Himachal Pradesh ਵਿੱਚ 87 ਸੜਕਾਂ ਬੰਦ: ਸੂਬੇ ਵਿੱਚ 23 ਅਗਸਤ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ
ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਸੈਲਸੀਅਸ ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ
ਮਾਨਸੂਨ ਸੀਜ਼ਨ ਦੌਰਾਨ ਪੈ ਰਹੇ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਕਰਕੇ ਪੂਰੇ ਹਿਮਾਚਲ ਪ੍ਰਦੇਸ਼ ਵਿੱਚ 87 ਸੜਕਾਂ ਅਜੇ ਵੀ ਬੰਦ ਹਨ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਨੁਸਾਰ, ਕੁੱਲ ਬੰਦ ਸੜਕਾਂ ਵਿੱਚੋਂ ਕੁੱਲੂ ਵਿੱਚ 33, ਮੰਡੀ ਵਿੱਚ 27, ਸ਼ਿਮਲਾ ਵਿੱਚ 9, ਕਾਂਗੜਾ ਵਿੱਚ 6, ਊਨਾ ਅਤੇ ਸਿਰਮੌਰ ਵਿੱਚ 4-4, ਚੰਬਾ ਵਿੱਚ 3 ਅਤੇ ਲਾਹੌਲ ਤੇ ਸਪਿਤੀ ਵਿੱਚ 1 ਸੜਕ ਬੰਦ ਹੈ। ਇਸੇ ਤਰ੍ਹਾਂ ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਦੋ-ਦੋ ਟਰਾਂਸਫਾਰਮਰ ਅਤੇ ਸ਼ਿਮਲਾ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀਆਂ ਅੱਠ ਯੋਜਨਾਵਾਂ ਵੀ ਪ੍ਰਭਾਵਿਤ ਹਨ।
ਇਸ ਦੌਰਾਨ, ਸੂਬੇ ਭਰ ਵਿੱਚ 23 ਅਗਸਤ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਲਈ ਮੌਸਮ ਵਿਗਿਆਨ ਕੇਂਦਰ ਦੁਆਰਾ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਗਏ ਹਨ। 18 ਅਗਸਤ ਲਈ, ਕਾਂਗੜਾ, ਮੰਡੀ, ਬਿਲਾਸਪੁਰ ਅਤੇ ਸਿਰਮੌਰ ਲਈ ਆਰੇਂਜ ਅਲਰਟ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ, ਸ਼ਿਮਲਾ, ਕੁੱਲੂ, ਸੋਲਨ, ਊਨਾ, ਹਮੀਰਪੁਰ ਅਤੇ ਚੰਬਾ ਲਈ ਯੈਲੋ ਅਲਰਟ ਜਾਰੀ ਕੀਤੇ ਗਏ ਹਨ, ਜਿਸ ਕਾਰਨ ਦਿਨ ਭਰ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਉਮੀਦ ਹੈ। ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਸੈਲਸੀਅਸ ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ, ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਵੀ ਦਰਜ ਕੀਤਾ ਗਿਆ। ਧਰਮਸ਼ਾਲਾ ਵਿੱਚ 52.2 ਮਿਲੀਮੀਟਰ, ਨਾਹਨ ਵਿੱਚ 30.6 ਮਿਲੀਮੀਟਰ, ਊਨਾ ਵਿੱਚ 12.6 ਮਿਲੀਮੀਟਰ ਅਤੇ ਕਸੌਲੀ ਵਿੱਚ 10 ਮਿਲੀਮੀਟਰ ਮੀਂਹ ਪਿਆ।

