DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jantar Mantar Protest ਦੇ ਦੂਜੇ ਦਿਨ 200 ਜਣੇ ਫੜੇ

ਦਿੱਲੀ ਪੁਲੀਸ ਵੱਲੋਂ 20 ਐੱਫ ਆਈ ਆਰ ਦਰਜ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਪ੍ਰਦਰਸ਼ਨ ਦੇ ਦੂਜੇ ਦਿਨ ਐਤਵਾਰ ਨੂੰ ਪੁਲੀਸ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਂਦੀ ਹੋਈ। -ਫੋਟੋ: ਪੀਟੀਆਈ
Advertisement
ਕੌਕਰੋਚ ਜਨਤਾ ਪਾਰਟੀ ਨੇ ਐਤਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਵਿੱਢੇ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ ਹੈ। ਸੀ ਜੇ ਪੀ ਵੱਲੋਂ ਅੱਜ ਲਗਾਤਾਰ ਦੂਜੇ ਦਿਨ ਜੰਤਰ ਮੰਤਰ ਉੱਤੇ ਪ੍ਰਦਰਸ਼ਨਾਂ ਦੇ ਦਿੱਤੇ ਸੱਦੇ ਦਰਮਿਆਨ ਲਗਪਗ 200 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦਿੱਲੀ ਪੁਲੀਸ ਨੇ ਸ਼ਨਿੱਚਰਵਾਰ ਦੇ ਸੀ ਜੇ ਪੀ ਪ੍ਰਦਰਸ਼ਨਾਂ ਸਬੰਧੀ 20 ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਪੁਲੀਸ ਅਮਲੇ ਉੱਤੇ ਹਮਲਾ, ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਤੋ ਰੋਕਣਾ ਸਣੇ ਹੋਰ ਧਾਰਾਵਾਂ ਸ਼ਾਮਲ ਹਨ।

ਐਤਵਾਰ ਨੂੰ ਸਾਰੇ ਮੈਟਰੋ ਸਟੇਸ਼ਨ ਖੁੱਲ੍ਹੇ ਤੇ ਲੁਟਿਅਨਜ਼ ਦਿੱਲੀ ਵਿੱਚ ਵੀ ਆਵਾਜਾਈ ਬਹਾਲ ਰਹੀ। ਦਿੱਲੀ ਪੁਲੀਸ ਨੇ ਜੰਤਰ ਮੰਤਰ ਵੱਲ ਵਧ ਰਹੇ 200 ਦੇ ਕਰੀਬ ਵਿਦਿਆਰਥੀਆਂ ਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ’ਚੋਂ ਕਈਆਂ ਨੂੰ ਧੂਹ ਕੇ ਬੱਸਾਂ ਵਿੱਚ ਬਿਠਾਇਆ ਗਿਆ। ਭਾਰਤੀ ਵਿਦਿਆਰਥੀ ਸੰਘ, ਆਇਸਾ ਅਤੇ ਕ੍ਰਾਂਤੀਕਾਰੀ ਯੁਵਾ ਸੰਗਠਨ ਸਣੇ ਕਈ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰਾਂ ਅਤੇ ਸੀ ਜੇ ਪੀ ਹਮਾਇਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਵਿੱਚ ਸੀ ਪੀ ਆਈ ਐੱਮ ਦੇ ਰਾਜ ਸਭਾ ਮੈਂਬਰ ਜੌਨ ਬ੍ਰਿਟਾਸ ਅਤੇ ਆਇਸਾ ਪ੍ਰਧਾਨ ਨੇਹਾ ਬੋਰਾ ਵੀ ਸ਼ਾਮਲ ਸੀ। ਆਨਲਾਈਨ ਸਰਕੁਲੇਟ ਵੀਡੀਜ਼ ਵਿੱਚ ਮਹਿਲਾ ਪੁਲੀਸ ਕਰਮੀ ਬੋਰਾ ਨੂੰ ਬਾਹਾਂ ਤੇ ਲੱਤਾਂ ਤੋਂ ਫੜ ਕੇ ਲਿਜਾਂਦੀ ਦਿਸੀ। ਕਨਾਟ ਪਲੇਸ ਇਨਰ ਸਰਕਲ ਤੇ ਰਾਜੀਵ ਚੌਕ ਨੇੜੇ ਪ੍ਰਦਰਸ਼ਨਕਾਰੀਆਂ ਨੇ ਗਿਆਨੇਸ਼ ਦੀ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ।

Advertisement

ਰਾਜ ਸਭਾ ਮੈਂਬਰ ਜੌਹਨ ਬ੍ਰਿਟਾਸ ਜ਼ਖ਼ਮੀ

Advertisement

ਐਤਵਾਰ ਦੇ ਪ੍ਰਦਰਸ਼ਨਾਂ ਦੌਰਾਨ ਦਿੱਲੀ ਪੁਲੀਸ ਵੱਲੋਂ ਕੀਤੀ ਕਥਿਤ ਖਿੱਚਧੂਹ ਦੌਰਾਨ ਸੀ ਪੀ ਐੱਮ ਆਗੂ ਜੌਹਨ ਬ੍ਰਿਟਾਸ ਜ਼ਖ਼ਮੀ ਹੋ ਗਏ। ਰਾਜ ਸਭਾ ਮੈਂਬਰ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਐਕਸਰੇ ਤੇ ਹੋਰ ਮੈਡੀਕਲ ਜਾਂਚ ਕੀਤੀ ਗਈ। ਪਾਰਟੀ ਦੇ ਜਨਰਲ ਸਕੱਤਰ ਐੱਮ ਏ ਬੇਬੀ ਅਤੇ ਆਰ ਜੇ ਡੀ ਸੰਸਦ ਮੈਂਬਰ ਮਨੋਜ ਝਾਅ ਨੇ ਹਸਪਤਾਲ ਜਾ ਕੇ ਉਨ੍ਹਾਂ ਦੀ ਖ਼ਬਰਸਾਰ ਲਈ। ਬੇਬੀ ਨੇ ਮਗਰੋਂ ਕਿਹਾ ਕਿ ਦਿੱਲੀ ਪੁਲੀਸ ਨੇ ਆਪਣੇ ਵਾਹਨਾਂ ਨੂੰ ‘ਤਸੀਹੇ ਦੇਣ ਵਾਲੇ ਕੈਂਪਾਂ’ ਵਿੱਚ ਤਬਦੀਲ ਕਰ ਦਿੱਤਾ ਹੈ। ਐੱਸ ਐੱਫ ਆਈ ਪ੍ਰਧਾਨ ਆਦਰਸ਼ ਐੱਮ ਸਾਜੀ ਅਤੇ ਡੀ ਵਾਈ ਐੱਫ ਆਈ ਸੀ ਈ ਸੀ ਮੈਂਬਰ ਜੈਕ ਸੀ ਥੌਮਸ ਉੱਤੇ ਪੁਲੀਸ ਵਾਹਨਾਂ ਅੰਦਰ ਹਮਲਾ ਕੀਤਾ ਗਿਆ। ਬੇਬੀ ਨੇ ਦਾਅਵਾ ਕੀਤਾ ਕਿ ਮਹਿਲਾ ਪ੍ਰਦਰਸ਼ਨਕਾਰੀਆਂ ’ਤੇ ਹਮਲੇ ਕੀਤੇ ਗਏ ਅਤੇ ਉਨ੍ਹਾਂ ਨੂੰ ਪੁਲੀਸ ਵਾਹਨਾਂ ’ਚ ਘੰਟਿਆਂਬੱਧੀ ਬਿਠਾ ਕੇ ਰੱਖਿਆ ਗਿਆ। ਪੁਲੀਸ ਨੇ ਦਿੱਲੀ ਨੂੰ ਜੰਗ ਦੇ ਮੈਦਾਨ ’ਚ ਬਦਲ ਦਿੱਤਾ ਹੈ।

ਦੀਪਕੇ ਤੇ ਸਾਥੀ ਸ਼ਰਤਾਂ ਤਹਿਤ ਰਿਹਾਅ

ਸੀ ਜੇ ਪੀ ਆਗੂਆਂ ਅਭਿਜੀਤ ਦੀਪਕੇ, ਆਸ਼ੂਤੋਸ਼ ਰਾਂਕਾ ਤੇ ਸੌਰਵ ਦਾਸ ਨੂੰ ਅੱਜ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ। ਉਨ੍ਹਾਂ ਨੂੰ ਇਕ ਸਾਲ ਤੱਕ ‘ਸ਼ਾਂਤੀ ਭੰਗ’ ਕਰਨ ਤੋਂ ਵਰਜਿਆ ਗਿਆ ਹੈ। ਆਗੂਆਂ ਤੋਂ 50 ਹਜ਼ਾਰ ਰੁਪਏ ਦਾ ਜ਼ਮਾਨਤੀ ਬਾਂਡ ਭਰਾਇਆ ਗਿਆ। ਦਾਸ ਨੇ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਨੇ ਰਾਜ ਨੂੰ ਆਪਣੇ ਹੀ ਨਾਗਰਿਕਾਂ ਵਿਰੁੱਧ ਖੜ੍ਹਾ ਕਰ ਦਿੱਤਾ ਹੈ। ਨਿਰਧਾਰਿਤ ਥਾਂ (ਜੰਤਰ ਮੰਤਰ) ’ਤੇ ਪ੍ਰਦਰਸ਼ਨ ਕਰਨ ਦੇ ਚਾਹਵਾਨ ਵਿਖਾਵਾਕਾਰੀਆਂ ਦੇ ਰਾਹ ਡੱਕਣ ਦੀ ਥਾਂ, ਅਧਿਕਾਰੀ ਗੱਲਬਾਤ ਲਈ ਕਿਸੇ ਵਫ਼ਦ ਨੂੰ ਸੱਦਾ ਦੇ ਸਕਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਪੁਲੀਸ ਨੇ ਹਿਰਾਸਤ ਦੌਰਾਨ ਬਿਨਾਂ ਕੋਈ ਜ਼ਬਤੀ ਮੀਮੋ ਜਾਰੀ ਕੀਤਿਆਂ ਉਨ੍ਹਾਂ ਦੇ ਫੋਨ ਲੈ ਲਏ, ਜਿਸ ਨਾਲ ਇਨ੍ਹਾਂ ਯੰਤਰਾਂ ਨੂੰ ਹੈਕ ਜਾਂ ਕਲੋਨ ਕੀਤੇ ਜਾਣ ਦਾ ਖ਼ਦਸ਼ਾ ਹੈ। ਫੋਨਾਂ ਨੂੰ ਹੈਕ ਜਾਂ ਕਲੋਨ ਕਰ ਕੇ ਮਿਲੇ ਦਸਤਾਵੇਜ਼ ਜਾਂ ਹੋਰ ਸਮੱਗਰੀ ਮਗਰੋਂ ਉਨ੍ਹਾਂ ਵਿਰੁੱਧ ਸਬੂਤ ਵਜੋਂ ਵਰਤੀ ਜਾ ਸਕਦੀ ਹੈ।’’ ਸੀ ਜੇ ਪੀ ਦੇ ਸਹਿ ਕਨਵੀਨਰ ਆਸ਼ੂਤੋਸ਼ ਰਾਂਕਾ ਨੇ ਕਿਹਾ ਕਿ ਗਿਆਨੇਸ਼ ਦੇ ਅਸਤੀਫ਼ੇ ਤੱਕ ਮੁਜ਼ਾਹਰੇ ਨਹੀਂ ਰੁਕਣਗੇ। ਨਿਰਧਾਰਿਤ ਥਾਂ ਉੱਤੇ ਪ੍ਰਦਰਸ਼ਨ ਦਾ ਮਤਲਬ ਸ਼ਾਂਤੀ ਭੰਗ ਕਰਨਾ ਨਹੀਂ। ਸ਼ਾਂਤੀ ਤਾਂ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਗਿਆਨੇਸ਼ ਕੁਮਾਰ ਨੇ ਭੰਗ ਕੀਤੀ ਹੈ। ਯੂਟਿਊਬਰ ਧਰੁਵ ਰਾਠੀ ਨੇ ਦਾਅਵਾ ਕੀਤਾ ਕਿ ਲੰਘੇ ਦਿਨ ਉਸ ਨੂੰ ਗੁਰੂਗ੍ਰਾਮ ਸਥਿਤ ਰਿਹਾਇਸ਼ ਤੋਂ ਹਿਰਾਸਤ ਵਿੱਚ ਨਹੀਂ ਲਿਆ ਗਿਆ ਬਲਕਿ ‘ਅਗਵਾ’ ਕੀਤਾ ਗਿਆ ਸੀ।

ਸੀ ਜੇ ਪੀ ਨੇ ਅਚਾਨਕ ਚੋਣ ਮੁੱਦਿਆਂ ਵੱਲ ਰੁਖ਼ ਕੀਤਾ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਅੱਜ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਸਮੂਹ ਜੋ ਕੁਝ ਮਹੀਨੇ ਪਹਿਲਾਂ ਹੀ ਹੋਂਦ ਵਿੱਚ ਆਇਆ ਸੀ ਅਤੇ ਕਥਿਤ ਨੀਟ ਪੇਪਰ ਲੀਕ ਤੇ ਮੁੱਖ ਤੌਰ ’ਤੇ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਲੈ ਕੇ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ, ਨੇ ਅਚਾਨਕ ਆਪਣਾ ਧਿਆਨ ਚੋਣ ਸਿਆਸਤ ਨਾਲ ਜੁੜੇ ਮੁੱਦੇ ਵੱਲ ਮੋੜ ਲਿਆ ਹੈ।ਭਾਜਪਾ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਭਾਜਪਾ ਦੇ ਰਾਜ ਸਭਾ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਤਨਜ਼ ਕੱਸਦਿਆਂ ਕਿਹਾ, ‘‘ਸ਼ਾਇਦ ਰੇਡੀਓਐਕਟਿਵ ਰਹਿੰਦ-ਖੂੰਹਦ ਵਿੱਚ ਵੀ ਐਨੀ ਤੇਜ਼ੀ ਨਾਲ ਤਬਦਲੀ ਦੇਖਣ ਨੂੰ ਨਹੀਂ ਮਿਲਦੀ।’’ ਇਸ ਦੌਰਾਨ ਸੀ ਜੇ ਪੀ ਨੇਤਾਵਾਂ ਵੱਲੋਂ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੇ ਸੰਕਲਪ ਬਾਰੇ ਪੁੱਛਣ ’ਤੇ, ਤ੍ਰਿਵੇਦੀ ਨੇ ਕਿਹਾ, ‘‘ਦੇਖੋ, ਹਰ ਕਿਸੇ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਉਸ ਤੋਂ ਬਾਅਦ ਇਸ ਨੂੰ ਕਿੰਨਾ ਕੁ ਸਵੀਕਾਰ ਕੀਤਾ ਜਾਂਦਾ ਹੈ, ਇਹ ਬਿਲਕੁਲ ਵੱਖਰੀ ਗੱਲ ਹੈ।’’ -ਪੀਟੀਆਈ

Advertisement
×