DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਗ਼ਲਤ ਸ਼ਬਦ-ਜੋੜ ਅਰਥ ਦਾ ਅਨਰਥ ਕਰ ਦਿੰਦੇ ਨੇ ਕਾਕਾ!

ਗੱਲ ਸੰਨ 1975-76 ਦੀ ਹੈ। ਉਦੋਂ ਮੇਰੀ ਉਮਰ ਅੱਠ-ਨੌਂ ਸਾਲ ਦੀ ਸੀ। ਪੰਜਾਬੀ ਕਹਾਣੀ ਦੇ ਪਿਤਾਮਾ ਪ੍ਰਿੰਸੀਪਲ ਸੁਜਾਨ ਸਿੰਘ, ਜਿਨ੍ਹਾਂ ਨੂੰ ਸਾਰੇ ਸਤਿਕਾਰ ਨਾਲ ਬਾਊ ਜੀ ਆਖ ਕੇ ਸੰਬੋਧਨ ਕਰਦੇ ਸਨ, ਗੁਰਦਾਸਪੁਰ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਰਹਿੰਦੇ ਸਨ। ਬਾਊ...

  • fb
  • twitter
  • whatsapp
  • whatsapp
Advertisement

ਗੱਲ ਸੰਨ 1975-76 ਦੀ ਹੈ। ਉਦੋਂ ਮੇਰੀ ਉਮਰ ਅੱਠ-ਨੌਂ ਸਾਲ ਦੀ ਸੀ। ਪੰਜਾਬੀ ਕਹਾਣੀ ਦੇ ਪਿਤਾਮਾ ਪ੍ਰਿੰਸੀਪਲ ਸੁਜਾਨ ਸਿੰਘ, ਜਿਨ੍ਹਾਂ ਨੂੰ ਸਾਰੇ ਸਤਿਕਾਰ ਨਾਲ ਬਾਊ ਜੀ ਆਖ ਕੇ ਸੰਬੋਧਨ ਕਰਦੇ ਸਨ, ਗੁਰਦਾਸਪੁਰ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਰਹਿੰਦੇ ਸਨ। ਬਾਊ ਜੀ ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੇ ਪ੍ਰਧਾਨ ਸਨ ਅਤੇ ਮੇਰੇ ਪਿਤਾ ਕਿਰਪਾਲ ਸਿੰਘ ਯੋਗੀ ਵੀ ਇਸੇ ਸਭਾ ਦੇ ਅਹੁਦੇਦਾਰ ਸਨ। ਪਿਤਾ ਜੀ ਸਰਕਾਰੀ ਕਾਲਜ, ਗੁਰਦਾਸਪੁਰ ਵਿੱਚ ਲੈਕਚਰਾਰ ਤਾਇਨਾਤ ਸਨ ਅਤੇ ਅਸੀਂ ਬੇਰੀਆਂ ਮੁਹੱਲਾ ਸਥਿਤ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ। ਬਾਊ ਜੀ ਦਾ ਅਕਸਰ ਸਾਡੇ ਘਰ ਆਉਣਾ-ਜਾਣਾ ਹੁੰਦਾ ਸੀ। ਸਾਹਿਤ ਦੇ ਨਾਲ-ਨਾਲ ਸਮਾਜ ਨਾਲ ਜੁੜੀਆਂ ਅਤੇ ਸਭਾ ਦੀਆਂ ਗੱਲਾਂ ਹੁੰਦੀਆਂ। ਮੈਨੂੰ ਜ਼ਿਆਦਾ ਗੱਲਾਂ ਸਮਝ ਤਾਂ ਨਾ ਆਉਂਦੀਆਂ, ਪਰ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਸਾਦੀ ਸ਼ਖ਼ਸੀਅਤ ਦਾ ਮੇਰੇ ਬਾਲ ਮਨ ’ਤੇ ਵਿਸ਼ੇਸ਼ ਪ੍ਰਭਾਵ ਸੀ। ਪਿਤਾ ਜੀ ਨੇ ਦੱਸਿਆ ਸੀ ਕਿ ਸੁਜਾਨ ਸਿੰਘ ਜੀ ਪੰਜਾਬੀ ਦੇ ਬੜੇ ਵੱਡੇ ਲੇਖਕ ਹਨ।

ਗਰਮੀਆਂ ਦੇ ਦਿਨ ਸਨ ਅਤੇ ਹਲਕਾ ਮੀਂਹ ਪੈ ਰਿਹਾ ਸੀ। ਦੁਪਹਿਰ ਨੂੰ ਸਕੂਲ ਤੋਂ ਘਰ ਪਰਤਿਆ ਤਾਂ ਕੋਈ ਜਾਣਕਾਰ ਪਿਤਾ ਜੀ ਨੂੰ ਮਿਲ ਕੇ ਵਾਪਸ ਜਾ ਰਿਹਾ ਸੀ। ਜਦੋਂ ਉਹ ਸੱਜਣ ਵਾਪਸ ਗਿਆ ਤਾਂ ਮੈਂ ਵੇਖਿਆ ਕਿ ਉਸ ਦੇ ਬੂਟਾਂ ਹੇਠਾਂ ਲੱਗੇ ਚਿੱਕੜ ਨੇ ਬਾਹਰੀ ਦਰਵਾਜ਼ੇ ਤੋਂ ਲੈ ਕੇ ਬੈਠਕ ਤੱਕ ਫ਼ਰਸ਼ ਨੂੰ ਗੰਦਾ ਕਰ ਦਿੱਤਾ ਸੀ। ਮੈਂ ਕਾਪੀ ਵਿੱਚੋਂ ਇੱਕ ਕਾਗ਼ਜ਼ ਕੱਢਿਆ ਅਤੇ ਉਸ ਉੱਪਰ ਮੋਟੇ-ਮੋਟੇ ਅੱਖਰਾਂ ਵਿੱਚ ਲਿਖ ਦਿੱਤਾ: ‘ਜੁੱਤੀ ਲਾ ਕੇ ਅੰਦਰ ਆਓ ਜੀ।’

Advertisement

ਘਰ ਵਿੱਚ ਦੱਸੇ ਬਿਨਾਂ ਇਹ ਕਾਗ਼ਜ਼ ਮੈਂ ਘਰ ਦੇ ਬਾਹਰੀ ਦਰਵਾਜ਼ੇ ’ਤੇ ਚਿਪਕਾ ਦਿੱਤਾ। ਇਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੌਂ ਗਿਆ। ਸ਼ਾਮ ਨੂੰ ਸੌਂ ਕੇ ਉੱਠਿਆ ਤਾਂ ਬੈਠਕ ਵਿੱਚ ਪ੍ਰਿੰਸੀਪਲ ਸੁਜਾਨ ਸਿੰਘ ਜੀ ਪਿਤਾ ਜੀ ਦੇ ਨਾਲ ਬੈਠੇ ਗੱਲਾਂ ਕਰ ਰਹੇ ਸਨ। ਮੈਂ ਨਾਲ ਵਾਲੇ ਕਮਰੇ ਵਿੱਚ ਆਪਣਾ ਬਸਤਾ ਖੋਲ੍ਹ ਕੇ ਸਕੂਲ ਦਾ ਕੰਮ ਸ਼ੁਰੂ ਕਰਨ ਵਾਲਾ ਹੀ ਸੀ ਕਿ ਪਿਤਾ ਜੀ ਨੇ ਆਵਾਜ਼ ਦੇ ਕੇ ਬੁਲਾਇਆ। ਮੈਂ ਬੈਠਕ ਵਿੱਚ ਜਾ ਕੇ ਬਾਊ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਕੋਲ ਬੈਠ ਗਿਆ। ਬਾਊ ਜੀ ਨੇ ਮੇਰੇ ਵੱਲ ਮੁਸਕਰਾ ਕੇ ਵੇਖਿਆ ਅਤੇ ਬੋਲੇ, “ਕਾਕਾ, ਅੱਜ ਤੂੰ ਇੱਕ ਕੰਮ ਬੜਾ ਵਧੀਆ ਕੀਤੈ।” ਮੈਨੂੰ ਸਮਝ ਨਹੀਂ ਆਈ ਕਿ ਮੈਂ ਅਜਿਹਾ ਕੀ ਕੀਤੈ, ਜਿਸ ਦੀ ਬਾਊ ਜੀ ਤਾਰੀਫ਼ ਕਰ ਰਹੇ ਹਨ। ਨਾਲ ਹੀ ਉਨ੍ਹਾਂ ਮੈਨੂੰ ਪਿਆਰ ਨਾਲ ਕਿਹਾ, “ਜਾ, ਬਾਹਰ ਜਾ ਕੇ ਜੋ ਕਾਗ਼ਜ਼ ਤੂੰ ਦਰਵਾਜ਼ੇ ’ਤੇ ਲਗਾਇਆ ਹੈ, ਲਾਹ ਕੇ ਲਿਆ ।” ਮੈਂ ਸਮਝ ਗਿਆ ਕਿ ਬਾਊ ਜੀ ਨੇ ਦਰਵਾਜ਼ੇ ’ਤੇ ਲੱਗਿਆ ਕਾਗ਼ਜ਼ ਪੜ੍ਹ ਲਿਆ ਹੈ। ਮੈਂ ਤੁਰੰਤ ਦਰਵਾਜ਼ੇ ’ਤੇ ਗਿਆ ਅਤੇ ਕਾਗ਼ਜ਼ ਨੂੰ ਹੌਲੀ ਜਿਹੀ ਉੱਥੋਂ ਲਾਹ ਕੇ ਬਾਊ ਜੀ ਕੋਲ ਲੈ ਆਇਆ। ਮੈਨੂੰ ਉਹ ਕਾਗ਼ਜ਼ ਦਿਖਾ ਕੇ ਬਾਊ ਜੀ ਬੋਲੇ, “ਕਾਕਾ, ਪੜ੍ਹ ਕੇ ਸੁਣਾ ਜੋ ਲਿਖਿਆ।”

Advertisement

ਮੈਂ ਪੜ੍ਹ ਕੇ ਸੁਣਾ ਦਿੱਤਾ। ਬਾਊ ਜੀ ਨੇ ਬੜੇ ਪਿਆਰ ਨਾਲ ਮੇਰੇ ਮੋਢੇ ’ਤੇ ਹੱਥ ਰੱਖ ਕੇ ਕਿਹਾ, “ਲਾ ਅਤੇ ਲਾਹ ਵਿੱਚ ਫ਼ਰਕ ਹੁੰਦਾ ਹੈ। ਤੂੰ ਲਿਖਿਐ ਜੁੱਤੀ ਲਾ ਕੇ ਅੰਦਰ ਆਓ ਜੀ। ਇਸ ਨਾਲ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ।” ਨਾਲ ਹੀ ਉਹ ਮੇਰੇ ਪਿਤਾ ਜੀ ਵੱਲ ਮੁਖ਼ਾਤਬ ਹੋਏ ਅਤੇ ਬੋਲੇ, “ਯੋਗੀ, ਇਸ ਨੂੰ ਰੋਜ਼ ਕੁਝ ਨਾ ਕੁਝ ਆਪ ਦੱਸਿਆ ਕਰ ਸ਼ਬਦਾਂ ਬਾਰੇ, ਸ਼ਬਦ ਜੋੜਾਂ ਬਾਰੇ, ਉਨ੍ਹਾਂ ਦੇ ਅਰਥਾਂ ਬਾਰੇ।” ਫਿਰ ਮੈਨੂੰ ਉਨ੍ਹਾਂ ‘ਜੁੱਤੀ ਲਾ ਕੇ ਅਤੇ ਜੁੱਤੀ ਲਾਹ ਕੇ’ ਦਾ ਫ਼ਰਕ ਸਮਝਾਇਆ। ਸੱਚਮੁੱਚ ਪੰਜਾਬੀਅਤ ’ਤੇ ਪਹਿਰਾ ਦੇਣ ਵਾਲੀ ਸਾਦਗੀ ਭਰੀ ਸ਼ਖ਼ਸੀਅਤ ਸਨ ਪ੍ਰਿੰਸੀਪਲ ਸੁਜਾਨ ਸਿੰਘ ਉਰਫ਼ ਬਾਊ ਜੀ।

ਸੰਪਰਕ: 98765-82500

Advertisement
×