ਨਵੀਂ ਦਿੱਲੀ, 24 ਜੁਲਾਈ
ਦੇਸ਼ ’ਚ ਅੱਜ ਕਰੋਨਾਵਾਇਰਸ ਦੇ ਨਵੇਂ 39097 ਕੇਸ ਸਾਹਮਣੇ ਆਉਣ ਮਗਰੋਂ ਮਹਾਮਾਰੀ ਦੇ ਕੁੱਲ ਕੇਸ 3,13,32,159 ਹੋ ਗਏ ਹਨ ਜਦਕਿ 546 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 4,20,016 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਇਲਾਜ ਅਧੀਨ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 4,08,977 ਹੋ ਗਈ ਹੈ ਜੋ ਕੁੱਲ ਮਾਮਲਿਆਂ ਦਾ 1.34 ਫੀਸਦ ਹੈ ਜਦਕਿ ਸਿਹਤਯਾਬ ਹੋਣ ਵਾਲਿਆਂ ਦੀ ਕੌਮੀ ਦਰ 97.35 ਫੀਸਦ ਹੈ। ਅੰਕੜਿਆਂ ਅਨੁਸਾਰ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3,05,03,166 ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਹੁਣ ਤੱਕ ਕਰੋਨਾ ਰੋਕੂ ਟੀਕੇ ਦੀਆਂ 42.78 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਮੰਤਰਾਲੇ ਨੇ ਦੱਸਿਆ ਕਿ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਨਿੱਜੀ ਹਸਪਤਾਲਾਂ ਕੋਲ ਕਰੋਨਾ ਰੋਕੂ ਟੀਕਿਆਂ ਦੀਆਂ 2.98 ਕਰੋੜ ਤੋਂ ਵੱਧ ਖੁਰਾਕਾਂ ਉਪਲੱਭਧ ਹਨ। ਉਨ੍ਹਾਂ ਕਿਹਾ ਕਿ ਰਾਜਾਂ ਤੇ ਯੂਟੀਜ਼ ਨੂੰ ਸਾਰੇ ਸਰੋਤਾਂ ਤੋਂ 44.53 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕੀਤੀਆਂ ਗਈਆਂ ਹਨ ਤੇ 85,58,360 ਹੋਰ ਖੁਰਾਕਾਂ ਮੁਹੱਈਆ ਕੀਤੀਆਂ ਜਾਣੀਆਂ ਹਨ। ਇਨ੍ਹਾਂ ’ਚੋਂ 41,55,50,543 ਖੁਰਾਕਾਂ ਦੀ ਵਰਤੋਂ ਹੋ ਚੁੱਕੀ ਹੈ। -ਪੀਟੀਆਈ
ਕਰੋਨਾ ਕਾਰਨ ਪੰਜਾਬ ਤੇ ਹਰਿਆਣਾ ’ਚ 2 ਮੌਤਾਂ
ਚੰਡੀਗੜ੍ਹ: ਕਰੋਨਾ ਕਾਰਨ ਪੰਜਾਬ ਅਤੇ ਹਰਿਆਣਾ ’ਚ 1-1 ਮੌਤ ਹੋਈ ਹੈ। ਇਸ ਨਾਲ ਪੰਜਾਬ ’ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 16258 ਅਤੇ ਹਰਿਆਣਾ ਵਿੱਚ 9617 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ 83 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 78 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 771 ਐਕਟਿਵ ਕੇਸ ਹਨ। ਦੂਜੇ ਪਾਸੇ ਹਰਿਆਣਾ ਵਿੱਚ 13 ਨਵੇਂ ਕੇਸ ਸਾਹਮਣੇ ਆਏ ਹਨ ਅਤੇ 35 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ।
ਅਮਰੀਕੀ ਹਪਸਤਾਲ ਵੱਲੋਂ ਭਾਰਤ ਨੂੰ ਮੈਡੀਕਲ ਉਪਕਰਨ ਦਾਨ
ਵਾਸ਼ਿੰਗਟਨ: ਅਮਰੀਕਾ ਦੇ ਮੈਰੀਲੈਂਡ ਦੇ ਇੱਕ ਹਪਸਤਾਲ ਨੇ ਭਾਰਤ ਨੂੰ ਕੋਵਿਡ-19 ਰਾਹਤ ਵਜੋਂ ਨਿੱਜੀ ਸੁਰੱਖਿਆ ਉਪਕਰਨ ਤੇ ਦੋ ਕੌਂਟੀਨਿਊਸ ਪਾਜ਼ੇਟਿਵ ਏਅਰਵੇਅ ਪ੍ਰੈੱਸ਼ਰ ਥੈਰੇਪੀ (ਸੀਪੀਏਪੀ) ਮਸ਼ੀਨਾਂ ਦਾਨ ਕੀਤੀਆਂ ਹਨ। ਸੇਵਾ ਇੰਟਰਨੈਸ਼ਨਲ ਨੂੰ ਮੈਰੀਲੈਂਡ ’ਚ ਹਾਲ ਹੀ ’ਚ ਇੱਕ ਪ੍ਰੋਗਰਾਮ ਦੌਰਾਨ ਮੈਡੀਕਲ ਉਪਕਰਨਾਂ ਦੀ ਇਹ ਖੇਪ ਮਿਲੀ ਹੈ। ਪ੍ਰੋਗਰਾਮ ’ਚ ਹਾਜ਼ ਸੇਵਾ ਇੰਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਪ੍ਰੋ. ਸ੍ਰੀ ਸ੍ਰੀਨਾਥ ਨੇ ਕਿਹਾ, ‘ਇਹ ਅਮਰੀਕਾ ’ਚ ਕਿਸੇ ਹਸਪਤਾਲ ਤੋਂ ਮੈਡੀਕਲ ਸਾਜ਼ੋ-ਸਾਮਾਨ ਦੀ ਮਿਲੀ ਸਭ ਤੋਂ ਵੱਡੀ ਮਦਦ ਹੈ।’ -ਪੀਟੀਆਈ