ਜੇ ਕੇ ਐੱਲ ਆਈ ਰੈਜੀਮੈਂਟ ਵਿੱਚ 262 ਰੰਗਰੂਟ ਸ਼ਾਮਲ
ਕੁਪਵਾੜਾ ਤੇ ਸ੍ਰੀਨਗਰ ਸਣੇ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਨੇ ਚੁੱਕੀ ਸਹੁੰ
ਜੰਮੂ ਕਸ਼ਮੀਰ ਲਾਈਟ ਇਨਫੈਂਟਰੀ (ਜੇ ਕੇ ਐੱਲ ਆਈ) ਰੈਜੀਮੈਂਟ ਵਿੱਚ ਅੱਜ ਰਸਮੀ ਤੌਰ ’ਤੇ 250 ਤੋਂ ਵੱਧ ਰੰਗਰੂਟ ਸ਼ਾਮਲ ਕੀਤੇ ਗਏ। ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਬਡਗਾਮ ਅਤੇ ਸ੍ਰੀਨਗਰ ਵਰਗੇ ਜ਼ਿਲ੍ਹਿਆਂ ਨਾਲ ਸਬੰਧਤ 262 ਨੌਜਵਾਨਾਂ ਨੇ ਜਵਾਨਾਂ ਵਜੋਂ ਸਹੁੰ ਚੁੱਕੀ ਅਤੇ ਦੇਸ਼ ਦੀ ਰਾਖੀ ਕਰਨ ਦਾ ਅਹਿਦ ਲਿਆ। ਵ੍ਹਾਈਟ ਨਾਈਟ ਕੋਰ ਦੇ ਜਨਰਲ ਅਫਸਰ ਕਮਾਂਡਿੰਗ (ਜੀ ਓ ਸੀ) ਲੈਫਟੀਨੈਂਟ ਜਨਰਲ ਪੀ ਕੇ ਮਿਸ਼ਰਾ ਨੇ ਧਨਸਾਲ ਸਥਿਤ ਜੇ ਕੇ ਐੱਲ ਆਈ ਰੈਜੀਮੈਂਟਲ ਸਿਖਲਾਈ ਕੇਂਦਰ ਵਿੱਚ ਹੋਈ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ।
ਇਸ ਮੌਕੇ ਜਵਾਨਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਸਹਿਯੋਗ ਲਈ ‘ਗੌਰਵ ਪਦਕ’ ਨਾਲ ਸਨਮਾਨਿਤ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਮਿਸ਼ਰਾ ਨੇ ਕਿਹਾ ਕਿ ਇਹ ਭਰਤੀ ਹੋਏ ਜਵਾਨ ਸਿਰਫ਼ ਵਰਦੀ ਦੀ ਹੀ ਨਹੀਂ ਸਗੋਂ ਭਾਰਤ ਦੀ ਅਸਲ ਭਾਵਨਾ ਦੀ ਵੀ ਸੇਵਾ ਕਰਨਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਇਸ ਸਮਾਗਮ ਨੂੰ ਭਾਰਤ ਦੀ ਪ੍ਰਭੂਸੱਤਾ ਦੀ ਰਾਖੀ ਲਈ ਉਨ੍ਹਾਂ ਦੇ ਸੰਕਲਪ ਦੀ ਪੁਸ਼ਟੀ ਕਰਾਰ ਦਿੱਤਾ।
ਰੱਖਿਆ ਤਰਜਮਾਨ ਨੇ ਦੱਸਿਆ ਕਿ ਤ੍ਰਿਕੁਟਾ ਪਹਾੜੀਆਂ ਦੀ ਗੋਦ ਅਤੇ ਸਰਦੀਆਂ ਦੇ ਮੌਸਮ ਵਿੱਚ ਜੰਮੂ ਕਸ਼ਮੀਰ ਦੇ 262 ਬਹਾਦਰ ਜਵਾਨਾਂ ਨੇ ਆਪਣਾ ਨਾਂ ਜੇ ਕੇ ਐੱਲ ਆਈ ਰੈਜੀਮੈਂਟਲ ਸੈਂਟਰ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਦਰਜ ਕਰਵਾਇਆ ਹੈ। ਪਰੇਡ ਗਰਾਊਂਡ ਵਿੱਚ ਗੂੰਜਦੀਆਂ ਧੁਨਾਂ ਦੌਰਾਨ ਰੰਗਰੂਟਾਂ ਨੇ ਪੂਰੇ ਅਨੁਸ਼ਾਸਨ ਅਤੇ ਮਾਣ ਨਾਲ ਮਾਰਚ ਕੀਤਾ ਜੋ ਉਨ੍ਹਾਂ ਦੀ ਸਖ਼ਤ ਸਿਖਲਾਈ ਅਤੇ ਦੇਸ਼ ਪ੍ਰਤੀ ਸਮਰਪਣ ਭਾਵਨਾ ਨੂੰ ਦਰਸਾਉਂਦਾ ਹੈ।

