ਮੁੰਬਈ, 12 ਜੁਲਾਈ
ਇੱਥੇ ਦੱਖਣੀ ਮੁੰਬਈ ਵਿੱਚ ਸਥਿਤ ਰਾਜ ਭਵਨ ’ਚ 16 ਮੁਲਾਜ਼ਮ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਰਾਜ ਭਵਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਖ਼ੁਦ ਨੂੰ ਇਕਾਂਤਵਾਸ ਕਰਨ ਦੀਆਂ ਖ਼ਬਰਾਂ ਨੂੰ ਨਕਾਰਿਆ ਹੈ।
ਇਕ ਬਿਆਨ ਵਿੱਚ ਰਾਜਪਾਲ ਸ੍ਰੀ ਕੋਸ਼ਿਆਰੀ ਨੇ ਕਿਹਾ, ‘‘ਮੈਂ ਬਿਲਕੁਲ ਠੀਕ ਹਾਂ ਅਤੇ ਮੈਂ ਖ਼ੁਦ ਨੂੰ ਇਕਾਂਤਵਾਸ ਨਹੀਂ ਕੀਤਾ ਹੈ। ਮੈਂ ਸਾਰੀ ਲੋੜੀਂਦੀ ਜਾਂਚ ਕਰਵਾ ਲਈ ਹੈ ਜਿਨ੍ਹਾਂ ਦੇ ਨਤੀਜੇ ਨੈਗੇਟਿਵ ਆਏ ਹਨ। ਮੇਰੇ ਅੰਦਰ ਕੋਵਿਡ-19 ਦੇ ਕੋਈ ਲੱਛਣ ਵੀ ਨਹੀਂ ਹਨ।’’ ਉਨ੍ਹਾਂ ਕਿਹਾ ਕਿ ਉਹ ਕਰੋਨਾਵਾਇਰਸ ਤੋਂ ਬਚਾਅ ਸਬੰਧੀ ਸਮਾਜਿਕ ਵਿੱਥ ਕਾਇਮ ਕਰਨ ਅਤੇ ਮਾਸਕ ਪਹਿਨਣ ਵਰਗੇ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਆਪਣੇ ਫ਼ਰਜ਼ ਨਿਭਾਅ ਰਹੇ ਹਨ। ਪਾਜ਼ੇਟਿਵ ਪਾਏ ਗਏ ਮੁਲਾਜ਼ਮਾਂ ਨੂੰ ਰਾਜ ਭਵਨ ’ਚ ਹੀ ਸਥਿਤ ਉਨ੍ਹਾਂ ਦੀਆਂ ਰਿਹਾਇਸ਼ਾਂ ’ਚ ਇਕਾਂਤਵਾਸ ਕਰ ਦਿੱਤਾ ਗਿਆ ਹੈ। -ਪੀਟੀਆਈ