ਮੁਲਕ ਦੀ ਤਕਦੀਰ ਬਦਲ ਸਕਦੇ ਹਨ ਨੌਜਵਾਨ

ਸੰਸਾਰ ਨੌਜਵਾਨ ਦਿਵਸ ’ਤੇ ਵਿਸ਼ੇਸ਼

ਮੁਲਕ ਦੀ ਤਕਦੀਰ ਬਦਲ ਸਕਦੇ ਹਨ ਨੌਜਵਾਨ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਸਾਡੇ ਨੌਜਵਾਨ ਅਨਮੋਲ ਸਰਮਾਇਆ ਹਨ। ਇਨ੍ਹਾਂ ਦੇ ਹੱਥਾਂ ਵਿਚ ਉਹ ਕਲਮ ਹੈ ਜਿਸ ਨਾਲ ਆਉਣ ਵਾਲੇ ਭਾਰਤ ਦੀ ਤਕਦੀਰ ਲਿਖੀ ਜਾਣੀ ਹੈ। ਨੌਜਵਾਨਾਂ ਦਾ ਪੜ੍ਹੇ-ਲਿਖੇ ਹੋਣਾ ਜਿੰਨਾ ਜ਼ਰੂਰੀ ਹੈ, ਓਨਾ ਹੀ ਇਨ੍ਹਾਂ ਦਾ ਜਾਗਦੇ ਹੋਣਾ ਵੀ ਜ਼ਰੂਰੀ ਹੈ। ਅੱਖਾਂ ਮੀਟ ਕੇ ਸੌਂ ਜਾਣ ਦੀ ਥਾਂ ਜੇਕਰ ਇਹ ਆਪ ਵੀ ਜਾਗਣ, ਦੂਸਰਿਆਂ ਨੂੰ ਵੀ ਜਗਾਉਣ ਅਤੇ ਇਕਜੁੱਟ ਹੋ ਕੇ ਹੰਭਲਾ ਮਾਰਨ ਤਾਂ ਪੂਰੇ ਮੁਲਕ ਦੀ ਤਸਵੀਰ ਬਦਲ ਸਕਦੇ ਹਨ।

ਅੱਜ ਮੁਲਕ ਕਈ ਤਰ੍ਹਾਂ ਦੀਆਂ ਕੁਰੀਤੀਆਂ ਅਤੇ ਅਲਾਮਤਾਂ ਵਿਚ ਜਕੜਿਆ ਹੋਇਆ ਹੈ ਪਰ ਅਜੋਕਾ ਨੌਜਵਾਨ ਵਰਗ ਮਹਾਤਮਾ ਗਾਂਧੀ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਬੁਟਕੇਸ਼ਵਰ ਦੱਤ, ਵੀਰ ਹਕੀਕਤ ਰਾਏ ਆਦਿ ਨੂੰ ਸ਼ਰਧਾਂਜਲੀ ਦੇਣ ਲਈ ਤਾਂ ਤਿਆਰ ਹੈ ਪਰ ਉਨ੍ਹਾਂ ਵਾਂਗ ਆਪਣਾ ਤਨ, ਮਨ, ਧਨ ਵਤਨ ਦੇ ਲੇਖੇ ਲਾਉਣ ਲਈ ਤਿਆਰ ਨਹੀਂ। ਅੱਜ ਸਖ਼ਤ ਜ਼ਰੂਰਤ ਹੈ ਕਿ ਅਜੋਕੀ ਨੌਜਵਾਨ ਪੀੜ੍ਹੀ ਇੱਕ ਵਾਰ ਫਿਰ ਆਪਣੇ ਫ਼ਰਜ਼ ਪਛਾਣੇ।

ਮੁਲਕ ਦੇ ਗਲ ਪਈਆਂ ਬੇਈਮਾਨੀ, ਦਹੇਜ ਪ੍ਰਥਾ, ਭਰੂਣ ਹੱਤਿਆ, ਨਸ਼ਾਖੋਰੀ, ਭ੍ਰਿਸ਼ਟਾਚਾਰ, ਵਿਭਚਾਰ ਅਤੇ ਧਾਰਮਿਕ ਸੰਕੀਰਨਤਾ ਦੀਆਂ ਜ਼ੰਜੀਰਾਂ ਕੱਟਣ ਲਈ ਅਜੋਕੇ ਨੌਜਵਾਨਾਂ ਨੂੰ ਕੁਝ ਫ਼ਰਜ਼ ਨਿਭਾਉਣ ਬਣਦੇ ਹਨ ਜੋ ਇਸ ਪ੍ਰਕਾਰ ਹਨ:

-ਦਹੇਜ ਨਾ ਲੈਣ ਜਾਂ ਨਾ ਦੇਣ ਦਾ ਫ਼ੈਸਲਾ ਪੂਰੀ ਤਰ੍ਹਾਂ ਨੌਜਵਾਨਾਂ ਦੇ ਹੱਥ ਵਿਚ ਹੈ। ਪੜ੍ਹੀਆਂ-ਲਿਖੀਆਂ ਕੁੜੀਆਂ ਜੇਕਰ ਮਨ ਬਣਾ ਲੈਣ ਕਿ ਦਹੇਜ ਦੇ ਲੋਭੀਆਂ ਦੇ ਵਿਹੜੇ ਪੈਰ ਵੀ ਨਹੀਂ ਧਰਨਗੀਆਂ ਤੇ ਬਿਨਾ ਕਿਸੇ ਸੰਕੋਚ ਤੋਂ ਬੂਹੇ ਆਈਆਂ ਬਰਾਤਾਂ ਵਾਪਸ ਮੋੜ ਦੇਣਗੀਆਂ ਤਾਂ ਦਹੇਜ ਦੇ ਲੋਭੀਆਂ ਦੇ ਮੂੰਹ ਤੇ ਐਸੀ ਕਰਾਰੀ ਚਪੇੜ ਵੱਜੇਗੀ ਕਿ ਉਹ ਸਮਾਜ ਵਿਚ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿ ਜਾਣਗੇ। ਨੌਜਵਾਨ ਮੁੰਡੇ ਵੀ ਪਦਾਰਥਾਂ ਦੀ ਥਾਂ ਵਹੁਟੀ ਦੇ ਗੁਣਾਂ ਤੇ ਸੰਸਕਾਰਾਂ ਨੂੰ ਹੀ ਦਹੇਜ ਸਮਝਣ ਵਾਲੀ ਸੋਚ ਆਪਣੇ ਮੱਥੇ ਵਿਚ ਰੱਖਣ ਤਾਂ ਇਹ ਕੁਰੀਤੀ ਮੁੱਕ ਸਕਦੀ ਹੈ। ਨੌਜਵਾਨ ਮੁੰਡੇ ਤੇ ਕੁੜੀਆਂ ਜੇਕਰ ਵਿਆਹ-ਸ਼ਾਦੀਆਂ ਤੇ ਬੇਤਹਾਸ਼ਾ ਖ਼ਰਚ ਕਰਨ ਦੀ ਥਾਂ ਸਾਦੇ ਵਿਆਹ ਦੀ ਪਿਰਤ ਪਾਉਣ ਤਾਂ ਧੀਆਂ, ਮਾਪਿਆਂ ਨੂੰ ਵਿੱਤੀ ਬੋਝ ਲੱਗਣਾ ਬੰਦ ਹੋ ਜਾਣਗੀਆਂ।

-ਕੰਜਕਾਂ ਪੂਜਣ ਵਾਲੇ ਇਸ ਦੇਸ਼ ਵਿਚ ਧੀਆਂ ਨੂੰ ਕੁੱਖ ਅੰਦਰ ਹੀ ਕਤਲ ਕਰ ਦੇਣਾ ਬੱਜਰ ਗੁਨਾਹ ਹੈ। ਵਿਆਹੁਤਾ ਕੁੜੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਦੇ ਵੀ ਦਬਾਅ ਹੇਠ ਆ ਕੇ ਭਰੂਣ ਹੱਤਿਆ ਜਿਹੇ ਮਹਾਂਪਾਪ ਵਿਚ ਹਿੱਸੇਦਾਰ ਨਹੀਂ ਹੋਣਗੀਆਂ ਅਤੇ ਧੀਆਂ ਨੂੰ ਜਨਮ ਦੇ ਕੇ ਪੁੱਤਾਂ ਵਾਲਾ ਪਿਆਰ ਦਿੰਦਿਆਂ ਹੋਇਆ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਗੀਆਂ। ਅਜਿਹਾ ਕਰਨ ਨਾਲ ਭਾਰਤ ਮਾਂ ਦੇ ਗਲ ਪਈ ਗੁਲਾਮੀ ਦੀ ਜ਼ੰਜੀਰ ਕੱਟੀ ਜਾਵੇਗੀ।

-ਨਸ਼ਿਆਂ ਦੀ ਗ੍ਰਿਫ਼ਤ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਅਜੋਕੀ ਨੌਜਾਵਨ ਪੀੜ੍ਹੀ ਨੂੰ ‘ਆਜ਼ਾਦੀ’ ਦੀ ਇਹ ਲੜਾਈ ਹੁਣ ਆਪ ਹੀ ਲੜ੍ਹਨੀ ਪਵੇਗੀ। ਨਸ਼ੇ ਦੀ ਚੰਦਰੀ ਅਲਾਮਤ ਤੋਂ ਆਪ ਬਚਣ ਦੇ ਨਾਲ ਨਾਲ ਆਪਣੇ ਸਾਥੀਆਂ ਨੂੰ ਇਸ ਤੋਂ ਬਚਾਉਣ ਦਾ ਮਹਾਂਕਾਰਜ ਨੌਜਵਾਨਾਂ ਨੂੰ ਹੀ ਕਰਨਾ ਪਏਗਾ। ਇੱਥੇ ਹੀ ਬੱਸ ਨਹੀਂ, ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਨੂੰ ਕਾਨੂੰਨ ਦੇ ਹਵਾਲੇ ਕਰਵਾਉਣ ਲਈ ਉਨ੍ਹਾਂ ਨੂੰ ਸਿਰ-ਧੜ ਦੀ ਬਾਜ਼ੀ ਵੀ ਲਗਾਉਣੀ ਪਏਗੀ। ਨਸ਼ਿਆਂ ਵਿਰੁੱਧ ਜੰਗ ਕਠਿਨ ਕਾਰਜ ਤਾਂ ਹੈ ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ, ਸੰਘਰਸ਼ ਅਤੇ ਕੁਰਬਾਨੀਆਂ ਨਾਲ ਮਿਲਦੀ ਹੈ।

-ਬਲਾਤਕਾਰ ਤੇ ਅਜਿਹੇ ਹੋਰ ਕੁਕਰਮਾਂ ਦੇ ਮੱਦੇਨਜ਼ਰ, ਗ਼ਲਤ ਅਨਸਰਾਂ ਹੱਥੋਂ ਭਾਰਤੀ ਧੀਆਂ-ਭੈਣਾਂ ਦੀ ਪੱਤ ਸੁਰੱਖਿਅਤ ਨਹੀਂ। ਚਰਿੱਤਰ ਪੱਖੋਂ ਗਿਰਾਵਟ ਦਾ ਸ਼ਿਕਾਰ ਬਣ ਨਹੀਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਆਪਣਾ ਸਦਾਚਾਰਕ ਚਰਿੱਤਰ ਉੱਚਾ ਰੱਖੇ। ਬਲਾਤਕਾਰ ਪੀੜਤ ਕੁੜੀਆਂ ਨਾਲ ਸ਼ਾਦੀ ਕਰਵਾ ਕੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਕੁੜੀਆਂ ਨੂੰ ਸਮਾਜ ਵਿਚ ਉਹ ਸਥਾਨ ਅਤੇ ਸਨਮਾਨ ਦਿਵਾਉਣ ਜਿਸ ਦੀਆਂ ਉਹ ਅਸਲ ਵਿਚ ਹੱਕਦਾਰ ਹਨ।

-ਨੌਜਵਾਨਾਂ ਲਈ ਜ਼ਰੂਰੀ ਹੈ ਕਿ ਧਾਰਮਿਕ ਕੱਟੜਪੰਥੀਆਂ ਤੋਂ ਸੁਚੇਤ ਰਹਿਣ, ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਕੋਈ ਅਜਿਹਾ ਕਾਰਾ ਨਾ ਕਰਨ ਜੋ ਮਨੁੱਖਤਾ ਅਤੇ ਮੁਲਕ ਵਿਰੋਧੀ ਹੋਵੇ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਕੱਟੜਵਾਦੀ ਨੇਤਾਵਾਂ ਅਤੇ ਅਖੌਤੀ ਧਰਮ ਗੁਰੂਆਂ ਦੇ ਕੰਨਾਂ ਵਿਚ ਇਹ ਗੱਲ ਜ਼ਰੂਰ ਪਾ ਦੇਣ ਕਿ ਧਰਮ, ਵੰਡੀਆਂ ਪਾਉਣ ਲਈ ਜਾਂ ਮਨੁੱਖਤਾ ਨੂੰ ਲਹੂ-ਲੁਹਾਨ ਕਰਨ ਲਈ ਨਹੀਂ ਬਣੇ ਹਨ ਸਗੋਂ ਇਹ ਤਾਂ ਸਭ ਨੂੰ ਮੁਹੱਬਤ, ਸਤਿਕਾਰ ਅਤੇ ਸ਼ਾਂਤੀ ਪ੍ਰਦਾਨ ਕਰਨ ਲਈ ਬਣੇ ਹਨ।

ਮੁਲਕ ਦੇ ਨੌਜਵਾਨਾਂ ਲਈ ਅੱਜ ਇਮਤਿਹਾਨ ਦੀ ਘੜੀ ਹੈ। ਨੌਜਵਾਨਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਭਾਰਤ ਦੇ ਗਲ ਪਈਆਂ ਗਰੀਬੀ, ਅਨਪੜ੍ਹਤਾ, ਮਹਿੰਗਾਈ, ਭ੍ਰਿਸ਼ਟਾਚਾਰ, ਦਹੇਜ ਪ੍ਰਥਾ, ਨਸ਼ਾਖੋਰੀ, ਬਲਾਤਕਾਰ ਆਦਿ ਜਿਹੀਆਂ ਜ਼ੰਜੀਰਾਂ ਤੋੜਨ ਲਈ ਅੱਗੇ ਆਉਣ।

ਸੰਪਰਕ: 97816-46008

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All