ਨਵੀਂ ਦਿੱਲੀ, 21 ਸਤੰਬਰ
ਭਾਰਤ ਤੇ ਚੀਨ ਦੇ ਫੌਜੀ ਕਮਾਂਡਰਾਂ ਨੇ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਖੇਤਰਾਂ ’ਚੋਂ ਫੌਜਾਂ ਨੂੰ ਪਿੱਛੇ ਹਟਾਉਣ ਤੇ ਤਲਖ਼ੀ ਘਟਾਉਣ ਲਈ ਪੰਜ ਨੁਕਤਿਆਂ ’ਤੇ ਅਧਾਰਿਤ ਸਮਝੌਤਿਆਂ ਨੂੰ ਅਮਲੀ ਰੂਪ ਦੇਣ ਲਈ ਅੱਜ 6ਵੇਂ ਗੇੜ ਦੀ ਗੱਲਬਾਤ ਸ਼ੁਰੂ ਕੀਤੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਭਾਰਤ ਦੇ ਚੁਸ਼ੂਲ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਵਾਲੇ ਪਾਸੇ ਮੋਲਡੋ ਵਿੱਚ ਸਵੇਰੇ ਨੌਂ ਵਜੇ ਤੋਂ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਚੱਲ ਰਹੀ ਹੈ। ਭਾਰਤੀ ਵਫ਼ਦ ਦੀ ਅਗਵਾਈ ਲੇਹ ਅਧਾਰਿਤ ਭਾਰਤੀ ਥਲ ਸੈਨਾ ਦੀ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰ ਰਹੇ ਹਨ। ਵਫ਼ਦ ਵਿੱਚ ਵਿਦੇਸ਼ ਮੰਤਰਾਲੇ ਤੋਂ ਜੁਆਇੰਟ ਸੈਕਟਰੀ ਪੱਧਰ ਦੇ ਅਧਿਕਾਰੀ ਸਮੇਤ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਵੀ ਸ਼ਾਮਲ ਹਨ। ਮੈਨਨ ਅਗਲੇ ਮਹੀਨੇ 14ਵੀਂ ਕੋਰ ਦੇ ਕਮਾਂਡਰ ਵਜੋਂ ਸਿੰਘ ਦੀ ਥਾਂ ਲੈਣਗੇ। ਉਂਜ ਇਹ ਪਹਿਲੀ ਵਾਰ ਹੈ ਜਦੋਂ ਵਿਦੇਸ਼ ਮੰਤਰਾਲੇ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਉੱਚ ਪੱਧਰੀ ਫੌਜੀ ਗੱਲਬਾਤ ਦਾ ਹਿੱਸਾ ਬਣਾਇਆ ਗਿਆ ਹੈ। ਚੀਨੀ ਵਫ਼ਦ ਦੀ ਅਗਵਾਈ ਦੱਖਣੀ ਸ਼ਿਨਜਿਆਂਗ ਫੌਜੀ ਖੇਤਰ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਕਰ ਰਹੇ ਹਨ। ਸੂਤਰਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਐੱਸ.ਜੈਸ਼ੰਕਰ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਦਰਮਿਆਨ ਮਾਸਕੋ ਵਿੱਚ ਐੱਸਸੀਓ ਵਾਰਤਾ ਤੋਂ ਇਕਪਾਸੇ ਹੋਈ ਮੀਟਿੰਗ ਦੌਰਾਨ ਬਣੀ ਸਹਿਮਤੀ ਨੂੰ ਨਿਰਧਾਰਿਤ ਸਮੇਂ ’ਚ ਲਾਗੂ ਕਰਨਾ ਹੈ। -ਪੀਟੀਆਈ
NNNN