ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਹੋਵੇਗਾ: Ravneet Singh Bittu
ਸੂਬੇ ਦੇ ਰੇਲਵੇ ਬੁਨਿਆਦੀ ਢਾਂਚੇ ’ਤੇ 1300 ਕਰੋੜ ਦਾ ਨਿਵੇਸ਼ ਕਰਨ ਦਾ ਦਾਅਵਾ
ਸਾਬਕਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਭਾਰਤੀ ਰੇਲਵੇ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਅਧੀਨ ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਦੇ ਪੁਨਰ-ਵਿਕਾਸ ਲਈ 1300 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ।
ਚੁਣੇ ਗਏ ਸਟੇਸ਼ਨਾਂ ਵਿੱਚ ਅਬੋਹਰ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਬਿਆਸ, ਬਠਿੰਡਾ, ਧੰਦਾਰੀ ਕਲਾਂ, ਧੂਰੀ, ਫਾਜ਼ਿਲਕਾ, ਫ਼ਿਰੋਜ਼ਪੁਰ ਕੈਂਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਕੈਂਟ, ਜਲੰਧਰ ਸਿਟੀ, ਕਪੂਰਥਲਾ, ਕੋਟਕਪੂਰਾ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਨੰਗਲ ਡੈਮ, ਪਠਾਨਕੋਟ ਕੈਂਟ, ਪਠਾਨਕੋਟ, ਪਟਿਆਲਾ, ਫਗਵਾੜਾ, ਫਿਲੌਰ, ਰੂਪਨਗਰ, ਮੁਹਾਲੀ, ਸੰਗਰੂਰ ਅਤੇ ਸਰਹਿੰਦ ਸ਼ਾਮਲ ਹਨ। ਇਨ੍ਹਾਂ ’ਚੋਂ ਆਨੰਦਪੁਰ ਸਾਹਿਬ, ਜਲੰਧਰ ਕੈਂਟ, ਸ੍ਰੀ ਮੁਕਤਸਰ ਸਾਹਿਬ ਅਤੇ ਮੁਹਾਲੀ ਸਟੇਸ਼ਨਾਂ ਦੇ ਵਿਕਾਸ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਰੇਲਵੇ ਸਟੇਸ਼ਨ ਸਿਰਫ਼ ਆਉਣ-ਜਾਣ ਦੇ ਕੇਂਦਰ ਨਹੀਂ ਹੁੰਦੇ, ਸਗੋਂ ਇਹ ਉਹ ਦਾਖਲਾ ਦੁਆਰ ਹਨ ਜਿੱਥੋਂ ਯਾਤਰੀਆਂ ਨੂੰ ਸਬੰਧਤ ਖੇਤਰ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਪਹਿਲੀ ਝਲਕ ਮਿਲਦੀ ਹੈ। ਇਸੇ ਲਈ ਨਵੇਂ ਬਣ ਰਹੇ ਸਟੇਸ਼ਨਾਂ ਵਿੱਚ ਆਧੁਨਿਕ ਢਾਂਚੇ ਦੇ ਨਾਲ-ਨਾਲ ਖੇਤਰੀ ਪਛਾਣ ਨੂੰ ਵੀ ਉਭਾਰਿਆ ਜਾਵੇਗਾ। ਪੁਨਰ-ਵਿਕਸਿਤ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮਿਲਣਗੀਆਂ। ਇਨ੍ਹਾਂ ’ਚ ਆਧੁਨਿਕ ਉਡੀਕ ਘਰ, ਬਿਹਤਰ ਆਵਾਜਾਈ ਪ੍ਰਬੰਧ, ਉੱਚ ਪੱਧਰੀ ਰੌਸ਼ਨੀ, ਸਪੱਸ਼ਟ ਸੰਕੇਤਕ ਬੋਰਡ, ਆਧੁਨਿਕ ਡਿਜ਼ਾਈਨ, ਹਰਿਆਲੀ ਅਤੇ ਦਿਵਿਆਂਗਾਂ ਲਈ ਵਿਸ਼ੇਸ਼ ਸਹੂਲਤਾਂ ਸ਼ਾਮਲ ਹਨ। ਇਸ ਯੋਜਨਾ ਦਾ ਮੁੱਖ ਉਦੇਸ਼ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਸਟੇਸ਼ਨਾਂ ਜਿਵੇਂ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਪਟਿਆਲਾ ਅਤੇ ਪਠਾਨਕੋਟ ਦੀ ਪੁਰਾਤਨ ਦਿੱਖ ਬਰਕਰਾਰ ਰੱਖਣਾ ਹੈ। ਬਿਹਤਰ ਬੁਨਿਆਦੀ ਢਾਂਚੇ ਨਾਲ ਜਿੱਥੇ ਸੈਰ-ਸਪਾਟਾ ਵਧੇਗਾ, ਉੱਥੇ ਹੀ ਸਥਾਨਕ ਵਪਾਰ, ਹੋਟਲ ਅਤੇ ਟਰਾਂਸਪੋਰਟ ਸਨਅਤ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇਹ ਆਧੁਨਿਕ ਸਟੇਸ਼ਨ ਪੰਜਾਬ ਦੀ ਆਰਥਿਕਤਾ ਅਤੇ ਸ਼ਹਿਰੀ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ।

