ਨੌਜਵਾਨ ਅਤੇ ਊਰਜਾ

ਨੌਜਵਾਨ ਅਤੇ ਊਰਜਾ

ਅਵਿਜੀਤ ਪਾਠਕ

ਮੈਂ ਭਾਵੇਂ ‘ਸੀਨੀਅਰ ਸਿਟੀਜ਼ਨ’ ਹਾਂ ਪਰ ਮੇਰੀ ਰੋਜ਼ਾਨਾ ਜਿ਼ੰਦਗੀ ਤੇ ਮੇਰਾ ਚੌਗਿ਼ਰਦਾ ਨੌਜਵਾਨਾਂ ਦੀ ਸਰਗਰਮ ਮੌਜੂਦਗੀ ਨਾਲ ਭਰਿਆ ਹੈ। ਕਾਰਨ? ਯੂਨੀਵਰਸਿਟੀ ਅਧਿਆਪਕ ਹੋਣ ਨਾਤੇ ਮੇਰਾ ਉਨ੍ਹਾਂ ਨਾਲ ਰਾਬਤਾ ਰਹਿੰਦਾ ਹੈ; ਮੇਰਾ ਮਤਲਬ ਸ਼ਹਿਰੀ/ਮੱਧਵਰਗੀ ਵਿਦਿਆਰਥੀਆਂ ਤੋਂ ਹੈ ਜਿਨ੍ਹਾਂ ਦੇ ਮੈਂ ਅੰਦਰੂਨੀ ਸੰਸਾਰ ਵਿਚ ਦਾਖ਼ਲ ਹੋਣਾ ਤੇ ਉਨ੍ਹਾਂ ਨਾਲ ਮਿਲਣਾ-ਜੁਲਣਾ ਚਾਹੁੰਦਾ ਹਾਂ। ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਨੌਜਵਾਨ ਹੋਣ ਦੇ ਕੀ ਮਾਇਨੇ ਹਨ। ਹੁਣੇ ਹੁਣੇ ਕੌਮੀ ਨੌਜਵਾਨ ਦਿਵਸ (12 ਜਨਵਰੀ) ਲੰਘਿਆ ਹੈ। ਇਸ ਦਿਨ ਮੰਤਰਾਂ ਵਾਂਗ ਚੰਗੀਆਂ ਚੰਗੀਆਂ ਗੱਲਾਂ ਉਚਾਰੀਆਂ ਜਾਂਦੀਆਂ ਹਨ। ਇਥੋਂ ਤੱਕ ਕਿ ਖ਼ੁਦ ਭ੍ਰਿਸ਼ਟ ਹੋਣ ਦੇ ਬਾਵਜੂਦ ਸਿਆਸੀ ਜਮਾਤ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਤੇ ਚੱਲਣ ਦੇ ਉਪਦੇਸ਼ ਦੇਣੋਂ ਨਹੀਂ ਹਟਦੀ (ਇਸ ਦਿਨ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਵੀ ਹੁੰਦਾ ਹੈ) ਤੇ ਉਨ੍ਹਾਂ ਦੀ ਨਿਡਰਤਾ ਦੀ ਭਾਵਨਾ, ਬੇਰੋਕ ਸ਼ਕਤੀ, ਕਰਮਯੋਗ ਆਦਿ ਤੋਂ ਸਿੱਖਿਆ ਲੈਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਮੈਂ ਸਮਝਦਾ ਹਾਂ ਕਿ ਅਜਿਹੇ ਮੌਕਿਆਂ ਤੇ ਜ਼ਰੂਰਤ ਇਹ ਹੈ ਕਿ ਥੋਥੀਆਂ ਬਿਆਨਬਾਜ਼ੀਆਂ ਦੀਆਂ ਇਨ੍ਹਾਂ ਰਸਮਾਂ ਨੂੰ ਲਾਂਭੇ ਕਰ ਕੇ ਡੂੰਘਾਈ ਵਿਚ ਜਾਇਆ ਜਾਵੇ ਅਤੇ ਦੇਸ਼ ਦੇ ਨੌਜਵਾਨਾਂ ਦੀ ਅਸ਼ਾਂਤ ਤੇ ਗੜਬੜਜ਼ਦਾ ਹਾਲਤ ਨੂੰ ਸਮਝਿਆ ਜਾਵੇ।

ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਸਾਡਾ ਨੌਜਵਾਨ ਵਰਗ ਅਜਿਹੇ ਸੰਸਾਰ ਵਿਚ ਵੱਡਾ ਹੋ ਰਿਹਾ ਹੈ ਜਿਸ ਬਾਰੇ ਜਾਪਦਾ ਹੈ ਕਿ ਉਸ ਨੇ ਆਪਣੇ ਸੁਪਨੇ ਗੁਆ ਲਏ ਹਨ। ਇਹ ਅਜਿਹਾ ਸੰਸਾਰ ਜਿਸ ਵਿਚ ਇਕ ਪਾਸੇ ਨਵ-ਉਦਾਰਵਾਦੀ ਆਲਮੀ ਸਰਮਾਏਦਾਰੀ ਤਹਿਤ ਅਥਾਹ ਸਾਧਨ ਹਨ; ਦੂਜੇ ਪਾਸੇ ਹਿੰਸਕ, ਸੱਜੇ ਪੱਖੀ ਤਾਨਾਸ਼ਾਹੀ (ਜਾਂ ‘ਰਾਸ਼ਟਰਵਾਦ’) ਦਾ ਬੋਲਬਾਲਾ ਹੈ। ਜਾਪਦਾ ਹੈ, ਇਸ ਕਾਰਨ ਉਨ੍ਹਾਂ ਦੇ ਸੁਪਨੇ ਹੁਣ ਬਚੇ ਹੀ ਨਹੀਂ: ਉਹ ਸੁਪਨਾ ਜਿਸ ਨੇ ਕਿਸੇ ਵਕਤ ਸ਼ਹੀਦ ਭਗਤ ਸਿੰਘ ਨੂੰ ਇਕ ਹਾਰੇ ਹੋਏ ਮੁਲਕ ਨੂੰ ਝੰਜੋੜ ਕੇ ਜਗਾਉਣ ਲਈ ਪ੍ਰੇਰਿਆ; ਜਾਂ ਉਹ ਸੁਪਨਾ ਜਿਸ ਸਦਕਾ ਜੌਹਨ ਲੈਨਨ ਨੇ ਸਾਨੂੰ ਨਵੀਂ ਦੁਨੀਆ ਦਾ ਤਸੱਵੁਰ ਕਰਨ ਦਾ ਸੁਨੇਹਾ ਦਿੱਤਾ। ਅਜਿਹੇ ਸੰਸਾਰ ਵਿਚ ਪਲ਼ਣ ਤੇ ਵੱਡੇ ਹੋਣ ਬਾਰੇ ਸੋਚੋ, ਜਿਥੇ ਮੁੱਖਧਾਰਾ ਸਿਆਸਤ ਹੋਰ ਕੁਝ ਨਹੀਂ, ਮਹਿਜ਼ ਨਾਟਕ ਹੈ, ਜਾਂ ਇਹ ਦੌਲਤ/ਬਾਹੂਬਲ ਦਾ ਨੰਗਾ ਚਿੱਟਾ ਮੁਜ਼ਾਹਰਾ ਹੈ; ਜਿਥੇ ਸੱਭਿਆਚਾਰ ਟੈਲੀਵਿਜ਼ਨ ਸੋਪ ਓਪੇਰੇ ਵਰਗਾ ਹੈ, ਜਾਂ ਕਾਮੁਕ ਭਾਵਨਾਵਾਂ ਵਾਲਾ ਸ਼ੋਰ-ਸ਼ਰਾਬੇ ਭਰਿਆ ਸੰਗੀਤ ਹੈ; ਧਾਰਮਿਕ ਗੁਰੂ ਵੀ ਰਿਆਸਤ/ਸਟੇਟ ਦੀ ਸ਼ਹਿ ਪ੍ਰਾਪਤ/ਮੀਡੀਆ ਵਿਚ ਛਾਏ ਰਹਿਣ ਦੇ ਸ਼ੌਕੀਨ ਬਾਬੇ ਹਨ; ਸੰਚਾਰ ਸੋਸ਼ਲ ਮੀਡੀਆ ਵਰਗੀ ਕਾਹਲ ਹੈ; ਕਿਸੇ ਇਨਸਾਨ ਦੀ ਕੀਮਤ ਉਸ ਦੇ ਫੇਸਬੁੱਕ/ਟਵਿੱਟਰ/ਯੂਟਿਊਬ ਸਬਸਕ੍ਰਾਈਬਰਾਂ ਜਾਂ ਫਾਲੋਅਰਾਂ ਦੀ ਗਿਣਤੀ ਮੁਤਾਬਕ ਮਾਪੀ ਜਾਂਦੀ ਹੈ; ਤੇ ਭ੍ਰਿਸ਼ਟਾਚਾਰ ਹੁਣ ਕੋਈ ਸ਼ਰਮ ਜਾਂ ਨਮੋਸ਼ੀ ਦਾ ਮਾਮਲਾ ਨਹੀਂ ਰਹਿ ਗਿਆ। ਬਿਲਕੁਲ, ਸਾਡੀ ਮੌਜੂਦਾ ਨੌਜਵਾਨ ਪੀੜ੍ਹੀ ਅਜਿਹੀ ਵਿਆਪਕ ਸਿਆਸੀ-ਸੱਭਿਆਚਾਰਕ ਗਿਰਾਵਟ ਦੇ ਦੌਰ ਵਿਚ ਰਹਿ ਰਹੀ ਹੈ। ਇਸ ਗਿਰਾਵਟ ਦੇ ਨਤੀਜਿਆਂ ਨੂੰ ਦੇਖੋ, ਨੌਜਵਾਨਾਂ ਨੂੰ ‘ਜੈ ਸ੍ਰੀ ਰਾਮ’ ਦੇ ਨਾਅਰਿਆਂ ਰਾਹੀਂ ਕੱਟੜ ਤੇ ਜਨੂਨੀ ਬਣਾਇਆ ਜਾ ਰਿਹਾ ਹੈ, ਕੋਈ ਗੁਮਰਾਹ ‘ਦਲੇਰ’ ਫਿ਼ਦਾਈਨ ਬੰਬ ਬਣ ਰਿਹਾ ਹੈ, ਕੋਈ ਦਿਸ਼ਾਹੀਣ ਨੌਜਵਾਨ ਨਸ਼ੇ ਦੀ ਦੁਰਵਰਤੋਂ ਜਾਂ ਜਿਨਸੀ ਹਿੰਸਾ ਕਰ ਰਿਹਾ ਹੈ, ਕੋਈ ਨੌਜਵਾਨ ਕਰਨ ਜੌਹਰ ਦੀਆਂ ਫਿ਼ਲਮਾਂ ਵਿਚ ਦਿਖਾਏ ਜਾਂਦੇ ਸਤਹੀਪਣ ਦਾ ਸ਼ਿਕਾਰ ਹੈ, ਜਾਂ ਫਿਰ ਖ਼ਪਤਵਾਦੀ ਨੌਜਵਾਨ ਜੋ ਬਾਜ਼ਾਰ ਦੀ ਚਮਕ-ਦਮਕ ਨੇ ਕੀਲਿਆ ਹੋਇਆ ਹੈ।

ਅਧਿਆਪਕ ਹੋਣ ਦੇ ਨਾਤੇ ਮੈਨੂੰ ਇਹ ਆਖਣ ਵਿਚ ਕੋਈ ਝਿਜਕ ਨਹੀਂ ਕਿ ਅਸੀਂ ਨੌਜਵਾਨੀ ਖਿ਼ਲਾਫ਼ ਸਾਜਿ਼ਸ਼ ਰਚੀ ਹੈ, ਕਿਉਂਕਿ ਸਾਡਾ ਵਿੱਦਿਅਕ ਢਾਂਚਾ ਉਨ੍ਹਾਂ ਨੂੰ ਜ਼ਹਿਰੀਲੇ ਸੱਭਿਆਚਾਰ ਅਤੇ ਮਾਨਸਿਕ ਹਿੰਸਾ ਦੇ ਜਾਲ਼ ਤੋਂ ਆਜ਼ਾਦ ਕਰਾਉਣ ਵਿਚ ਨਾਕਾਮ ਰਿਹਾ ਹੈ; ਤੇ ਨਾ ਹੀ ਇਹ ਉਸਾਰੂ ਜੀਵਨ ਊਰਜਾ ਨੂੰ ਨਵਿਆਉਣ ਵਿਚ ਕਾਮਯਾਬ ਹੋ ਸਕਿਆ। ਦੂਜੇ ਲਫ਼ਜ਼ਾਂ ਵਿਚ, ਸਾਡੇ ਲਈ ਇਸ ਢਾਂਚੇ, ਜਿਸ ਨੂੰ ‘ਸਿੱਖਿਆ’ ਆਖਿਆ ਜਾਂਦਾ ਹੈ, ਤੋਂ ਆਸ ਦੀ ਕੋਈ ਕਿਰਨ ਨਹੀਂ ਬਚੀ। ਅਜਿਹਾ ਢਾਂਚਾ ਜਿਸ ਵਿਚ ਸਿੱਖਣ ਦੀ ਸੰਸਥਾਈ ਵਰਗੀਕਰਨ ਪ੍ਰਕਿਰਿਆ, ਇਮਤਿਹਾਨਾਂ ਦੀਆਂ ਰਸਮਾਂ ਅਤੇ ਮਹਿਜ਼ ਕਾਮਯਾਬੀ ਦੀ ਬਾਜ਼ਾਰ ਦੀ ਸਿਧਾਈ ਵਿਚਾਰਧਾਰਾ ਤੇ ਆਧਾਰਿਤ ਇਕਹਿਰੀ ਪਸਾਰੀ ਪਹੁੰਚ ਹੈ। ਦੇਖੋ ਉਹ ਕਿਵੇਂ ਕੋਚਿੰਗ ਸੈਂਟਰਾਂ ਵਾਲੇ ‘ਗੁਰੂਆਂ’ ਦੇ ਦੌਰ ਵਿਚ ਵੱਡੇ ਹੋ ਰਹੇ ਹਨ, ਸਾਇੰਸ ਦੀ ਸਿੱਖਿਆ ਸਭ ਤਰ੍ਹਾਂ ਦੇ ਦਾਖ਼ਲਾ ਇਮਤਿਹਾਨਾਂ ਲਈ ਫਿਜ਼ਿਕਸ, ਕੈਮਿਸਟਰੀ ਅਤੇ ਗਣਿਤ ਦੇ ਪੈਕੇਜ ਆਧਾਰਿਤ ‘ਹੱਲਾਂ’ ਵਿਚ ਮਿਲਦੀ ਹੈ, ਆਈਆਈਟੀਜ਼ ਤੇ ਆਈਆਈਐਮਜ਼ ਦਾ ਸਮਾਜਿਕ ਨਿਰਮਾਣ ਅਜਿਹਾ ਕਿ ਇਨ੍ਹਾਂ ਨੂੰ ‘ਮੁਕਤੀ’ ਦੇ ਅਜਿਹੇ ਟਿਕਾਣੇ ਬਣਾ ਦਿੱਤਾ ਗਿਆ ਹੈ, ਜਿਥੇ ਵਧੀਆ ਨੌਕਰੀਆਂ ਤੇ ਤਨਖ਼ਾਹਾਂ ਦਾ ਭਰੋਸਾ ਮਿਲਦਾ ਹੈ। ਸਾਡੇ ਅੰਦਰ ਇਹ ਗੱਲ ਕਹਿਣ ਦੀ ਹਿੰਮਤ ਹੋਣੀ ਚਾਹੀਦੀ ਹੈ ਕਿ ਇਸ ਸਿੱਖਿਆ ਦਾ ਮਨੁੱਖੀ ਚੇਤਨਾ ਦੇ ਉਭਾਰ ਨਾਲ ਕੋਈ ਸਰੋਕਾਰ ਨਹੀਂ। ਅੱਜਕੱਲ੍ਹ ਅਜਿਹੇ ਨੌਜਵਾਨ ਮਿਲਣੇ ਮੁਸ਼ਕਿਲ ਹਨ ਜਿਹੜੇ ਕਿਸੇ ਵਧੀਆ ਕੋਚਿੰਗ ਸੈਂਟਰ ਵਿਚ ਸੱਤਿਆਜੀਤ ਰੇਅ ਅਤੇ ਅਡੂਰ ਗੋਵਾਲਾਕ੍ਰਿਸ਼ਨਨ ਵਰਗੀਆਂ ਫਿ਼ਲਮੀ ਹਸਤੀਆਂ ਬਾਰੇ ਗੱਲ ਕਰਦੇ ਹੋਣ, ਸ਼ਾਇਦ ਹੀ ਤੁਹਾਨੂੰ ਕਿਸੇ ਪੰਜ-ਤਾਰਾ ਪ੍ਰਾਈਵੇਟ ਯੂਨੀਵਰਸਿਟੀ ਜਾਂ ਤਕਨਾਲੋਜੀ ਇੰਸਟੀਚਿਊਟ ਵਿਚ ਕਦੇ ਅਜਿਹਾ ਨੌਜਵਾਨ ਮਿਲੇ ਜਿਹੜਾ ਨਿਰਪੱਖਤਾ ਤੇ ਨਿਆਂ ਬਾਰੇ ਸੋਚਦਾ ਹੋਵੇ, ਜਾਂ ਉਸ ਨੂੰ ਭੂਪੇਨ ਹਜ਼ਾਰਿਕਾ ਵਰਗਿਆਂ ਦਾ ਸੰਗੀਤ ਤੇ ਗਜਾਨਨ ਮੁਕਤੀਬੋਧ ਵਰਗਿਆਂ ਦੀ ਕਵਿਤਾ ਪਸੰਦ ਹੋਵੇ। ਹੁਣ ਤਾਂ ਸਗੋਂ ਮੁਕਾਬਲੇਬਾਜ਼ੀ ਵਾਲੀ ਇਸ ਦੁਨੀਆ ਵਿਚ ਹਰ ਕੋਈ ਤਿਆਗੀ ‘ਵਿਹਾਰਕ’ ਬਣ ਗਿਆ ਪ੍ਰਤੀਤ ਹੁੰਦਾ ਹੈ। ਜਿਸਮਾਨੀ ਤੌਰ ਤੇ ਜਵਾਨ ਪਰ ਰੂਹਾਨੀ ਤੌਰ ’ਤੇ ਮੁਰਦਾ: ਕਿੰਨੀ ਤ੍ਰਾਸਦਿਕ ਤਬਦੀਲੀ ਹੈ!

ਇਨ੍ਹਾਂ ਅੜਿੱਕਿਆਂ ਦੇ ਬਾਵਜੂਦ, ਮੈਨੂੰ ਇਕ ਸੰਭਾਵਨਾ ਦਿਖਾਈ ਦਿੰਦੀ ਹੈ; ਤੇ ਇਹ ਮੇਰੇ ਸਿੱਖਿਆ ਦੇ ਕਿੱਤੇ ਨੂੰ ਅਰਥ ਦਿੰਦਾ ਹੈ। ਇਸ ਮਨਹੂਸ ਸਮੇਂ ਵਿਚ ਵੀ ਕੁਝ ਅਜਿਹੇ ਨੌਜਵਾਨ ਹਨ ਜਿਨ੍ਹਾਂ ਨੇ ਆਪਣੇ ਸੁਪਨੇ ਨਹੀਂ ਗਵਾਏ; ਉਹ ਅਜੇ ਵੀ ਆਪਣੇ ਆਪ ਨੂੰ ਜਿ਼ੰਦਗੀ-ਮੁਖੀ ਉਸਾਰੂ ਸਰਗਰਮੀਆਂ ਵਿਚ ਪਾਉਣਾ ਚਾਹੁੰਦੇ ਹਨ। ਹਾਲੀਆ ਸਮਿਆਂ ਦੌਰਾਨ ਮੈਂ ਉਨ੍ਹਾਂ ਨੂੰ ਵੱਖ ਵੱਖ ਅੰਦੋਲਨਕਾਰੀ ਟਿਕਾਣਿਆਂ ਤੇ ਦੇਖਿਆ; ਯੂਨੀਵਰਸਿਟੀਆਂ ਦੇ ਵਿਦਿਆਰਥੀ ਦਿੱਲੀ ਵਿਚ ਦੰਗਾ ਪੀੜਤਾਂ ਦੀ ਨਿਸ਼ਕਾਮ ਸੇਵਾ ਤੇ ਉਨ੍ਹਾਂ ਨੂੰ ਰਾਹਤ ਮੁਹੱਈਆ ਕਰਵਾਉਂਦੇ ਜਾਂ ਸੀਏਏ ਦੇ ਪੱਖਪਾਤੀ ਰੂਪ ਖਿ਼ਲਾਫ਼ ਆਪਣੀ ਆਵਾਜ਼ ਉਠਾਉਂਦੇ ਦਿਖਾਈ ਦਿੱਤੇ। ਮੈਂ ਉਨ੍ਹਾਂ ਦੀ ਬੌਧਿਕ ਚੇਤਨਾ ਨੂੰ ਦੇਖਿਆ ਹੈ ਜਿਸ ਨੇ ਜ਼ਰੂਰ ਮਾਰਕਸ ਤੇ ਡਾ. ਅੰਬੇਡਕਰ ਦੀ ਸੋਚ ਵਾਲਿਆਂ ਨੂੰ ਖ਼ੁ਼ਸ਼ੀ ਦਿੱਤੀ ਹੋਵੇਗੀ; ਤੇ ਉਨ੍ਹਾਂ ਦੀ ਵਿਰੋਧ ਵਾਲੀ ਕਲਾ ਵਿਚ ਮੈਨੂੰ ਗਾਂਧੀ ਦੇ ਸੱਤਿਆਗ੍ਰਹਿ ਦੀਆਂ ਝਲਕਾਂ ਮਿਲੀਆਂ ਹਨ।

ਇਸ ਦੇ ਬਾਵਜੂਦ ਬਾਜ਼ਾਰ ਉਨ੍ਹਾਂ ਨੂੰ ‘ਗ਼ੈਰ-ਉਤਪਾਦਕ’ ਕਰਾਰ ਦਿੰਦਾ ਹੈ; ਉਗਰ ਰਾਸ਼ਟਰਵਾਦੀ ਉਨ੍ਹਾਂ ਦੀ ਸੂਖਮ ਚੇਤਨਾ ਨੂੰ ਨਫ਼ਰਤ ਕਰਦੇ ਹਨ; ਤੇ ਦੇਸ਼ਧ੍ਰੋਹ ਦੇ ਮੁਕੱਦਮਿਆਂ ਦੀ ਵਬਾ ਰਾਹੀਂ ਹਾਕਮ ਜਮਾਤ ਉਨ੍ਹਾਂ ਨੂੰ ‘ਅਨੁਸ਼ਾਸਿਤ’ ਤੇ ‘ਖ਼ਾਮੋਸ਼’ ਕਰਨਾ ਚਾਹੁੰਦੀ ਹੈ। ਹਾਂ, ਟੈਕਨੋ-ਅਫ਼ਸਰਸ਼ਾਹਾਨਾ ਮਸ਼ੀਨਰੀ ਨੂੰ ਮਹਿਜ਼ ਵਫ਼ਾਦਾਰ ਜੀ-ਹਜ਼ੂਰੀਆਂ ਦੀ ਲੋੜ ਹੈ; ਕਾਬਜ਼ ਹਾਕਮ ਜਮਾਤ ਨੂੰ ਲੋੜ ਹੈ ‘ਅੰਨ੍ਹੇ ਭਗਤਾਂ’ ਦੀ ਜਿਹੜੇ ਉਨ੍ਹਾਂ ਦੇ ਤਾਨਾਸ਼ਾਹ ਹਾਕਮਾਂ ਦੇ ਹਰ ਹੁਕਮ ਤੇ ਫੁੱਲ ਚੜ੍ਹਾਉਣ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਿਸਟਮ ਨੂੰ ਅਗਾਂਹਵਧੂ, ਸੁਧਾਰਕ ਚੰਗੇ ਨਹੀਂ ਲੱਗਦੇ ਪਰ ਇਸ ਦੌਰਾਨ ਇਹ ਹਾਂ-ਪੱਖੀ ਜੀਵਨ-ਊਰਜਾ ਪਿੱਛੇ ਹਟਣ ਤੋਂ ਇਨਕਾਰੀ ਹੋ ਜਾਂਦੀ ਹੈ।

*ਲੇਖਕ ਸਮਾਜ ਸ਼ਾਸਤਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All