Himachal Pradesh ਵਿੱਚ 135 ਸੜਕਾਂ ਬੰਦ; ਸੂਬੇ ਵਿੱਚ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ
ਮੌਸਮ ਵਿਭਾਗ ਵੱਲੋਂ ਔਰੇਂਜ ਅਤੇ ਯੈਲੋ ਅਲਰਟ ਜਾਰੀ
ਖਰਾਬ ਮੌਸਮ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਲਗਪਗ 135 ਸੜਕਾਂ ਬੰਦ ਪਈਆਂ ਹਨ ਅਤੇ ਮੀਂਹ ਕਾਰਨ ਨੁਕਸਾਨੇ ਜਾਣ ਕਾਰਨ ਲਗਪਗ 44 ਟਰਾਂਸਫਾਰਮਰ ਵੀ ਬੰਦ ਹਨ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਨੁਸਾਰ, ਕੁੱਲ ਬੰਦ ਸੜਕਾਂ ਵਿੱਚੋਂ ਕੁੱਲੂ ਵਿੱਚ 54, ਮੰਡੀ ਵਿੱਚ 43 , ਸ਼ਿਮਲਾ ਵਿੱਚ 15 , ਚੰਬਾ ਵਿੱਚ ਅੱਠ, ਕਾਂਗੜਾ ਅਤੇ ਲਾਹੌਲ ਤੇ ਸਪੀਤੀ ਵਿੱਚ ਪੰਜ-ਪੰਜ, ਸਿਰਮੌਰ ਵਿੱਚ ਚਾਰ ਅਤੇ ਊਨਾ ਵਿੱਚ ਇੱਕ ਸੜਕ ਬੰਦ ਹੈ। ਇਸੇ ਤਰ੍ਹਾਂ ਕੁੱਲੂ ਵਿੱਚ 35, ਸ਼ਿਮਲਾ ਵਿੱਚ ਚਾਰ, ਕਾਂਗੜਾ ਵਿੱਚ ਤਿੰਨ ਅਤੇ ਮੰਡੀ ਵਿੱਚ ਦੋ ਟਰਾਂਸਫਾਰਮ ਖਰਾਬ ਹਨ।
ਸੂਬੇ ਭਰ ਵਿੱਚ ਭਾਰੀ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸੂਬੇ ਦੇ ਮੌਸਮ ਵਿਗਿਆਨ ਕੇਂਦਰ ਨੇ 1 ਅਗਸਤ ਤੱਕ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਹਨ। 27 ਜੁਲਾਈ ਲਈ, ਸੋਲਨ, ਮੰਡੀ, ਬਿਲਾਸਪੁਰ ਅਤੇ ਸਿਰਮੌਰ ਜ਼ਿਲ੍ਹਿਆਂ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਇਨ੍ਹਾਂ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਰਾ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਉਮੀਦ ਹੈ।
ਜਿੱਥੇ 1 ਅਗਸਤ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਰਹਿਣ ਦੀ ਉਮੀਦ ਹੈ, ਉੱਥੇ ਹੀ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਸੈਲਸੀਅਸ ਤੋਂ 4 ਡਿਗਰੀ ਸੈਲਸੀਅਸ ਤੱਕ ਘਟਣ ਦੀ ਸੰਭਾਵਨਾ ਹੈ।
ਉੱਥੇ ਹੀ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਂਦਾ ਰਿਹਾ। ਸੁੰਦਰਨਗਰ ਵਿੱਚ 65.2 ਮਿਲੀਮੀਟਰ, ਕਸੌਲੀ ਵਿੱਚ 22 ਮਿਲੀਮੀਟਰ, ਸ਼ਿਮਲਾ ਵਿੱਚ 13.9 ਮਿਲੀਮੀਟਰ, ਮੰਡੀ ਵਿੱਚ 6.6 ਮਿਲੀਮੀਟਰ ਅਤੇ ਮਨਾਲੀ ਵਿੱਚ 5 ਮਿਲੀਮੀਟਰ ਮੀਂਹ ਪਿਆ।
ਸੂਬੇ ਵਿੱਚ ਸਭ ਤੋਂ ਵੱਧ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਸੀ, ਜੋ ਊਨਾ ਵਿੱਚ ਦਰਜ ਕੀਤਾ ਗਿਆ ਜਦੋਂ ਕਿ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਸੀ, ਜੋ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਕੁਕੁਮਸੇਰੀ ਵਿੱਚ ਦਰਜ ਕੀਤਾ ਗਿਆ।

