DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਜੰਮੂ-ਕਸ਼ਮੀਰ ’ਚ ਡਿਊਟੀ ਦੌਰਾਨ ਸ੍ਰੀ ਮੁਕਤਸਰ ਸਾਹਿਬ ਦਾ 27 ਸਾਲਾ ‘ਰਾਈਫਲਮੈਨ’ ਸ਼ਹੀਦ; ਨਵੰਬਰ ’ਚ ਹੋਣਾ ਸੀ ਵਿਆਹ

ਰਾਜੌਰੀ ਵਿਖੇ ਡਿਊਟੀ ਦੌਰਾਨ ਚੱਟਾਨ ਵੱਜਣ ਅਤੇ ਫਿਸਲਣ ਕਾਰਨ ਵਾਪਰਿਆ ਹਾਦਸਾ

  • fb
  • twitter
  • whatsapp
  • whatsapp
featured-img featured-img
ਮ੍ਰਿਤਕ ਰਾਈਫਲਮੈਨ ‘ਸੁਖਪ੍ਰੀਤ ਸਿੰਘ’
Advertisement

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਬੁੱਟਰ ਬਖੂਆ ਦੇ 27 ਸਾਲਾ ਭਾਰਤੀ ਸੈਨਾ ਦੇ ਰਾਈਫਲਮੈਨ ਸੁਖਪ੍ਰੀਤ ਸਿੰਘ ਦੀ ਮੰਗਲਵਾਰ ਰਾਤ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਦੁਖਦਾਈ ਗੱਲ ਇਹ ਹੈ ਕਿ ਸੁਖਪ੍ਰੀਤ ਸਿੰਘ ਦਾ ਇਸੇ ਸਾਲ ਨਵੰਬਰ ਮਹੀਨੇ ਵਿਆਹ ਧਰਿਆ ਹੋਇਆ ਸੀ।

ਸ਼ਹੀਦ ਜਵਾਨ ਦੇ ਚਾਚੇ ਗੁਰਦਿਸ਼ ਸਿੰਘ ਨੇ 'ਦਿ ਟ੍ਰਿਬਿਊਨ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਲਗਭਗ 6:30 ਵਜੇ ਇੱਕ ਸੂਬੇਦਾਰ ਦਾ ਫ਼ੋਨ ਆਇਆ, ਜਿਨ੍ਹਾਂ ਨੇ ਇਸ ਦੁਖਦਾਈ ਹਾਦਸੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ, "ਸੂਬੇਦਾਰ ਨੇ ਸਾਨੂੰ ਦੱਸਿਆ ਕਿ ਬੀਤੀ ਰਾਤ ਡਿਊਟੀ ਦੌਰਾਨ ਪਹਾੜੀ ਤੋਂ ਇੱਕ ਵੱਡੀ ਚੱਟਾਨ (ਬੋਲਡਰ) ਸੁਖਪ੍ਰੀਤ 'ਤੇ ਆ ਡਿੱਗੀ, ਜਿਸ ਕਾਰਨ ਉਸ ਦਾ ਪੈਰ ਫਿਸਲ ਗਿਆ ਅਤੇ ਉਸ ਦੀ ਜਾਨ ਚਲੀ ਗਈ। ਇਸ ਹਾਦਸੇ ਵਿੱਚ ਤਿੰਨ ਹੋਰ ਜਵਾਨ ਵੀ ਜ਼ਖ਼ਮੀ ਹੋਏ ਹਨ।"

Advertisement

ਸੁਖਪ੍ਰੀਤ ਸਿੰਘ ਸਾਲ 2019 ਵਿੱਚ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਭਾਰਤੀ ਸੈਨਾ ਵਿੱਚ ਭਰਤੀ ਹੋਇਆ ਸੀ। ਉਸ ਦੀ ਮੰਗਣੀ ਗੁਆਂਢੀ ਪਿੰਡ ਦੀ ਇੱਕ ਲੜਕੀ ਨਾਲ ਹੋਈ ਸੀ ਅਤੇ ਨਵੰਬਰ ਵਿੱਚ ਦੋਵਾਂ ਦਾ ਵਿਆਹ ਨਿਸ਼ਚਿਤ ਕੀਤਾ ਗਿਆ ਸੀ, ਪਰ ਇਸ ਅਣਹੋਣੀ ਨੇ ਪਰਿਵਾਰ ਦੀਆਂ ਖ਼ੁਸ਼ੀਆਂ ਚੂਰ-ਚੂਰ ਕਰ ਦਿੱਤੀਆਂ। ਗੁਰਦਿਸ਼ ਸਿੰਘ ਨੇ ਦੱਸਿਆ, "ਸੁਖਪ੍ਰੀਤ ਸਾਡੇ ਪਰਿਵਾਰ ਵਿੱਚੋਂ ਫ਼ੌਜ ਵਿੱਚ ਭਰਤੀ ਹੋਣ ਵਾਲਾ ਪਹਿਲਾ ਨੌਜਵਾਨ ਸੀ। ਬਾਰ੍ਹਵੀਂ ਕਰਨ ਤੋਂ ਬਾਅਦ ਹੀ ਉਸ ਵਿੱਚ ਫ਼ੌਜ 'ਚ ਜਾਣ ਦਾ ਜਜ਼ਬਾ ਜਾਗਿਆ ਸੀ। ਉਹ ਆਖਰੀ ਵਾਰ ਲਗਭਗ ਤਿੰਨ ਮਹੀਨੇ ਪਹਿਲਾਂ ਛੁੱਟੀ ਆਇਆ ਸੀ।"

Advertisement

ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਸੁਖਪ੍ਰੀਤ ਆਪਣੇ ਪਿੱਛੇ ਮਾਤਾ-ਪਿਤਾ ਅਤੇ ਇੱਕ ਛੋਟੀ ਭੈਣ ਛੱਡ ਗਿਆ ਹੈ, ਜੋ ਇਸ ਵੇਲੇ ਕੈਨੇਡਾ ਵਿੱਚ ਪੜ੍ਹਾਈ ਕਰ ਰਹੀ ਹੈ। ਪਰਿਵਾਰ ਅਨੁਸਾਰ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਅਜੇ ਪਹੁੰਚਣੀ ਬਾਕੀ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ, ਕਿਉਂਕਿ ਉਸ ਦੀ ਛੋਟੀ ਭੈਣ ਵੀਰਵਾਰ ਨੂੰ ਭਾਰਤ ਪਹੁੰਚ ਰਹੀ ਹੈ।

ਪਿੰਡ ਬੁੱਟਰ ਬਖੂਆ ਦੇ ਨਿਵਾਸੀਆਂ ਨੇ ਸੁਖਪ੍ਰੀਤ ਸਿੰਘ ਨੂੰ ਇੱਕ ਨਿਮਰ ਅਤੇ ਮਿਲਣਸਾਰ ਨੌਜਵਾਨ ਵਜੋਂ ਯਾਦ ਕੀਤਾ। ਪਿੰਡ ਦੇ ਰਹਿਣ ਵਾਲੇ ਹਰਬੰਸ ਸਿੰਘ ਨੇ ਕਿਹਾ, "ਉਹ ਬਹੁਤ ਹੀ ਹੋਣਹਾਰ ਲੜਕਾ ਸੀ ਅਤੇ ਪਿੰਡ ਵਿੱਚ ਹਰ ਕਿਸੇ ਦਾ ਸਤਿਕਾਰ ਕਰਦਾ ਸੀ। ਉਸ ਦੀ ਇਸ ਅਚਾਨਕ ਮੌਤ ਨਾਲ ਪੂਰੇ ਪਿੰਡ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।"

Advertisement
×