ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ‘ਆਪ’ ਆਗੂਆਂ ਤੇ ਵਿਦਿਆਰਥੀਆਂ ਸਮੇਤ 700 ਲੋਕ ਲਏ ਹਿਰਾਸਤ ਵਿੱਚ
ਮੈਟਰੋ ਅਤੇ ਇੰਟਰਨੈੱਟ ਸੇਵਾਵਾਂ ਰਹੀਆਂ ਪ੍ਰਭਾਵਿਤ
ਸੈਂਟਰਲ ਦਿੱਲੀ ਸ਼ੁੱਕਰਵਾਰ ਨੂੰ ਮੁੜ ਪ੍ਰਦਰਸ਼ਨਾਂ ਦਾ ਗਵਾਹ ਬਣੀ ਜਦੋਂ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਸੈਂਕੜੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੇ ਜੰਤਰ-ਮੰਤਰ ਵੱਲ ਮਾਰਚ ਕੀਤਾ, ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਲਗਪਗ 700 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ (ਆਪ), ਆਇਸਾ (AISA), ਐੱਸ ਐੱਫ ਆਈ (SFI), ਐੱਨ ਐੱਸ ਯੂ ਆਈ (NSUI), ਇੰਡੀਅਨ ਯੂਥ ਕਾਂਗਰਸ (IYC) ਅਤੇ ਹੋਰ ਜਥੇਬੰਦੀਆਂ ਸ਼ਾਮਲ ਸਨ। ਉਹ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ (SIR) ਵਿੱਚ ਕਥਿਤ ਬੇਨਿਯਮੀਆਂ ਅਤੇ ਵੋਟਰਾਂ ਦੇ ਨਾਮ ਵੱਡੇ ਪੱਧਰ 'ਤੇ ਕੱਟਣ ਦੇ ਦੋਸ਼ਾਂ ਹੇਠ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਦਿੱਲੀ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਰਾਜੀਵ ਚੌਕ ਤੇ ਕੇਂਦਰੀ ਸਕੱਤਰੇਤ ਸਮੇਤ 12 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ।
ਪੁਲੀਸ ਅਨੁਸਾਰ, ਜੰਤਰ-ਮੰਤਰ ਅਤੇ ਆਸਪਾਸ ਦੇ ਇਲਾਕਿਆਂ ਤੋਂ ਲਗਪਗ 700 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚ 'ਆਪ' ਨੇਤਾ ਅਤੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹਨ। ਇੱਕ ਪੁਲੀਸ ਸੂਤਰ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਜੰਤਰ-ਮੰਤਰ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਐੱਸ ਐੱਫ ਆਈ ਦੇ ਮੈਂਬਰਾਂ ਨੂੰ ਅਸ਼ੋਕਾ ਰੋਡ ਚੌਕ 'ਤੇ ਰੋਕਿਆ ਗਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਇਸ ਤੋਂ ਇਲਾਵਾ 'ਆਪ' ਨੇਤਾਵਾਂ ਵਿੱਚ ਸੌਰਭ ਭਾਰਦਵਾਜ, ਆਤਿਸ਼ੀ, ਸੰਜੀਵ ਝਾਅ, ਅਨੁਰਾਗ ਢਾਂਡਾ, ਜਰਨੈਲ ਸਿੰਘ ਅਤੇ ਕੁਲਦੀਪ ਕੁਮਾਰ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉੱਥੇ ਹੀ ਸੰਸਦ ਮੈਂਬਰ ਸੰਜੇ ਸਿੰਘ ਨੂੰ ਨਾਰਥ ਐਵੇਨਿਊ ਵਿਖੇ ਰੋਕਿਆ ਗਿਆ, ਜਿਸ ਮਗਰੋਂ ਉਹ ਸੰਸਦ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਧਰਨੇ 'ਤੇ ਬੈਠ ਗਏ।

