ਤੁਆਂ ਹੁਣ ‘ਭਗਤ ਜੀ’ ਕੋਈ ਨਾ ਬੁਲਾਸੀ
ਅਜੋਕੇ ਸਮੇਂ ’ਚ ਕਿਸੇ ਵੀ ਪਿੰਡ, ਕਸਬੇ ਜਾਂ ਸ਼ਹਿਰ ਦੇ ਗੁਰਦੁਆਰੇ ਦੀ ਇੰਤਜ਼ਾਮੀਆ ਕਮੇਟੀ ਦੀ ਚੋਣ ਬਾਕਾਇਦਾ ਕਿਸੇ ਮਿਉਂਸਿਪਲ ਕਮੇਟੀ, ਜ਼ਿਲ੍ਹਾ ਪ੍ਰੀਸ਼ਦ ਜਾਂ ਇੰਜ ਕਹਿ ਲਓ ਕਿ ਪੰਚਾਇਤੀ ਚੋਣਾਂ ਤੋਂ ਘੱਟ ਨਹੀਂ ਹੁੰਦੀ। ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ...
ਅਜੋਕੇ ਸਮੇਂ ’ਚ ਕਿਸੇ ਵੀ ਪਿੰਡ, ਕਸਬੇ ਜਾਂ ਸ਼ਹਿਰ ਦੇ ਗੁਰਦੁਆਰੇ ਦੀ ਇੰਤਜ਼ਾਮੀਆ ਕਮੇਟੀ ਦੀ ਚੋਣ ਬਾਕਾਇਦਾ ਕਿਸੇ ਮਿਉਂਸਿਪਲ ਕਮੇਟੀ, ਜ਼ਿਲ੍ਹਾ ਪ੍ਰੀਸ਼ਦ ਜਾਂ ਇੰਜ ਕਹਿ ਲਓ ਕਿ ਪੰਚਾਇਤੀ ਚੋਣਾਂ ਤੋਂ ਘੱਟ ਨਹੀਂ ਹੁੰਦੀ। ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਸਾਡੇ ਇਲਾਕੇ ਦੇ ਗੁਰਦੁਆਰਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੋ-ਸਾਲਾ ਮਿਆਦ ਪੁੱਗਣ ਕੰਢੇ ਸੀ ਅਤੇ ਨਵੀਂ ਕਮੇਟੀ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਅਮਲ ’ਚ ਲਿਆਉਣ ਲਈ ਚੋਣ ਕਮੇਟੀ ਬਣਾਈ ਜਾ ਚੁੱਕੀ ਸੀ। ਤਤਕਾਲੀ ਕਮੇਟੀ ਹੀ ਨਹੀਂ ਸਗੋਂ ਉਸ ਤੋਂ ਪਹਿਲਾਂ ਸੇਵਾ ਨਿਭਾਅ ਚੁੱਕੀ ਕਮੇਟੀ ਦੇ ਸਾਰੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਵਿਚਾਲੇ ਮੁੜ ਅਹੁਦੇ ਹਾਸਲ ਕਰਨ ਦੀ ਹੋੜ ਲੱਗ ਗਈ। ਕੀ ਮੌਜੂਦਾ ਤੇ ਕੀ ਸਾਬਕਾ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਮੀਤ ਜਨਰਲ ਸਕੱਤਰ ਅਤੇ ਖ਼ਜ਼ਾਨਚੀ ਮੁੜ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੋਣ ਲਈ ਕਾਹਲੇ ਸਨ।
ਲਗਪਗ 36 ਸਾਲ ਸਰਕਾਰੀ ਨੌਕਰੀ ਕਰਨ ਮਗਰੋਂ ਜਦੋਂ ਮੈਂ ਤਿੰਨ ਸਾਲ ਪਹਿਲਾਂ ਸੇਵਾਮੁਕਤ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਨਤਮਸਤਕ ਹੋਣ ਦਾ ਨਿੱਤ ਨੇਮ ਬਣਾਇਆ ਤਾਂ ਰੋਜ਼ੀ-ਰੋਟੀ ਕਾਰਨ ਰੁਝੇਵਿਆਂ ਭਰੀ ਭੱਜ-ਨੱਸ ਵਾਲੀ ਜ਼ਿੰਦਗੀ ਦੇ ਉਲਟ ਨਾ ਸਿਰਫ਼ ਆਤਮਿਕ ਸਕੂਨ ਮਿਲਿਆ ਸਗੋਂ ਉੱਥੇ ਆਉਂਦੇ ਜਾਂਦੇ ਲੋਕਾਂ ਨਾਲ ਆਪਸੀ ਮੇਲ-ਜੋਲ ਕਾਰਨ ਜਾਣ-ਪਛਾਣ ਵੀ ਵਧੀ। ਮੈਂ ਤੇ ਮੇਰੀ ਪਤਨੀ, ਜੋ ਸਰਕਾਰੀ ਕਾਲਜ ’ਚੋਂ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਹਨ, ਹੁਣ ਰੋਜ਼ ਗੁਰਦੁਆਰੇ ਮੱਥਾ ਟੇਕਣ ਜਾਂਦੇ ਹਾਂ। ਭਾਵੇਂ ਅਸੀਂ ਪਿਛਲੇ ਵੀਹ ਸਾਲਾਂ ਤੋਂ ਆਪਣੇ ਇਸੇ ਘਰ ਵਿੱਚ ਹੀ ਰਹਿ ਰਹੇ ਸਾਂ, ਪਰ ਆਂਢ-ਗੁਆਂਢ ਤੋਂ ਇਲਾਵਾ ਸਾਨੂੰ ਹੋਰ ਕਿਸੇ ਦੀ ਕੋਈ ਖ਼ਬਰ ਨਹੀਂ ਸੀ। ਰੋਜ਼ਾਨਾ ਬਿਨਾਂ ਨਾਗਾ ਗੁਰਦੁਆਰੇ ਜਾਣ ਵਾਲੇ ਮੇਰੇ ਪਿਤਾ ਜੀ ਨੂੰ ਸਾਰੇ ਜਾਣਦੇ ਸਨ। ਉਨ੍ਹਾਂ ਆਪਣੇ ਆਖ਼ਰੀ ਸਵਾਸਾਂ ਤੱਕ ਇਸ ਗੁਰਦੁਆਰੇ ਵਿੱਚ ਸੇਵਾ ਕੀਤੀ ਅਤੇ ਕਦੇ ਵੀ ਕਿਸੇ ਪ੍ਰਬੰਧਕੀ ਕਮੇਟੀ ਵਿੱਚ ਅਹੁਦਾ ਲੈਣ ਦੀ ਇੱਛਾ ਨਹੀਂ ਸੀ ਜਤਾਈ। ਸ਼ਾਇਦ ਇਸੇ ਕਾਰਨ ਗੁਰੂਘਰ ਨਾਲ ਜੁੜਿਆ ਹਰੇਕ ਸ਼ਖ਼ਸ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦਾ ਸੀ। ਹਾਂ, ਇੱਕ ਵਾਰ ਉਹ ਸਮੂਹ ਮੈਂਬਰਾਂ ਦੇ ਕਹਿਣ ’ਤੇ ਚੋਣ ਕਮੇਟੀ ਦੇ ਮੈਂਬਰ ਜ਼ਰੂਰ ਮਨੋਨੀਤ ਕੀਤੇ ਗਏ ਸਨ। ਉਹ ਅਕਸਰ ਆਖਦੇ ਸਨ ਕਿ ਗੁਰੂਘਰ ਦੀ ਸੇਵਾ ਅਹੁਦਿਆਂ ਦੀ ਮੁਹਤਾਜ ਨਹੀਂ ਅਤੇ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਹੀ ਇਹ ਸੇਵਾ ਨਸੀਬ ਹੁੰਦੀ ਹੈ। ਇਸ ਨਿੱਗਰ ਸੋਚ ਪਿੱਛੇ ਉਨ੍ਹਾਂ ਦੇ ਪਿਤਾ, ਯਾਨੀ ਸਾਡੇ ਦਾਦਾ ਜੀ ਦੀ ਪ੍ਰੇਰਨਾ ਸੀ। ਸਾਊ, ਮਿਲਾਪੜੇ ਅਤੇ ਰੱਬ ਰੰਗੀ ਰੂਹ ਹੋਣ ਕਰਕੇ ਦਾਦਾ ਜੀ ਨੂੰ ਸਾਰੇ ‘ਭਗਤ ਜੀ’ ਕਹਿ ਕੇ ਬੁਲਾਉਂਦੇ ਅਤੇ ਅਸੀਂ ਮੋਹ ਨਾਲ ਭਾਪਾ ਜੀ ਸੱਦਦੇ ਤੇ ਦਾਦੀ ਨੂੰ ਅਸੀਂ ਤੇ ਹੋਰ ਸਾਰੇ ਆਲੇ-ਦੁਆਲੇ ਵਾਲੇ ਭਾਬੀ ਜੀ ਕਹਿ ਕੇ ਸੰਬੋਧਨ ਕਰਦੇ ਸਾਂ।
ਕਈ ਦਹਾਕੇ ਬੀਤਣ ਮਗਰੋਂ ਵੀ ਇਹ ਅਭੁੱਲ ਘਟਨਾ ਮੇਰੇ ਚੇਤਿਆਂ ’ਚ ਵੱਸੀ ਹੋਈ ਹੈ ਕਿ ਕਿਵੇਂ 1970ਵਿਆਂ ’ਚ ਗੁਰੂਘਰ ਪ੍ਰਤੀ ਭਾਪਾ ਜੀ ਦਾ ਅਟੁੱਟ ਨਿਸ਼ਚਾ, ਪ੍ਰੇਮ ਤੇ ਸ਼ਰਧਾ ਵੇਖ ਕੇ ਕੁਝ ਮੋਹਤਬਰਾਂ ਨੇ ਉਨ੍ਹਾਂ ਦੇ ਨਾਂ ’ਤੇ ਮੋਹਰ ਲਾਉਂਦਿਆਂ ਧਿੰਗੋਜ਼ੋਰੀ ਸਰਬਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਥਾਪ ਦਿੱਤਾ। ਬਸ ਫੇਰ ਕੀ, ਲੋਹੀ ਲਾਖੀ ਥੀਈਂ ਮੈਂਡੀ ਭਾਬੀ, ਭਾਪਾ ਜੀ ਨਾਲ ਬਹੂੰ ਲੜੀ ਤੇ ਬੋਲੀ, ‘‘ਕੋਈ ਸ਼ਰਮ ਹਯਾ ਹੈਈ, ਹੱਟੀ ਕੌਣ ਚਲਾਸੀ, ਮੈਂਕੂ ਦਸ ਅਗੈ ਘੱਟ ਹੈਨ ਅਸਾਂ ਨੀਆਂਂ ਪਸ਼ੇਮਾਨੀਆਂ, ਤੁਆਂ ਚੌਧਰਾਂ ਪਈਆਂ ਸੋਭਨੀਆਂ? ਸੁਣ ਮੈਂਡੇ ਸਿਰ ਨੇ ਸਾਈਆਂ, ਹਿਕ ਗੱਲ ਮੈਂਡੀ ਨਿਮਾਣੀ ਨੀਂ, ਤੈਕੂੰ ਨ ਅੱਜ ਤੀਕ ਕਦੇ ਰੋਕਿਆ ਤੇ ਨਾ ਰੋਕਸਾਂ। ਵੱਡੇ ਵੇਲੇ ਤੇ ਸੰਧਿਆ ਗੁਰਦੁਆਰੇ ਵੰਝਣੋਂ ਪਰ ਖੈਹੜਾ ਛੱਡ ਇਨ੍ਹਾਂ ਪ੍ਰਧਾਨਗੀਆਂ ਸ਼ਰਧਾਨਗੀਆਂ ਨਾ, ਅਸਾਂ ਕੇ ਘਿੰਨਣਾ ਹਿਨਾ ਕੀ। ਬਸ, ਮੈਂਡੀ ਹਿਕ ਗੱਲ ਪੱਲੇ ਬੰਨ ਥੀਈਂ, ਓਸ ਗਰੀਬ ਨਿਵਾਜ਼ ਨਾ ਝਾੜੂਬਰਦਾਰ ਬਣ ਕੇ ਸੇਵਾ ਕਰੀ ਵੰਝ, ਦਸਾਂ ਨਹੁੰਆਂ ਨੀ ਕਮਾਈ ’ਚੋਂ ਦਸਵੰਧ ਕੱਢ ਤੇ ਗਰੀਬ ਗੁਰਬੇ ਨੀਂ ਢੋਈ ਬਣ ਤੇ ਆਪਣਾ ਅੱਗਾ ਸੰਵਾਰ।’’ ਦਾਦੀ ਦੀ ਝਾੜ ਸੁਣ ਕੇ ਭਾਪਾ ਜੀ ਬੋਲੇ, ‘‘ਭਲੀਏ ਲੋਕੇ ਐਵੇਂ ਹਨੇਰੀ ਵਾਂਗ ਝੁੱਲਨੀ ਪਈ ਏਂ, ਮੈਕੂੰ ਵੀ ਭੋਰਾ ਬੋਲਣ ਘਿਨ। ਹੱਛਾ, ਵਤ ਦੱਸ ਮੈਂਡਾ ਕਸੂਰ ਕੀ ਹਈ, ਫ਼ੈਸਲਾ ਤਾਂ ਹੋਨਾਂ ਰਲ ਕੇ ਘਿਧੈ, ਥੀਆ ਵੀ ਮੈਂਡੀ ਰਜ਼ਾਮੰਦੀ ਤੋਂ ਬਗੈਰ।’’ ਆਪਣੀ ਸਫ਼ਾਈ ਦਿੰਦੇ ਭਾਪਾ ਜੀ ਬੋਲੇ। ਇਹ ਸਭ ਸੁਣ ਕੇ ਦਾਦੀ ਹਿਕੋ ਸਾਹ ਬੋਲੀ ‘‘ਸਾਈਆਂ! ਮੈਂਡੀ ਹਿਕ ਗੱਲ ਹਮੇਸ਼ਾ ਯਾਦ ਰੱਖੈਂ ਜੋ ਲੋਕ ਤੈਂਡਾ ਅੱਜ ਇੱਜ਼ਤ ਮਾਣ ਪਹੈ ਕਰੇਨੇ ਹਿਸ ਕਰਕੇ ਨਹੀਂ ਕਿ ਤੂੰ ਪ੍ਰਧਾਨ ਹੈਂਵੇ, ਉਹ ਤੁਆਂ ਪਹਿਲੋਂ ਤੋਂ ਹੀ ਤੈਂਡੀ ਨੇਕ ਨਾਮੀ ਕਰਕੇ ਭਗਤ ਜੀ ਆਖਨੈਂਨ ਪਰ ਹੁਣ ਕਿਸੇ ਮੁਗ਼ਾਲਤੇ ’ਚ ਨਾ ਰਵੈ ਕੋਈ ਤੁਆਂ ਅੱਗੋਂ ਭੀ ਕੋਈ ਭਗਤ ਜੀ ਕਹਿ ਕੇ ਬੁਲਾਸੀ, ਫ਼ੈਸਲਾ ਹੁਣ ਤੁਧ ਆਪੂੰ ਘਿਨਣਾ ਕਿ ਤੂੰ ਭਗਤ ਅਖਵਾਣਾ ਹਈ ਜਾਂ ਪ੍ਰਧਾਨ।’’
ਏਸ ਮਗਰੋਂ ਭਾਪਾ ਜੀ ਸਿੱਧੇ ਗੁਰਦੁਆਰੇ ਗਏ ਤੇ ਗਲ ’ਚ ਪੱਲਾ ਪਾ ਕੇ ਉਨ੍ਹਾਂ ਮਹਾਰਾਜ ਦੇ ਸਨਮੁੱਖ ਅਰਦਾਸ ਕੀਤੀ, ‘‘ਹੇ ਸੱਚੇ ਪਾਤਸ਼ਾਹ! ਮੈਂਕੂ ਅੰਤਲੇ ਸਵਾਸਾਂ ਤੱਕ ਆਪਣੇ ਚਰਨਾਂ ਨਾਲ ਜੋੜੀ ਰੱਖੈ, ਤੈਂਡੇ ਦਰ ਨਾ ਕੂਕਰ ਥੀਵਦਿਆਂ ਹਿਸ ਕੋਝੀ ਸਿਆਸਤ ਤੇ ਚੌਧਰਾਂ ਨੀ ਲਾਲਸਾ ਤੋਂ ਕੋਹਾਂ ਦੂਰ ਰੱਖੈ। ਸ਼ਾਲਾ, ਮੈਂਡੀ ਹਿਕੋ ਖਾਹਿਸ਼ ਹਈ ਨਿਸ਼ਕਾਮ ਸੇਵਾ ਕਰਨਿਆਂ ਤੈਂਡੇ ਦਰਬਾਰ ’ਚ ਉਜਲਾ ਮੁੱਖ ਲੈ ਕੇ ਵੰਝਾ।’’
ਇਉਂ ਦਾਦੀ ਜੀ ਦੇ ਸ਼ਬਦਾਂ ਨੇ ਭਾਪਾ ਜੀ ਨੂੰ ਧੁਰ ਅੰਦਰੋਂ ਇੰਨਾ ਝੰਜੋੜ ਕੇ ਰੱਖ ਦਿੱਤਾ ਸੀ ਕਿ ਉਨ੍ਹਾਂ ਗੁਰਦੁਆਰੇ ਖੜ੍ਹਿਆਂ ਖੜ੍ਹਿਆਂ ਹੀ ਭੁੱਲ ਬਖਸ਼ਾਉਣ ਲਈ ਅਰਦਾਸ ਕੀਤੀ ਤੇ ਉਸੇ ਦਿਨ ਪ੍ਰਧਾਨਗੀ ਛੱਡ ਦਿੱਤੀ।

