ਪੰਜਾਬ ’ਚ 80 ਫ਼ੀਸਦੀ ਨਸ਼ੇ ਭਾਜਪਾ ਸ਼ਾਸਿਤ ਸੂਬਿਆਂ ਤੋਂ ਆ ਰਹੇ ਨੇ : Arvind Kejriwal
‘ਆਪ’ ਦੇ ਕੌਮੀ ਕਨਵੀਨਰ ਨੇ ਭਾਜਪਾ ਨੂੰ ਘੇਰਿਆ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਜਿੱਥੇ ਪੰਜਾਬ ਸਰਕਾਰ ਨੇ ਸੂਬੇ ’ਚ ਪਾਕਿਸਤਾਨ ਤੋਂ ਆ ਰਹੇ 80 ਫ਼ੀਸਦੀ ਨਸ਼ਿਆਂ ਦਾ ਖ਼ਾਤਮਾ ਕਰ ਦਿੱਤਾ ਹੈ, ਉੱਥੇ ਹੁਣ ਇੱਥੇ ਵੱਡੀ ਮਾਤਰਾ ਵਿੱਚ ਸਪਲਾਈ ਭਾਜਪਾ ਸ਼ਾਸਿਤ ਸੂਬਿਆਂ ਤੋਂ ਆ ਰਹੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਭਾਜਪਾ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਪਿਛਲੇ ਕੁਝ ਦਿਨਾਂ ’ਚ ਇਸ ਵਿਸ਼ੇ ’ਤੇ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਹਨ।
ਸ੍ਰੀ ਕੇਜਰੀਵਾਲ ਨੇ ਐਕਸ ’ਤੇ ਹਿੰਦੀ ਵਿੱਚ ਲਿਖਿਆ, ‘‘ਅੱਜ, ਪਾਕਿਸਤਾਨ ’ਚੋਂ ਸਿਰਫ਼ 20 ਫ਼ੀਸਦੀ ਨਸ਼ੇ ਆ ਰਹੇ ਹਨ। ਅੱਜ 80 ਫ਼ੀਸਦੀ ਨਸ਼ੇ ਭਾਜਪਾ ਸ਼ਾਸਿਤ ਸੂਬਿਆਂ ਜਿਵੇਂ ਗੁਜਰਾਤ, ਰਾਜਸਤਾਨ, ਹਰਿਆਣਾ, ਯੂ ਪੀ ਅਤੇ ਦਿੱਲੀ ਤੋਂ ਆ ਰਹੇ ਹਨ। ਕੀ ਭਾਜਪਾ ਆਪਣੇ ਸੂਬਿਆਂ ’ਚ ਨਸ਼ਿਆਂ ਦੇ ਕਾਰੋਬਾਰ ’ਤੇ ਕਾਬੂ ਪਾਉਣ ’ਚ ਅਸਫਲ ਰਹੀ ਹੈ ਜਾਂ ਇਹ ਅਜਿਹਾ ਕਰਨਾ ਨਹੀਂ ਚਾਹੁੰਦੀ? ਗੁਜਰਾਤ ਵਿੱਚ 30 ਸਾਲ ਤੱਕ ਇਨ੍ਹਾਂ ਦੀ ਸਰਕਾਰ ਰਹੀ ਹੈ ਅਤੇ ਇੱਥੇ ਨਸ਼ਿਆਂ ਦਾ ਸਭ ਤੋਂ ਵੱਧ ਕਾਰੋਬਾਰ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਸਾਲ 2022 ਵਿਚ ਪੰਜਾਬ ’ਚ ‘ਆਪ’ ਸਰਕਾਰ ਬਣੀ ਸੀ ਤਾਂ ਸੂਬੇ ਵਿੱਚ 80 ਫ਼ੀਸਦੀ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਸੀ। ਉਨ੍ਹਾਂ ਕਿਹਾ,‘‘ਆਪ’ ਸਰਕਾਰ ਨੇ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਐਂਟੀ-ਡਰੋਨ ਪ੍ਰਣਾਲੀ ਅਪਣਾਈ ਹੈ।’’ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਵਿੱਚ ਨਸ਼ੇ ਗੁਜਰਾਤ ਵਿੱਚ ਸਥਿਤ ਮੁੰਦਰਾ ਬੰਦਰਗਾਹ ਰਾਹੀਂ ਦਾਖ਼ਲ ਹੁੰਦੇ ਹਨ ਤੇ ਅਜਿਹੀ ਤਸਕਰੀ ਨੂੰ ਰੋਕਣਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਉਨ੍ਹਾਂ ਭਾਜਪਾ ਨੂੁੰ ਪੰਜਾਬ ਤੋਂ ਸਿੱਖਣ ਦੀ ਨਸੀਹਤ ਦਿੰਦਿਆਂ ਹੋਰ ਸੂਬਿਆਂ ਵਿੱਚ ਵੀ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਆਖਿਆ। -ਪੀਟੀਆਈ

