DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਪਣਾ ਖ਼ੂਨ

ਕਰੀਬ ਸੱਤ ਸਾਲ ਪਹਿਲਾਂ ਬੈਂਕਾਂ ਦੇ ਰਲੇਵੇਂ ਮਗਰੋਂ ਮੇਰੀ ਬਦਲੀ ਮਾਲਵੇ ਤੋਂ ਦੋਆਬੇ ਦੀ ਇੱਕ ਤਹਿਸੀਲ ਦੀ ਬੈਂਕ ਸ਼ਾਖਾ ਵਿੱਚ ਹੋ ਗਈ। ਹਾਲੇ ਹਫ਼ਤਾ ਹੀ ਹੋਇਆ ਸੀ ਏਥੇ ਨਿਯੁਕਤੀ ਨੂੰ ਕਿ ਸ਼ਾਖਾ ਪ੍ਰਬੰਧਕ ਵੱਲੋਂ ਡਿਫਾਲਟਰ ਕਰਜ਼ਦਾਰਾਂ ਦੀ ਸੂਚੀ ਸੌਂਪ ਕੇ...

  • fb
  • twitter
  • whatsapp
  • whatsapp
Advertisement

ਕਰੀਬ ਸੱਤ ਸਾਲ ਪਹਿਲਾਂ ਬੈਂਕਾਂ ਦੇ ਰਲੇਵੇਂ ਮਗਰੋਂ ਮੇਰੀ ਬਦਲੀ ਮਾਲਵੇ ਤੋਂ ਦੋਆਬੇ ਦੀ ਇੱਕ ਤਹਿਸੀਲ ਦੀ ਬੈਂਕ ਸ਼ਾਖਾ ਵਿੱਚ ਹੋ ਗਈ। ਹਾਲੇ ਹਫ਼ਤਾ ਹੀ ਹੋਇਆ ਸੀ ਏਥੇ ਨਿਯੁਕਤੀ ਨੂੰ ਕਿ ਸ਼ਾਖਾ ਪ੍ਰਬੰਧਕ ਵੱਲੋਂ ਡਿਫਾਲਟਰ ਕਰਜ਼ਦਾਰਾਂ ਦੀ ਸੂਚੀ ਸੌਂਪ ਕੇ ਵਸੂਲੀ ਲਈ ਘਰ-ਘਰ ਜਾਣ ਦਾ ਹੁਕਮ ਹੋ ਗਿਆ। ਸਕਿਉਰਿਟੀ ਗਾਰਡ ਅਤੇ ਮੈਂ ਮੋਟਰਸਾਈਕਲ ’ਤੇ ਕਈ ਪਿੰਡਾਂ ’ਚ ਗਏ। ਨਵੇਂ ਲੋਕ, ਨਵਾਂ ਮਾਹੌਲ ਪਰ ਜੋ ਗੱਲ ਸਾਂਝੀ ਸੀ, ਉਹ ਸੀ ਲੋਕਾਈ ਦੀ ਪੀੜਾ। ਹਰੇਕ ਘਰ ਦੀ ਆਪਣੀ ਵਿਲੱਖਣ ਸਮੱਸਿਆ। ਕਿਸੇ ਨੂੰ ਬਿਮਾਰੀ ਨੇ ਦੱਬ ਲਿਆ, ਕਿਸੇ ਨੂੰ ਟਰੈਵਲ ਏਜੰਟ ਨੇ ਠੱਗ ਲਿਆ, ਕਿਸੇ ਪਰਿਵਾਰ ਦੇ ਕਮਾਊ ਮੈਂਬਰ ਦੀ ਮੌਤ ਹੋ ਗਈ, ਕਿਸੇ ਦੀ ਫ਼ਸਲ ਮਰ ਗਈ, ਆਦਿ।

ਪਿੰਡਾਂ ਦੇ ਨਾਮ ਵੀ ਨਵੇਂ-ਨਵੇਂ ਜਾਪਦੇ। ਇਨ੍ਹਾਂ ਪਿੰਡਾਂ ’ਚ ਮਾਲਵੇ ਦੇ ਪਿੰਡਾਂ ਵਰਗੀ ਰੌਣਕ ਨਹੀਂ ਸੀ। ਨਾ ਹੀ ਲੋਕਾਂ ’ਚ ਮਲਵਈਆਂ ਵਰਗਾ ਮੋਹ-ਪਿਆਰ। ਜ਼ਿਆਦਾਤਰ ਘਰਾਂ ’ਚ ਪਾਣੀ ਦੀ ਸੁਲ੍ਹਾ ਵੀ ਨ੍ਹੀਂ ਸੀ ਮਾਰੀ ਜਾਂਦੀ। ਪਰ ਦੁਪਹਿਰ ਤੋਂ ਬਾਅਦ ਇੱਕ ਘਰ ’ਚ ਬਿਲਕੁਲ ਵੱਖਰਾ ਤਜਰਬਾ ਹੋਇਆ। ਅਸੀਂ ਘਰ ਦਾ ਬੂਹਾ ਖੜਕਾਇਆ। ਅੰਦਰੋਂ ਇੱਕ ਅੱਧਖੜ ਉਮਰ ਦੀ ਔਰਤ ਆਈ। ਅਸੀਂ ਆਪਣੀ ਪਛਾਣ ਦੱਸੀ ਤੇ ਉਸ ਔਰਤ ਨੇ ਬੜੇ ਸਲੀਕੇ ਨਾਲ ਸਾਨੂੰ ਘਰ ਦੇ ਅੰਦਰ ਬਿਠਾਇਆ। ਸਾਡੇ ਇਨਕਾਰ ਕਰਨ ਦੇ ਬਾਵਜੂਦ ਉਸ ਨੇ ਪਾਣੀ ਪਿਲਾਇਆ ਅਤੇ ਫਿਰ ਚਾਹ ਰੱਖ ਲਈ। ਉਸ ਘਰ ’ਚ ਨਾ ਕੋਈ ਬੱਚਾ ਨਾ ਵੱਡਾ, ਕੇਵਲ ਤੇ ਕੇਵਲ ਦੋ ਲਵੇਰੀਆਂ ਮੱਝਾਂ ਸਨ। ਜਦੋਂ ਮੈਂ ਉਸ ਔਰਤ ਤੋਂ ਬੈਂਕ ਦਾ ਕਰਜ਼ ਨਾ ਮੋੜਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਆਪਣੀ ਸਾਰੀ ਵਿਥਿਆ ਸੁਣਾ ਦਿੱਤੀ। ਪਤੀ ਵਿਦੇਸ਼ ਵਿੱਚ ਸੀ, ਮਿਹਨਤ- ਮੁਸ਼ੱਕਤ ਨਾਲ ਏਥੇ ਚੰਗਾ ਘਰ-ਬਾਰ ਬਣਾ ਲਿਆ। ਪਰ ਇਕਲੌਤਾ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਗਿਆ। ਬਾਪ, ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪੰਜਾਬ ਆ ਰਿਹਾ ਸੀ ਤਾਂ ਰਸਤੇ ’ਚ ਹੀ ਦਿਲ ਦਾ ਦੌਰਾ ਪੈ ਗਿਆ। ਘਰ ਆਉਣ ਦੀ ਬਜਾਏ ਬਾਪ ਦਿੱਲੀ ਕਿਸੇ ਹਸਪਤਾਲ ’ਚ ਦਾਖ਼ਲ ਰਿਹਾ। ਲੱਖਾਂ ਦਾ ਬਿੱਲ ਬਣ ਗਿਆ ਪਰ ਬਚ ਨਾ ਸਕਿਆ। ਔਰਤ ਦਾ ਨਾ ਪੁੱਤ ਰਿਹਾ ਤੇ ਨਾ ਪਤੀ। ਜੋ ਪੂੰਜੀ ਸੀ ਸਾਰੀ ਰੁੜ੍ਹ ਗਈ। ਕੋਲ ਰਹਿ ਗਈ ਮੁਟਿਆਰ ਧੀ ਤੇ ਚਾਰ ਏਕੜ ਜ਼ਮੀਨ। ਧੀ ਦੇ ਹੱਥ ਪੀਲੇ ਕਰਨ ਲਈ ਉਸਨੇ ਵੀਹ ਲੱਖ ਦੀ ਲਿਮਟ ਬਣਾ ਲਈ। ਪਰ ਦਿਓਰ ਨੇ ਝਾਂਸੇ ਨਾਲ ਪੈਸੇ ਆਪ ਵਰਤ ਲਏ ਤੇ ਉਹ ਵਿਦੇਸ਼ ਉਡਾਰੀ ਮਾਰ ਗਿਆ। ਧੀ ਦੇ ਵਿਆਹ ਤੋਂ ਪਹਿਲਾਂ ਹੀ ਬੈਂਕ ਦੀ ਡਿਫਾਲਟਰ ਸੂਚੀ ’ਚ ਨਾਮ ਪੈ ਗਿਆ। ਬੈਂਕ ਮੁਲਾਜ਼ਮਾਂ ਦੇ ਰਿਕਵਰੀ ਲਈ ਗੇੜੇ ਸ਼ੁਰੂ ਹੋ ਗਏ। ਜਦੋਂ ਦਿਓਰ ਪੈਸੇ ਮੋੜਨ ਤੋਂ ਮੁੱਕਰ ਗਿਆ ਤਾਂ ਉਸ ਔਰਤ ਨੇ ਮਿੰਨਤਾਂ-ਤਰਲਿਆਂ ਨਾਲ ਕਿਸੇ ਸ਼ਾਹੂਕਾਰ ਤੋਂ ਹੋਰ ਕਰਜ਼ ਚੁੱਕ ਲਿਆ। ਕਿਸੇ ਰਿਸ਼ਤੇਦਾਰ ਨੇ ਧੀ ਦਾ ਰਿਸ਼ਤਾ ਕੈਨੇਡਾ ਵਸਨੀਕ ਲੜਕੇ ਨਾਲ ਕਰਵਾ ਦਿੱਤਾ। ਧੀ ਵਿਆਹ ਕੇ ਕੈਨੇਡਾ ਚਲੀ ਗਈ। ਗੱਲਾਂ ਦੱਸਦਿਆਂ ਉਹ ਭਾਵੁਕ ਹੋ ਗਈ। ਫੇਰ ਬੋਲੀ, ‘‘ਬੰਦੇ ਖ਼ਰੇ ਨ੍ਹੀਂ ਨਿਕਲੇ ਪੁੱਤ, ਸਾਰੀ ਮੰਗ ਵੀ ਪੂਰੀ ਕੀਤੀ ਸੀ ਮੈਂ। ਹੁਣ ਤੰਗ ਕਰਦੇ ਆ ਕੁੜੀ ਨੂੰ। ਅਖੇ ਜ਼ਮੀਨ ਲਿਆ ਆਪਣੀ ਮਾਂ ਤੋਂ।’’ ਮੁੰਡੇ ਵਾਲਿਆਂ ਦਾ ਪਿੱਛਾ ਪੁੱਛਣ ’ਤੇ ਉਹ ਬੋਲੀ, ‘‘ਪਿੱਛਾ ਉਨ੍ਹਾਂ ਦਾ ਮੌੜਾਂ ਪਿੰਡ ਦਾ ਐ, ਜਿਉਣੇ ਆਲੀਆਂ ਮੌੜਾਂ ਆਖਦੇ ਨੇ।’’ ਮੈਨੂੰ ਇਹ ਸੁਣ ਕੇ ਝਟਕਾ ਜਿਹਾ ਲੱਗਾ। ਮੈਂ ਦੱਸਿਆ ਕਿ ਮੇਰਾ ਪਿੰਡ ਵੀ ਜਿਉਣੇ ਆਲੀਆਂ ਮੌੜਾਂ ਦੇ ਨਾਲ ਹੀ ਐ। ਸਾਰੀ ਵਿਥਿਆ ਸੁਣਾ ਕੇ ਉਹ ਆਪ ਹੀ ਬੋਲੀ, ‘‘ਪੁੱਤ ਤੁਸੀਂ ਮੁਲਾਜ਼ਮ ਹੋ, ਗੇੜਾ ਮਾਰਨਾ ਤੁਹਾਡਾ ਫ਼ਰਜ਼ ਐ। ਪਰ ਏਸ ਵਕਤ ਪੈਸਾ ਤਾਰਨਾ ਮੇਰੇ ਵਸ ਦੀ ਗੱਲ ਨਹੀਂ। ਤੁਸੀਂ ਜੀ ਸਦਕੇ ਜਦੋਂ ਮਰਜ਼ੀ ਆਓ। ਚਾਹ ਪਾਣੀ ਪੀਓ। ਜਦੋਂ ਮੈਨੂੰ ਠੀਕ ਭਾਅ ਮਿਲਿਆ ਤਾਂ ਮੈਂ ਨਿਆਈਂ ਵਾਲਾ ਇੱਕ ਕਿੱਲਾ ਵੇਚ ਕੇ ਪੈਸੇ ਤਾਰ ਦਿਆਂਗੀ।’’ ਅਸੀਂ ਦਿਲਾਸਾ ਦੇਣ ਜੋਗੇ ਵੀ ਨਹੀਂ ਸੀ, ਤਕਦੀਰਾਂ ਦੇ ਸੌਦੇ ਜੋ ਨੇ। ਭਰੇ ਮਨ ਨਾਲ ਵਾਪਸ ਆ ਗਏ। ਹਫ਼ਤੇ-ਦਸ ਦਿਨ ਪਿੱਛੋਂ ਸਾਨੂੰ ਹਦਾਇਤਾਂ ਅਨੁਸਾਰ ਗੇੜਾ ਤਾਂ ਮਾਰਨਾ ਪੈਂਦਾ ਪਰ ਅਸੀਂ ਕਰਜ਼ੇ ਦੀ ਗੱਲ ਨਾ ਕਰਦੇ। ਐਵੇਂ ਲਗਪਗ ਡੇਢ ਸਾਲ ਲੰਘ ਗਿਆ। ਫ਼ੇਰ ਇੱਕ ਦਿਨ ਉਸ ਔਰਤ ਨੇ ਸਾਨੂੰ ਫ਼ੋਨ ਕਰਕੇ ਘਰ ਬੁਲਾਇਆ। ਉਹ ਬੋਲੀ, ‘‘ਪੁੱਤ ਨਿਆਈਂ ਵਾਲੇ ਕਿਲੇ ਦਾ ਸੌਦਾ ਲਗਪਗ ਤੈਅ ਹੈ। ਮੇਰਾ ਭਤੀਜਾ ਆਊਗਾ ਅਗਲੇ ਹਫ਼ਤੇ ਤੱਕ। ਓਹੀ ਪੱਕੀ ਗੱਲ ਕਰੂਗਾ ਡੀਲਰ ਨਾਲ। ਨਾਲੇ ਬੈਂਕ ਦੇ ਪੈਸੇ ਭਰਨ ਆਊ ਤੁਹਾਡੇ ਕੋਲ। ਆਪਣਾ ਖ਼ੂਨ ਆ ਪੁੱਤ, ਬੇਗ਼ਾਨੇ ਬੰਦਿਆਂ ’ਤੇ ਕਾਹਦਾ ਭਰੋਸਾ ਕਲਯੁੱਗ ਵਿੱਚ।’’ ਔਰਤ ਵੱਲੋਂ ਬੈਂਕ ਦੇ ਪੈਸੇ ਭਰਨ ਦੀ ਆਖੀ ਗੱਲ ਅਸੀਂ ਆਪਣੇ ਸ਼ਾਖਾ ਪ੍ਰਬੰਧਕ ਨੂੰ ਦੱਸੀ। ਵਿਆਜ ਲੱਗ ਕੇ ਕੁੱਲ ਰਾਸ਼ੀ ਪੈਂਤੀ ਲੱਖ ਰੁਪਏ ਬਣਦੀ ਸੀ। ਸੈਟਲਮੈਂਟ ਸਕੀਮ ਤਹਿਤ ਸਾਰਾ ਵਿਆਜ ਛੱਡਿਆ ਜਾ ਸਕਦਾ ਸੀ। ਸਾਨੂੰ ਤਾਕੀਦ ਸੀ ਕਿ ਜ਼ਿਆਦਾ ਪੁਰਾਣਾ ਕੇਸ ਹੈ, ਜਿੱਥੇ ਵੀ ਸਹਿਮਤੀ ਬਣਦੀ ਹੈ ਕੇਸ ਨਿਬੇੜ ਦਿੱਤਾ ਜਾਵੇ। ਕੁਝ ਦਿਨਾਂ ਬਾਅਦ ਉਸ ਔਰਤ ਦਾ ਭਤੀਜਾ ਬੈਂਕ ਆਇਆ, ਜੋ ਕਿ ਪੜ੍ਹਿਆ ਲਿਖਿਆ ਸਿੱਖ ਨੌਜਵਾਨ ਸੀ। ਓਹਨੇ ਮੇਰੇ ਤੋਂ ਖ਼ਾਤਾ ਬੰਦ ਕਰਨ ਵਾਸਤੇ ਕੁੱਲ ਰਾਸ਼ੀ ਪੁੱਛੀ। ਹਦਾਇਤਾਂ ਅਨੁਸਾਰ ਪੈਂਤੀ ਲੱਖ ਦਾ ਵੇਰਵਾ ਪਾ ਕੇ, ਸੈੱਟਲਮੈਂਟ ਸਕੀਮ ਨਾਲ ਲੋਨ ਪੱਚੀ ਲੱਖ ’ਚ ਬੰਦ ਕਰਨ ਦੀ ਤਜਵੀਜ਼ ਮੈਂ ਰੱਖ ਦਿੱਤੀ। ਸਾਰਾ ਕੁਝ ਮੈਂ ਨਾਲੋਂ-ਨਾਲ ਕਾਗਜ਼ ’ਤੇ ਲਿਖ ਰਿਹਾ ਸੀ। ਮੈਨੂੰ ਉਮੀਦ ਸੀ ਕਿ ਉਹ ਵਿਆਜ ’ਚੋਂ ਹੋਰ ਛੋਟ ਮੰਗੇਗਾ ਤੇ ਅਸੀਂ ਬੀਹ-ਬਾਈ ਲੱਖ ’ਚ ਲੋਨ ਕੇਸ ਬੰਦ ਕਰ ਦੇਵਾਂਗੇ। ਪਰ ਉਹ ਬੋਲਿਆ, ‘‘ਮੈਨੇਜਰ ਸਾਬ੍ਹ, ਤੁਸੀਂ ਭੂਆ ਨੂੰ ਸਤਾਈ ਲੱਖ ਆਖ ਦੇਣਾ। ਦੋ ਲੱਖ ਮੇਰਾ।’’ ਇਹ ਸੁਣ ਕੇ ਮੈਂ ਸੁੰਨ ਹੋ ਗਿਆ ਤੇ ਮੇਰੇ ਹੱਥੋਂ ਪੈਨ ਡਿੱਗ ਪਿਆ। ਓਹਦੇ ਕਈ ਵਾਰ ਬੁਲਾਉਣ ਤੋਂ ਬਾਅਦ ਮੈਂ ਕਿਹਾ, ‘‘ਕੀ ਤੂੰ ਸੱਚਮੁੱਚ ਓਹਦਾ ਆਪਣਾ ਖ਼ੂਨ ਐ ? ਕਿੱਥੇ ਦੇਵੇਂਗਾ ਲੇਖਾ, ਮਰਿਆਂ ਦਾ ਮਾਸ ਖਾ ਕੇ।’’ ਇਸ ਘਟਨਾ ਤੋਂ ਬਾਅਦ ਉਹ ਕਦੇ ਨਹੀਂ ਆਇਆ ਤੇ ਕੁਝ ਮਹੀਨਿਆਂ ਪਿੱਛੋਂ ਮੇਰੀ ਬਦਲੀ ਮੁੜ ਮਾਲਵੇ ਦੇ ਇੱਕ ਪਿੰਡ ਵਿੱਚ ਹੋ ਗਈ। ਉਸ ਔਰਤ ਦਾ ਕੀ ਬਣਿਆ ਪਤਾ ਨਹੀਂ, ਪਰ ਜਦ ਵੀ ਯਾਦ ਆਉਂਦੀ ਹੈ ਤਾਂ ਓਹਦੇ ਬੋਲ ‘‘ਆਪਣਾ ਖ਼ੂਨ ਐ ਪੁੱਤ’’ ਮੇਰੇ ਅੰਦਰ ਗੂੰਜਣ ਲੱਗ ਜਾਂਦੇ ਹਨ।

Advertisement

ਸੰਪਰਕ: 80547-22260

Advertisement

Advertisement
×