ਨਾਸਿਕ ’ਚ ਨਾਜਾਇਜ਼ ਤੌਰ ’ਤੇ ਰਹਿ ਰਹੀਆਂ 6 ਬੰਗਲਾਦੇਸ਼ੀ ਮਹਿਲਾਵਾਂ ਗ੍ਰਿਫ਼ਤਾਰ
ਜਾਲ ਵਿਛਾ ਕੇ ਕਵਠੇਕਰਵਾੜੀ ਇਲਾਕੇ ਤੋਂ ਲਿਆ ਹਿਰਾਸਤ ’ਚ; ਮਦਦ ਕਰਨ ਵਾਲਾ ਸਥਾਨਕ ਵਿਅਕਤੀ ਵੀ ਕਾਬੂ
ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਵਿੱਚ ਪੁਲੀਸ ਨੇ ਭਾਰਤ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀਆਂ ਛੇ ਬੰਗਲਾਦੇਸ਼ੀ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਕਾਰਵਾਈ ਸ਼ੁੱਕਰਵਾਰ ਨੂੰ ਪ੍ਰਸਿੱਧ ਪਾਂਡਵਲੇਣੀ ਗੁਫਾਵਾਂ ਦੇ ਨੇੜੇ ਸਥਿਤ ਕਵਠੇਕਰਵਾੜੀ ਇਲਾਕੇ ਵਿੱਚ ਕੀਤੀ ਗਈ।
ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਬੰਗਲਾਦੇਸ਼ੀ ਮਹਿਲਾਵਾਂ ਇੱਥੇ ਲੁਕ ਕੇ ਰਹਿ ਰਹੀਆਂ ਹਨ, ਜਿਸ ਤੋਂ ਬਾਅਦ ਜਾਲ ਵਿਛਾ ਕੇ 25 ਤੋਂ 41 ਸਾਲ ਦੀ ਉਮਰ ਦੀਆਂ ਇਨ੍ਹਾਂ ਛੇ ਮਹਿਲਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਨ੍ਹਾਂ ਮਹਿਲਾਵਾਂ ਦੀ ਮਦਦ ਕਰਨ ਵਾਲੇ ਇੱਕ ਸਥਾਨਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਜਾਂਚ ਦੌਰਾਨ ਪੁਲੀਸ ਨੂੰ ਇਨ੍ਹਾਂ ਮਹਿਲਾਵਾਂ ਦੇ ਮੋਬਾਈਲ ਫ਼ੋਨਾਂ ਵਿੱਚੋਂ ਬੰਗਲਾਦੇਸ਼ੀ ਰਾਸ਼ਟਰੀ ਪਛਾਣ ਪੱਤਰ ਮਿਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਬਰਾਮਦ ਹੋਏ ਹਨ।
ਪੁਲੀਸ ਅਨੁਸਾਰ ਬੌਬੀ ਅਤੇ ਲਕੀ ਉਰਫ਼ ਲਿਆਕਤ ਹਮੀਦ ਕੁਰੈਸ਼ੀ ਨਾਮ ਦੇ ਦੋ ਵਿਅਕਤੀਆਂ ਨੇ ਇਨ੍ਹਾਂ ਨੂੰ ਨਾਸਿਕ ਵਿੱਚ ਰਹਿਣ ਲਈ ਸਹਾਇਤਾ ਪ੍ਰਦਾਨ ਕੀਤੀ ਸੀ, ਜਿਨ੍ਹਾਂ ਵਿੱਚੋਂ ਲਿਆਕਤ ਨੂੰ ਕਾਬੂ ਕਰ ਲਿਆ ਗਿਆ ਹੈ। ਇੰਦਿਰਾਨਗਰ ਪੁਲੀਸ ਸਟੇਸ਼ਨ ਵਿੱਚ ਭਾਰਤੀ ਨਿਆ ਸੰਹਿਤਾ (BNS), ਪਾਸਪੋਰਟ ਐਕਟ ਅਤੇ ਫਾਰਨਰਜ਼ ਐਕਟ (ਵਿਦੇਸ਼ੀ ਐਕਟ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

