ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਮਾਕਿਆਂ ਲਈ ਵਰਤੇ ਜਾਣੇ ਸਨ 32 ਵਾਹਨ

ਉਮਰ ਹੀ ਚਲਾ ਰਿਹਾ ਸੀ ਧਮਾਕੇ ਵਾਲੀ ਕਾਰ, ਡੀ ਐੱਨ ਏ ਟੈਸਟ ’ਚ ਪੁਸ਼ਟੀ
ਲਾਲ ਕਿਲੇ ਨੇੜੇ ਧਮਾਕੇ ਵਾਲੀ ਥਾਂ ਦੀ ਜਾਂਚ ਕਰਦਾ ਹੋਇਆ ਪੁਲੀਸ ਮੁਲਾਜ਼ਮ। -ਫੋਟੋ: ਮਾਨਸ ਰੰਜਨ ਭੂਈ
Advertisement

ਲਾਲ ਕਿਲੇ ਨੇੜੇ ਹੋਏ ਕਾਰ ਧਮਾਕੇ ਦੀ ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਮਸ਼ਕੂਕ ਕਈ ਥਾਵਾਂ ’ਤੇ ਇਕੋ ਵੇਲੇ ਹਮਲੇ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਵਿਸਫੋਟਕਾਂ ਨਾਲ ਭਰੇ ਲਗਪਗ 32 ਵਾਹਨ ਤਿਆਰ ਕਰਨ ਦੀ ਯੋਜਨਾ ਬਣਾਈ ਸੀ। ਉਧਰ ਡੀ ਐੱਨ ਏ ਟੈਸਟ ਤੋਂ ਸਾਫ਼ ਹੋ ਗਿਆ ਹੈ ਕਿ ਡਾ. ਉਮਰ ਨਬੀ ਉਸ ਕਾਰ ਨੂੰ ਚਲਾ ਰਿਹਾ ਸੀ ਜਿਸ ਵਿਚ ਸੋਮਵਾਰ ਸ਼ਾਮ ਨੂੰ ਧਮਾਕਾ ਹੋਇਆ ਸੀ। ਧਮਾਕੇ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਰਿਪੋਰਟਾਂ ਮੁਤਾਬਕ ਦਹਿਸ਼ਤੀ ਮੌਡਿਊਲ ਸਬੰਧੀ ਗ੍ਰਿਫ਼ਤਾਰ ਕੀਤੇ ਡਾਕਟਰਾਂ ਨੇ ਧਮਾਕੇ ਵਿੱਚ ਵਰਤੀ ਗਈ ਸਮੱਗਰੀ ਪ੍ਰਾਪਤ ਕਰਨ ਲਈ 26 ਲੱਖ ਰੁਪਏ ਤੋਂ ਵੱਧ ਇਕੱਠੇ ਕੀਤੇ ਸਨ। ਸੁਰੱਖਿਆ ਏਜੰਸੀਆਂ ਦੇ ਹੱਥ ਮਸ਼ਕੂਕ ਦੀਆਂ ਡਾਇਰੀਆਂ ਵੀ ਲੱਗੀਆਂ ਹਨ ਜਿਨ੍ਹਾਂ ’ਚ 25 ਜਣਿਆਂ ਦੇ ਨਾਮ ਅਤੇ ਕਈ ਕੋਡ ਵਰਡ ਸ਼ਾਮਲ ਹਨ। ਸਫ਼ੈਦ ਹੁੰਡਈ ਆਈ20, ਲਾਲ ਫੋਰਡ ਈਕੋਸਪੋਰਟ ਤੋਂ ਬਾਅਦ ਹੁਣ ਤੀਜੀ ਕਾਰ ਮਾਰੂਤੀ ਬ੍ਰੇਜ਼ਾ ਦੀ ਵੀ ਪੈੜ ਨੱਪੀ ਜਾ ਰਹੀ ਹੈ।

ਸੂਤਰਾਂ ਨੇ ਦੱਸਿਆ ਕਿ ਅੱਠ ਮਸ਼ਕੂਕ ਕਥਿਤ ਤੌਰ ’ਤੇ ਚਾਰ ਥਾਵਾਂ ’ਤੇ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ ਜਿਨ੍ਹਾਂ ਵਿੱਚੋਂ ਹਰੇਕ ਜੋੜੇ ਨੂੰ ਨਿਸ਼ਾਨੇ ਵਜੋਂ ਇਕ ਸ਼ਹਿਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹਰੇਕ ਟੀਮ ਇੱਕੋ ਸਮੇਂ ਹਮਲਿਆਂ ਲਈ ਕਈ ਵਿਸਫੋਟਕ ਯੰਤਰ (ਆਈ ਈ ਡੀ) ਲੈ ਕੇ ਜਾਣ ਦਾ ਇਰਾਦਾ ਰੱਖਦੀ ਸੀ। ਦਿੱਲੀ ਪੁਲੀਸ ਨੇ 50 ਤੋਂ ਵੱਧ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਮਗਰੋਂ ਉਮਰ ਨਬੀ ਦੇ ਫਰੀਦਾਬਾਦ ਤੋਂ ਚੱਲਣ ਅਤੇ ਲਾਲ ਕਿਲੇ ਨੇੜੇ ਧਮਾਕੇ ਤੋਂ ਪਹਿਲਾਂ ਦੇ ਘਟਨਾਕ੍ਰਮ ਨੂੰ ਜੋੜ ਕੇ ਦੇਖਿਆ। ਜਾਂਚਕਾਰਾਂ ਨੂੰ ਇਹ ਵੀ ਪਤਾ ਲੱਗਾ ਕਿ ਤਿੰਨ ਮਸ਼ਕੂਕ ਡਾ. ਉਮਰ ਉਨ ਨਬੀ, ਡਾ. ਮੁਜ਼ੱਮਿਲ ਅਹਿਮਦ ਗਨਈ ਅਤੇ ਡਾ. ਸ਼ਾਹੀਨ ਸ਼ਾਹਿਦ ਨੇ ਦਹਿਸ਼ਤੀ ਸਾਜ਼ਿਸ਼ ਨੂੰ ਅੰਜਾਮ ਦੇਣ ਅਤੇ ਆਪਸ ’ਚ ਤਾਲਮੇਲ ਲਈ ਸਵਿਟਜ਼ਰਲੈਂਡ ਆਧਾਰਿਤ ਮੈਸੇਜਿੰਗ ਐਪ ਦੀ ਕਥਿਤ ਤੌਰ ’ਤੇ ਵਰਤੋਂ ਕੀਤੀ ਸੀ। ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਡਾਕਟਰਾਂ ਨੇ ਧਮਾਕੇ ਵਿੱਚ ਵਰਤੀ ਸਮੱਗਰੀ ਪ੍ਰਾਪਤ ਕਰਨ ਲਈ 26 ਲੱਖ ਰੁਪਏ ਤੋਂ ਵੱਧ ਇਕੱਠੇ ਕੀਤੇ ਸਨ। ਚਾਰ ਮਸ਼ਕੂਕ ਡਾ. ਮੁਜ਼ੱਮਿਲ ਗਨਈ, ਡਾ. ਅਦੀਲ ਅਹਿਮਦ ਰਾਥਰ, ਡਾ. ਸ਼ਾਹੀਨ ਸਈਦ ਅਤੇ ਡਾ. ਉਮਰ ਨਬੀ ਨੇ ਇਹ ਨਕਦੀ ਇਕੱਠੀ ਕੀਤੀ ਸੀ, ਜੋ ਮਗਰੋਂ ਸਾਂਭਣ ਅਤੇ ਵਰਤਣ ਲਈ ਡਾ. ਉਮਰ ਨੂੰ ਸੌਂਪ ਦਿੱਤੀ ਗਈ ਸੀ। ਉਨ੍ਹਾਂ ਕਥਿਤ ਤੌਰ ’ਤੇ ਗੁਰੂਗ੍ਰਾਮ, ਨੂਹ ਅਤੇ ਨੇੜਲੇ ਕਸਬਿਆਂ ਦੇ ਸਪਲਾਇਰਾਂ ਤੋਂ ਤਿੰਨ ਲੱਖ ਰੁਪਏ ਦੀ ਕਰੀਬ 26 ਕੁਇੰਟਲ ਐੱਨ ਪੀ ਕੇ (ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ) ਖਾਦ ਖਰੀਦੀ ਸੀ। ਜਾਂਚ ਏਜੰਸੀਆਂ ਨੂੰ ਮਿਲੀਆਂ ਡਾਇਰੀਆਂ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਧਮਾਕਾ ਇੱਕ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਸੀ। ਇਹ ਦਸਤਾਵੇਜ਼ ਮੰਗਲਵਾਰ ਅਤੇ ਬੁੱਧਵਾਰ ਨੂੰ ਡਾਕਟਰ ਉਮਰ ਨਬੀ ਅਤੇ ਡਾਕਟਰ ਮੁਜ਼ੱਮਿਲ ਗਨਈ ਦੇ ਕਮਰਿਆਂ ਤੋਂ ਬਰਾਮਦ ਕੀਤੇ ਗਏ ਸਨ। ਤਫ਼ਤੀਸ਼ੀ ਅਧਿਕਾਰੀਆਂ ਨੂੰ ਮੁਜ਼ੱਮਿਲ ਦੇ ਕਮਰੇ ਵਿੱਚੋਂ ਡਾਇਰੀ ਵੀ ਮਿਲੀ ਹੈ। ਇਹ ਉਹੀ ਜਗ੍ਹਾ ਹੈ ਜਿੱਥੇ ਫਰੀਦਾਬਾਦ ਦੇ ਧੌਜ ਪਿੰਡ ਵਿੱਚ 360 ਕਿਲੋਗ੍ਰਾਮ ਵਿਸਫੋਟਕ ਬਰਾਮਦ ਕੀਤੇ ਗਏ ਸਨ ਅਤੇ ਜੋ ਅਲ ਫਲਾਹ ਯੂਨੀਵਰਸਿਟੀ ਤੋਂ ਸਿਰਫ 300 ਮੀਟਰ ਦੀ ਦੂਰੀ ’ਤੇ ਹੈ। ਕਾਰ ਧਮਾਕੇ ਦੀ ਨਵੀਂ ਸੀ ਸੀ ਟੀ ਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਚਲਦੇ ਟਰੈਫਿਕ ਵਿਚਕਾਰ ਸਫੈਦ ਰੰਗ ਦੀ ਹੁੰਡਈ ਆਈ20 ਕਾਰ ’ਚ ਧਮਾਕੇ ਦੇ ਪਲ ਕੈਦ ਕੀਤੇ ਹਨ। ਲਾਲ ਕਿਲਾ ਮੈਟਰੋ ਸਟੇਸ਼ਨ ਗੇਟ ਨੰਬਰ 1 ਨੇੜੇ ਟਰੈਫਿਕ ਕੈਮਰੇ ਦੀ ਫੁਟੇਜ ਵਿੱਚ ਕਾਰ ਨੂੰ ਧਮਾਕੇ ਤੋਂ ਐਨ ਪਹਿਲਾਂ ਆਟੋ, ਈ-ਰਿਕਸ਼ਾ ਅਤੇ ਹੋਰ ਵਾਹਨਾਂ ਦੇ ਵਿਚਕਾਰ ਹੌਲੀ-ਹੌਲੀ ਚਲਦੇ ਹੋਏ ਦਿਖਾਇਆ ਗਿਆ ਹੈ। ਕੁਝ ਸਕਿੰਟਾਂ ਦੇ ਅੰਦਰ ਇਹ ਕਾਰ ਇੱਕ ਵੱਡੇ ਲਾਲ ਅੱਗ ਦੇ ਗੋਲੇ ਨਾਲ ਘਿਰ ਜਾਂਦੀ ਹੈ ਜਿਸ ਤੋਂ ਬਾਅਦ ਅਸਮਾਨ ਵਿੱਚ ਧੂੰਏਂ ਦਾ ਇੱਕ ਸੰਘਣਾ ਗੁਬਾਰ ਉੱਠਦਾ ਹੈ, ਜਿਸ ਨਾਲ ਨੇੜਲੇ ਯਾਤਰੀਆਂ ਨੂੰ ਸੁਰੱਖਿਆ ਲਈ ਭੱਜਣਾ ਪੈਂਦਾ ਹੈ। -ਪੀਟੀਆਈ/ਏਐੱਨਆਈ

Advertisement

ਡਾਕਟਰ ਖ਼ਿਲਾਫ਼ ਇੰਟਰਪੋਲ ਕੋਲ ਪਹੁੰਚ

ਸ੍ਰੀਨਗਰ: ਜੰਮੂ ਕਸ਼ਮੀਰ ਪੁਲੀਸ ਨੇ ਦਹਿਸ਼ਤੀ ਮਾਡਿਊਲ ਦੇ ਸਬੰਧ ’ਚ ਡਾ. ਆਦਿਲ ਦੇ ਕਾਜ਼ੀਗੁੰਡ ਅਧਾਰਿਤ ਭਰਾ ਡਾ. ਮੁਜ਼ੱਫਰ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਣ ਲਈ ਇੰਟਰਪੋਲ ਕੋਲ ਪਹੁੰਚ ਕੀਤੀ ਹੈ। ਪੁਲੀਸ ਨੂੰ ਪਤਾ ਲੱਗਾ ਕਿ ਉਹ ਅਗਸਤ ’ਚ ਹੀ ਦੁਬਈ ਚਲਾ ਗਿਆ ਸੀ ਅਤੇ ਇਸ ਸਮੇਂ ਉਹ ਅਫ਼ਗਾਨਿਸਤਾਨ ’ਚ ਹੈ। ਉਹ 2021 ’ਚ ਮੁਜ਼ੱਮਿਲ ਗਨਈ ਅਤੇ ਉਮਰ ਨਬੀ ਦੇ ਨਾਲ 21 ਦਿਨਾਂ ਲਈ ਤੁਰਕੀ ਵੀ ਗਿਆ ਸੀ। -ਪੀਟੀਆਈ

ਕਾਨਪੁਰ ’ਚ ਮੈਡੀਕਲ ਦਾ ਵਿਦਿਆਰਥੀ ਫੜਿਆ

ਕਾਨਪੁਰ: ਉੱਤਰ ਪ੍ਰਦੇਸ਼ ਅਤਿਵਾਦ ਵਿਰੋਧੀ ਦਸਤੇ ਨੇ ਦਿੱਲੀ ਧਮਾਕੇ ਦੇ ਮਾਮਲੇ ’ਚ ਮੈਡੀਕਲ ਦੇ ਵਿਦਿਆਰਥੀ ਮੁਹੰਮਦ ਆਰਿਫ਼ ਨੂੰ ਹਿਰਾਸਤ ’ਚ ਲਿਆ ਹੈ। ਉਸ ਦੀ ਨਜ਼ੀਰਾਬਾਦ ਰਿਹਾਇਸ਼ ਤੋਂ ਮੋਬਾਈਲ ਫੋਨ ਅਤੇ ਲੈਪਟਾਪ ਜ਼ਬਤ ਕੀਤਾ ਗਿਆ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਹ ਡਾ. ਸ਼ਾਹੀਨ ਸਈਦ ਦੇ ਸੰਪਰਕ ’ਚ ਸੀ।

 

ਸਰਬ ਪਾਰਟੀ ਮੀਟਿੰਗ ਸੱਦੀ ਜਾਵੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਦਿੱਲੀ ’ਚ ਕਾਰ ਧਮਾਕੇ ਦੀ ਘਟਨਾ ਦੇ ਸਬੰਧ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਿਨਾਂ ਕਿਸੇ ਦੇਰੀ ਦੇ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ। ਪਾਰਟੀ ਨੇ ਸਰਕਾਰ ਨੂੰ ਆਪਣੇ ਉਸ ‘ਨਵੇਂ ਨਾਰਮਲ ਸਿਧਾਂਤ’ ਨੂੰ ਲੈ ਕੇ ਵੀ ਰੁਖ਼ ਸਪੱਸ਼ਟ ਕਰਨ ਲਈ ਆਖਿਆ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਕਿਸੇ ਵੀ ਅਤਿਵਾਦੀ ਹਮਲੇ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਸੰਸਦ ਦਾ ਸਰਦ ਰੁੱਤ ਇਜਲਾਸ ਪਹਿਲੀ ਦਸੰਬਰ ਦੀ ਬਜਾਏ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਹੈ ਤਾਂ ਜੋ ਇਸ ਵਿਸ਼ੇ ’ਤੇ ਪੂਰੀ ਚਰਚਾ ਹੋ ਸਕੇ। ਉਨ੍ਹਾਂ ਧਮਾਕੇ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕਰਦਿਆਂ ਸਵਾਲ ਕੀਤਾ ਕਿ ਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਦੀ ਜ਼ਿੰਮੇਵਾਰੀ ਲੈਣਗੇ? ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਸ਼ਾਹ ਦੇ ਅਹੁਦੇ ’ਤੇ ਰਹਿੰਦਿਆਂ ਕਈ ਵੱਡੇ ਅਤਿਵਾਦੀ ਹਮਲੇ ਹੋਏ ਹਨ। ਉਨ੍ਹਾਂ ਚੇਤੇ ਕਰਵਾਇਆ ਕਿ ਯੂ ਪੀ ਏ ਸਰਕਾਰ ਸਮੇਂ ਮੁੰਬਈ ਦਹਿਸ਼ਤੀ ਹਮਲੇ ਮਗਰੋਂ ਤਤਕਾਲੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਖ਼ੁਫ਼ੀਆ ਏਜੰਸੀਆਂ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਹੁੰਦਿਆਂ ਫਰੀਦਾਬਾਦ ’ਚ 2900 ਕਿਲੋ ਧਮਾਕਖੇਜ਼ ਸਮੱਗਰੀ ਕਿਵੇਂ ਪਹੁੰਚੀ। -ਪੀਟੀਆਈ

Advertisement
Show comments