ਵੀਹ ਪੈਸੇ ਦਾ ਪੀਲਾ ਸਿੱਕਾ
ਮੇਰਾ ਜਨਮ ਪੰਜਾਬ ਵਿੱਚ ਕੰਢੀ ਖੇਤਰ ਦੇ ਨੀਮ ਪਹਾੜੀ ਇਲਾਕੇ ਵਜੋਂ ਜਾਣੇ ਜਾਂਦੇ ਬਲਾਕ ਤਲਵਾੜਾ ਦੇ ਹਿਮਾਚਲ ਨਾਲ ਲਗਦੇ ਪਿੰਡ ਭੰਬੋਤਾੜ ਵਿੱਚ ਹੋਇਆ। ਇਸ ਖੇਤਰ ਦੀ ਬੋਲੀ ਪਹਾੜੀ ਅਤੇ ਦੁਆਬੀ ਦਾ ਸੁਮੇਲ ਹੈ। ਬੇਸ਼ੱਕ, ਮੈਂ ਨੌਕਰੀ ਕਾਰਨ ਮੁਕੇਰੀਆਂ ਸ਼ਹਿਰ ਵਿੱਚ...
ਮੇਰਾ ਜਨਮ ਪੰਜਾਬ ਵਿੱਚ ਕੰਢੀ ਖੇਤਰ ਦੇ ਨੀਮ ਪਹਾੜੀ ਇਲਾਕੇ ਵਜੋਂ ਜਾਣੇ ਜਾਂਦੇ ਬਲਾਕ ਤਲਵਾੜਾ ਦੇ ਹਿਮਾਚਲ ਨਾਲ ਲਗਦੇ ਪਿੰਡ ਭੰਬੋਤਾੜ ਵਿੱਚ ਹੋਇਆ। ਇਸ ਖੇਤਰ ਦੀ ਬੋਲੀ ਪਹਾੜੀ ਅਤੇ ਦੁਆਬੀ ਦਾ ਸੁਮੇਲ ਹੈ। ਬੇਸ਼ੱਕ, ਮੈਂ ਨੌਕਰੀ ਕਾਰਨ ਮੁਕੇਰੀਆਂ ਸ਼ਹਿਰ ਵਿੱਚ ਵਸ ਗਿਆ ਪਰ ਹੁਣ ਵੀ ਕਦੇ ਕਦਾਈਂ ਆਪਣੇ ਇਲਾਕੇ ਦੇ ਬੰਦੇ ਨਾਲ ਆਪਣੀ ਬੋਲੀ ਵਿੱਚ ਗੱਲਬਾਤ ਕਰਕੇ ਬਹੁਤ ਸੁਆਦ ਆਉਂਦਾ ਹੈ। ਮੇਰੇ ਇਲਾਕੇ ਨੂੰ ਸੰਤਾਂ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਬਾਬਾ ਘਾਟੀ ਵਾਲੇ, ਭਟੇੜ ਵਿੱਚ ਬਾਬਾ ਝਨਾਠੇ ਵਾਲੇ, ਰੁੜੂ ਫ਼ਤਹਿਪੁਰ ਦੇ ਬਾਬਾ ਦਿਆਲੂ, ਡੈਮ ਨੇੜੇ ਬਾਬਾ ਹਰਿ ਓਮ ਇਲਾਕੇ ਦੇ ਸੰਤ ਹੋਏ ਹਨ। ਮੈਨੂੰ ਚਾਰਾਂ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।
ਮੇਰੇ ਜਨਮ ਸਮੇਂ ਇਲਾਕੇ ਵਿੱਚ ਅਨਪੜ੍ਹਤਾ ਜ਼ਿਆਦਾ ਹੋਣ ਕਰਕੇ ਗ਼ਰੀਬੀ ਵੀ ਜ਼ਿਆਦਾ ਸੀ। ਜ਼ਿਆਦਾਤਰ ਘਰਾਂ ਵਿੱਚ ਪੈਸਾ ਹਾੜ੍ਹੀ ਸਾਉਣੀ ’ਤੇ ਹੀ ਆਉਂਦਾ। ਮੇਰੇ ਪਿਤਾ ਜੀ ਡੈਮ ’ਤੇ ਮਜ਼ਦੂਰੀ ਕਰਦੇ ਸਨ। ਪੈਸੇ ਤਾਂ ਹਰ ਮਹੀਨੇ ਆਉਂਦੇ, ਪਰ ਪਰਿਵਾਰ ਵੱਡਾ ਹੋਣ ਕਰਕੇ ਸਾਨੂੰ ਬਚਪਨ ਵਿੱਚ ਖ਼ਰਚਣ ਨੂੰ ਪੈਸੇ ਕਦੇ ਕਦਾਈਂ ਹੀ ਮਿਲਦੇ ਸਨ। ਹਾਂ, ਜਦੋਂ ਕਦੇ ਕੋਈ ਮਹਿਮਾਨ ਜਾਣ ਲੱਗਿਆਂ ਕੋਈ ਪੈਸਾ ਦੇ ਜਾਂਦਾ ਤਾਂ ਉਸ ਦਿਨ ਅਸੀਂ ਆਪਣੇ ਆਪ ਨੂੰ ਦੁਨੀਆ ਦਾ ਅਮੀਰ ਆਦਮੀ ਸਮਝਦੇ ਸੀ। ਸਾਨੂੰ ਤਾਂਘ ਰਹਿੰਦੀ ਸੀ ਕਿ ਕੋਈ ਨਾ ਕੋਈ ਮਹਿਮਾਨ ਹਰ ਹਫ਼ਤੇ ਆ ਹੀ ਜਾਇਆ ਕਰੇ।
ਜਦੋਂ ਮੈਂ ਦੂਜੀ ਜਮਾਤ ਵਿੱਚ ਪੜ੍ਹਦਾ ਸੀ ਤਾਂ ਮੇਰੇ ਤਾਇਆ ਜੀ ਦੀ ਵੱਡੀ ਧੀ ਦੀ ਸ਼ਾਦੀ ਹੋਈ। ਸਾਡਾ ਜੀਜਾ ਫ਼ੌਜ ਵਿੱਚ ਨੌਕਰੀ ਕਰਦਾ ਸੀ। ਉਹ ਜਦੋਂ ਵੀ ਸਾਡੇ ਘਰ ਆਉਂਦਾ ਤਾਂ ਮੈਨੂੰ ਪੈਸੇ ਜ਼ਰੂਰ ਦਿੰਦਾ, ਜਿਸ ਕਰਕੇ ਮੈਨੂੰ ਉਸ ਦੇ ਆਉਣ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਸੀ। ਇੱਕ ਵਾਰੀ ਦੀ ਗੱਲ ਹੈ ਜੀਜਾ ਜੀ ਸਾਨੂੰ ਮਿਲਣ ਆਏ। ਅਗਲੀ ਸਵੇਰ ਮਾਂ ਨੇ ਮੈਨੂੰ ਪਿਤਾ ਜੀ ਦੀ ਰੋਟੀ ਖੇਤ ਦੇ ਕੇ ਆਉਣ ਲਈ ਕਿਹਾ। ਮੈਂ ਜੀਜਾ ਜੀ ਨੂੰ ਪੁੱਛਿਆ ਕਿ ਤੁਸੀਂ ਕਦੋਂ ਜਾਣਾ ਹੈ। ਕਹਿਣ ਲੱਗੇ ਕਿ ਦੁਪਹਿਰ ਤੱਕ ਜਾਵਾਂਗਾ। ਮੈਂ ਪਿਤਾ ਜੀ ਨੂੰ ਖੇਤ ਰੋਟੀ ਦੇਣ ਤੁਰ ਪਿਆ ਜੋ ਸਾਡੇ ਘਰ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਸਨ। ਮੈਂ ਜਦੋਂ ਰੋਟੀ ਦੇ ਕੇ ਘਰ ਆਇਆ ਤਾਂ ਵੇਖਿਆ ਕਿ ਜੀਜਾ ਜੀ ਤਾਂ ਘਰ ਨਹੀਂ ਹਨ। ਤਾਈ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਥੋੜ੍ਹੀ ਦੇਰ ਪਹਿਲਾਂ ਚਲੇ ਗਏ। ਉਨ੍ਹਾਂ ਦਿਨਾਂ ਵਿੱਚ ਪੈਦਲ ਹੀ ਆਉਂਦੇ ਜਾਂਦੇ ਸੀ। ਮੈਂ ਘਰੋਂ ਨਿਕਲਿਆ ਤੇ ਜੀਜਾ ਜੀ ਦੇ ਪਿੰਡ ਦੇ ਰਸਤੇ ਪੈਦਲ ਹੀ ਦੌੜ ਪਿਆ। ਲਗਭਗ ਕਿਲੋਮੀਟਰ-ਡੇਢ ਕਿਲੋਮੀਟਰ ਦੌੜਨ ਤੋਂ ਬਾਅਦ ਮੈਂ ਜੀਜਾ ਜੀ ਕੋਲ ਜਾ ਪਹੁੰਚਿਆ ਤੇ ਉਨ੍ਹਾਂ ਦੀ ਲੱਤ ਫੜ ਕੇ ਪੁੱਛਿਆ, ‘ਤੁਸੀਂ ਤਾਂ ਕਹਿੰਦੇ ਸੀ ਦੁਪਹਿਰੇ ਜਾਣਾ।’ ਉਹ ਮੇਰੀ ਗੱਲ ਸਮਝ ਗਏ ਤੇ ਮੁਸਕੁਰਾਉਂਦੇ ਹੋਏ ਉਨ੍ਹਾਂ ਮੈਨੂੰ ਆਪਣੀ ਜੇਬ ਵਿੱਚੋਂ 20 ਪੈਸੇ ਦਾ ਪੀਲਾ ਸਿੱਕਾ ਕੱਢ ਕੇ ਦਿੱਤਾ। ਇਹ ਪੈਸੇ ਲੈ ਕੇ ਮੈਂ ਦੌੜਦਾ ਹੀ ਘਰ ਆ ਗਿਆ। ਘਰ ਆ ਕੇ ਸਾਰਿਆਂ ਨੂੰ ਦੱਸਿਆ ਕਿ ਇਹ ਦੇਖੋ ਮੈਂ ਜੀਜਾ ਜੀ ਕੋਲੋਂ ਪੈਸੇ ਲਿਆਇਆਂ। ਮੇਰੀ ਮਾਸੂਮੀਅਤ ਨੂੰ ਵੇਖ ਸਾਰੇ ਹੱਸਣ ਲੱਗ ਪਏ। ਉਸ ਤੋਂ ਬਾਅਦ ਜਦੋਂ ਵੀ ਜੀਜਾ ਜੀ ਆਉਂਦੇ ਮੈਨੂੰ ਇਹ ਕਹਿ ਕੇ ਪੈਸੇ ਜ਼ਰੂਰ ਦਿੰਦੇ ਕਿ ਇਸ ਦੀ ਹੁਣ ਦੌੜ ਨਹੀਂ ਲਗਵਾਉਣੀ।
20 ਪੈਸੇ ਦਾ ਉਹ ਸਿੱਕਾ ਕਾਫ਼ੀ ਸਮਾਂ ਪਹਿਲਾਂ ਬੰਦ ਹੋ ਗਿਆ ਪਰ ਮੈਂ ਹੁਣ ਵੀ ਉਸ ਪੀਲੇ ਸਿੱਕੇ ਨੂੰ ਭਾਲਦਾ ਰਹਿੰਦਾ ਹਾਂ। ਪੁਰਾਣੇ ਸਿੱਕੇ ਇਕੱਠੇ ਕਰਨ ਵਾਲੇ ਕਈ ਵਿਅਕਤੀਆਂ ਨਾਲ ਸੰਪਰਕ ਵੀ ਕੀਤਾ ਤਾਂ ਜੋ ਉਹ ਪੀਲਾ ਸਿੱਕਾ ਮੈਂ ਖਰੀਦ ਸਕਾਂ ਭਾਵੇਂ ਉਹ ਉਸ ਸਿੱਕੇ ਬਦਲੇ ਮੇਰੇ ਕੋਲੋਂ ਦੋ ਹਜ਼ਾਰ ਰੁਪਏ ਹੀ ਕਿਉਂ ਨਾ ਲੈ ਲਵੇ। ਅੱਜ ਆਰਥਿਕ ਤੌਰ ’ਤੇ ਠੀਕ ਠਾਕ ਹਾਂ ਪਰ ਜੋ ਖ਼ੁਸ਼ੀ ਉਹ 20 ਪੈਸੇ ਦਾ ਪੀਲਾ ਸਿੱਕਾ ਪ੍ਰਾਪਤ ਕਰਕੇ ਮਿਲੀ ਸੀ, ਉਹ ਅੱਜ ਇੱਕ ਲੱਖ ਰੁਪਏ ਤਨਖ਼ਾਹ ਮਿਲਣ ਤੋਂ ਵੀ ਵਧੇਰੇ ਸੀ।
ਸੰਪਰਕ: 94647-30770

