20 ਪਿੰਡਾਂ ਨੇ ਸਿੰਘੂ ਬਾਰਡਰ ਦਾ ਇੱਕ ਹਿੱਸਾ ਖੋਲ੍ਹਣ ਦੀ ਮੰਗ ਕੀਤੀ

ਕਿਸਾਨਾਂ ਨੂੰ ਦਸ ਦਿਨ ਦਾ ਸਮਾਂ ਦਿੱਤਾ;  ਅਜਿਹਾ ਨਾ ਹੋਣ ਦੀ ਸੂਰਤ ’ਚ  100 ਪਿੰਡਾਂ ਦੀ  ‘ਮਹਾਪੰਚਾਇਤ’ ਕਰਾਂਗੇ: ਸਰੋਹਾ

20 ਪਿੰਡਾਂ ਨੇ ਸਿੰਘੂ ਬਾਰਡਰ ਦਾ ਇੱਕ ਹਿੱਸਾ ਖੋਲ੍ਹਣ ਦੀ ਮੰਗ ਕੀਤੀ

ਸਿੰਘੂ ਮੋਰਚੇ ’ਚ ਸ਼ਾਮਲ ਹੁੰਦੇ ਹੋਏ ਹਰਿਆਣਾ ਦੇ ਕਿਸਾਨ।

ਚੰਡੀਗੜ੍ਹ, 20 ਜੂਨ

ਹਰਿਆਣਾ ਦੇ ਸੋਨੀਪਤ ਵਿੱਚ ਕਰੀਬ 20 ਪਿੰਡਾਂ ਦੇ ਲੋਕਾਂ ਨੇ ‘ਮਹਾਪੰਚਾਇਤ’ ਕਰ ਕੇ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੋਂ ਉਨ੍ਹਾਂ ਦੇ ਇਲਾਕਿਆਂ ਨੂੰ ਦਿੱਲੀ ਦੇ ਸਿੰਘੂ ਬਾਰਡਰ ਨੂੰ ਜੋੜਨ ਵਾਲੀ ਸੜਕ ਦਾ ਇੱਕ ਰਸਤਾ ਖ਼ਾਲੀ ਕਰਨ ਦੀ ਮੰਗ ਕੀਤੀ ਹੈ। ‘ਮਹਾਪੰਚਾਇਤ’ ਦੀ ਅਗਵਾਈ ਕਰਨ ਵਾਲੇ ਰਾਮਫਲ ਸਰੋਹਾ ਨੇ ਸੋਨੀਪਤ ਦੇ ਸੇਰਸਾ ਵਿੱਚ ਪੱਤਰਕਾਰਾਂ ਨੂੰ ਕਿਹਾ, ‘‘ਨੌਕਰੀ ਦੇ ਮਾਮਲੇ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਿਊਸ਼ਨ ਅਤੇ ਕੋਚਿੰਗ ਲਈ ਜਾਣ ਵਾਲੇ ਵਿਦਿਆਰਥੀ ਵੀ ਪ੍ਰਭਾਵਿਤ ਹੁੰਦੇ ਹਨ। ਉਦਯੋਗਿਕ ਇਕਾਈਆਂ ਅਤੇ ਕਈ ਦੁਕਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਸਾਨੂੰ ਕਿਸਾਨਾਂ ਤੋਂ ਕੋਈ ਸਮੱਸਿਆ ਨਹੀਂ ਹੈ, ਅਸੀਂ ਉਨ੍ਹਾਂ ਖ਼ਿਲਾਫ਼ ਨਹੀਂ ਹਾਂ, ਪਰ ਨਾਗਰਿਕ ਹੋਣ ਕਾਰਨ ਸਾਨੂੰ ਵੀ ਬਰਾਬਰ ਦਾ ਅਧਿਕਾਰ ਹੈ।’’ ਸਰੋਹਾ ਨੇ ਕਿਹਾ, ‘‘ਪ੍ਰਦਰਸ਼ਨਕਾਰੀਆਂ ਨੇ ਪਿਛਲੇ ਸੱਤ ਮਹੀਨਿਆਂ ਤੋਂ ਪੂਰੀ ਸੜਕ ਰੋਕ ਰੱਖੀ ਹੈ। ਅਸੀਂ ਮੰਗ ਕਰ ਰਹੇ ਹਾਂ ਕਿ ਇਸ ਦੇ ਇੱਕ ਪਾਸੇ ਦਾ ਰਸਤਾ ਖ਼ਾਲੀ ਕੀਤਾ ਜਾਵੇ ਕਿਉਂਕਿ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਸਰੋਹਾ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਪੂਰੀ ਕਰਨ ਲਈ ਦਸ ਦਿਨ ਦਾ ਸਮਾਂ ਦਿੱਤਾ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਦਿੱਲੀ ਵਿੱਚ ਹੋਰ ਵੀ ਵੱਡੀ ਮਹਾਪੰਚਾਇਤ ਹੋਵੇਗੀ, ਜਿਸ ਵਿੱਚ ਕੁੰਡਲੀ, ਨਰੇਲਾ ਅਤੇ ਹਰਿਆਣਾ ਅਤੇ ਦਿੱਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ 100 ਤੋਂ ਵੱਧ ਪਿੰਡ ਹਿੱਸਾ ਲੈਣਗੇ। ਸਰੋਹਾ ਨੇ ਕਿਹਾ ਕਿ ਕੁੰਡਲੀ ਬਾਰਡਰ ਨਾਲ ਲਗਦੇ ਹਰਿਆਣਾ ਦੇ ਲਗਪਗ 15 ਪਿੰਡਾਂ ਅਤੇ ਸਿੰਘੂ ਬਾਰਡਰ ਦੇ ਦਿੱਲੀ ਦੇ ਪੰਜ ਪਿੰਡਾਂ ਨੇ ਇਸ ਮਹਾਪੰਚਾਇਤ ਵਿੱਚ ਹਿੱਸਾ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All