹੇ ਹੀ ਉਸਾਰਿਆ ਗਿਆ ਸੀ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੌੜੀਆਂ ਨੇੜੇ ਲੋਹੇ ਦੀ ਗਰਿੱਲ ਟੁੱਟਣ ਕਾਰਨ ਹਾਦਸਾ ਵਾਪਰਿਆ। ਡਰ ਦੇ ਮਾਰੇ ਲੋਕਾਂ ਨੇ ਸੋਚਿਆ ਕਿ ਕੁਝ ਟੁੱਟ ਕੇ ਡਿੱਗ ਰਿਹਾ ਹੈ ਅਤੇ ਉਥੇ ਹਫੜਾ-ਦਫੜੀ ਮਚ ਗਈ। ਉਹ ਕਰੀਬ ਛੇ ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗੇ। ਉਨ੍ਹਾਂ ਕਿਹਾ ਕਿ ਮਾਲਕ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਪੁਲੀਸ ਬੰਦੋਬਸਤ ਦੀ ਕੋਈ ਦਰਖਾਸਤ ਨਹੀਂ ਮਿਲੀ ਸੀ। ਇਸ ਤੋਂ ਇਲਾਵਾ ਸਮਾਗਮ ਦੀ ਵੀ ਇਜਾਜ਼ਤ ਨਹੀਂ ਸੀ। ਆਂਧਰਾ ਪ੍ਰਦੇਸ਼ ਦੀ ਗ੍ਰਹਿ ਮੰਤਰੀ ਵੀ. ਅਨੀਤਾ ਨੇ ਕਿਹਾ ਕਿ ਇਕਾਦਸ਼ੀ ਦੇ ਨਾਲ ‘ਕਾਰਤਿਕ ਮਾਸ’ ਦਾ ਪਵਿੱਤਰ ਮੌਕਾ ਹੋਣ ਕਰ ਕੇ ਹਜ਼ਾਰਾਂ ਲੋਕ ਮੰਦਰ ਪਹੁੰਚ ਗਏ ਸਨ। ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਘਟਨਾ ’ਤੇ ਅਫ਼ਸੋਸ ਜਤਾਉਂਦਿਆਂ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਢੁਕਵਾਂ ਇਲਾਜ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।
