ਤਪੱਸਵੀ ਨੂੰ ਸਿਜਦਾ

ਤਪੱਸਵੀ ਨੂੰ ਸਿਜਦਾ

ਮੋਹਨ ਸ਼ਰਮਾ

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਭਗਤ ਪੂਰਨ ਸਿੰਘ ਜੀ ਪੂਰਨ ਰੂਪ ਵਿਚ ਤੰਦਰੁਸਤ ਸਨ। ਰਿਕਸ਼ਾ ਰੇਹੜੀ ਤੇ ਆਪਣੇ ਪੁੱਤਾਂ ਵਰਗੇ ਪਿਆਰਾ ਸਿੰਘ ਜੋ ਅਪਾਹਜ ਸੀ, ਨੂੰ ਬਿਠਾ ਕੇ ਕਦੇ ਹਰਮਿੰਦਰ ਸਾਹਿਬ ਅਤੇ ਕਦੇ ਹੋਰ ਥਾਵਾਂ ਤੇ ਪਿੰਗਲਵਾੜੇ ਲਈ ਚੋਗਾ ਇਕੱਠਾ ਕਰਨ ਲਈ ਘੁੰਮਦੇ ਰਹਿੰਦੇ ਸਨ। ਸਰਦੇ ਪੁਜਦੇ ਬੰਦੇ ਅੱਗੇ ਬਾਟਾ ਕਰ ਕੇ ਕਹਿੰਦੇ, “ਜੇਬ ਖਾਲੀ ਕਰ। ਮਾਇਆਂ ਦਾ ਜ਼ਿਆਦਾ ਮੋਹ ਠੀਕ ਨਹੀਂ। ਕੁਝ ਹਿੱਸਾ ਅਪਾਹਜਾਂ ਲਈ ਕੱਢ ਦੇ।” ਉਨ੍ਹਾਂ ਦੇ ਬੋਲਾਂ ਨੂੰ ਲੋਕ ਆਦੇਸ਼ ਮੰਨ ਕੇ ਜੇਬ ਹਲਕੀ ਕਰਨ ਲੱਗਿਆਂ ਦੇਰ ਨਹੀਂ ਸਨ ਲਾਉਂਦੇ। ਚੰਗੇ ਚੰਗੇ ਅਹੁਦਿਆਂ ਤੇ ਬੈਠੇ ਅਧਿਕਾਰੀ ਉਨ੍ਹਾਂ ਦੀ ਆਮਦ ਤੇ ਕੁਰਸੀ ਤੋਂ ਖੜ੍ਹੇ ਹੋ ਜਾਂਦੇ ਸਨ ਅਤੇ ਸਿਰ ਸਿਜਦੇ ਵਿਚ ਝੁਕ ਜਾਂਦਾ ਸੀ। ਉਨ੍ਹਾਂ ਅੱਗੇ ਅਫਸਰ ਦੀ ਹਉਮੈ, ਕਲਮ ਦੀ ਤਾਕਤ ਸਭ ਗੁੰਮ ਹੋ ਜਾਂਦਾ ਸੀ। ਉਸ ਵੇਲੇ ਲੱਗਦਾ ਸੀ ਜਿਵੇਂ ਅਫਸਰ ਦੀ ਰੂਹ ਅੰਦਰ ਨਿਮਰਤਾ ਅਤੇ ਹਲੀਮੀ ਪ੍ਰਵੇਸ਼ ਕਰ ਗਈ ਹੋਵੇ।

ਸਕੱਤਰੇਤ ਵਿਚ ਇੱਕ ਉਚ ਅਫਸਰ ਨੂੰ ਜਦੋਂ ਪਤਾ ਲੱਗਿਆ ਕਿ ਭਗਤ ਜੀ ਨੇ ਉਨ੍ਹਾਂ ਕੋਲ ਦਫ਼ਤਰ ਵਿਚ ਆਉਣਾ ਹੈ, ਤਾਂ ਉਨ੍ਹਾਂ ਬੜੀ ਨਿਮਰਤਾ ਨਾਲ ਕਿਹਾ, “ਭਗਤ ਜੀ, ਤੁਸੀਂ ਸੱਤਵੀਂ ਮੰਜ਼ਿਲ ਤੇ ਮੇਰੇ ਕੋਲ ਆਉਣ ਦੀ ਖੇਚਲ ਨਾ ਕਰੋ, ਮੈਂ ਹੀ ਹੇਠਾਂ ਤੁਹਾਡੇ ਦਰਸ਼ਨਾਂ ਲਈ ਆ ਰਿਹਾ ਹਾਂ।” ਰਿਸੈਪਸ਼ਨ ਤੇ ਬੈਠੇ ਕਰਮਚਾਰੀ ਨੂੰ ਤੁਰੰਤ ਹਦਾਇਤ ਵੀ ਹੋ ਗਈ ਕਿ ਭਗਤ ਜੀ ਨੂੰ ਆਦਰ ਨਾਲ ਬਿਠਾਉ, ਮੈਂ ਆ ਰਿਹਾ ਹਾਂ। ਅਫਸਰ ਨੇ ਆ ਕੇ ਜਦੋਂ ਚਰਨ ਛੂਹੇ ਤਾਂ ਭਗਤ ਜੀ ਦੇ ਬੋਲ ਸਨ, “ਆਹ, ਗੋਗੜ ਐਨੀ ਵਧਾਈ ਐ। ਕਿਉਂ ਗੱਡੀਆਂ ਵਿਚ ਪੈਟਰੋਲ ਫੂਕ ਕੇ ਨਾਲੇ ਤਾਂ ਵਾਤਾਵਰਨ ਦੂਸ਼ਿਤ ਕਰਦੇ ਹੋ, ਨਾਲੇ ਸਰੀਰ ਦਾ ਸਤਿਆਨਾਸ ਵੀ। ਕਦੇ ਕਦੇ ਸਾਈਕਲ ਤੇ ਆਇਆ ਕਰੋ। ਸਰੀਰ ਸੂਤ ਰਹੂਗਾ।” ਉਹ ਅਫਸਰ ਸਭ ਦੇ ਸਾਹਮਣੇ ‘ਸੱਤ ਬਚਨ ਭਗਤ ਜੀ’ ਕਹਿ ਕੇ ਚੁੱਪ ਹੋ ਗਿਆ। ਥੋੜ੍ਹੀ ਦੇਰ ਉਨ੍ਹਾਂ ਦੇ ਚਿਹਰੇ ਵੱਲ ਵਿੰਹਦਾ ਰਿਹਾ ਅਤੇ ਫਿਰ ਪਰਸ ਵਿਚ ਜਿੰਨੇ ਪੈਸੇ ਸਨ, ਉਨ੍ਹਾਂ ਦੇ ਬਾਟੇ ਵਿਚ ਪਾਉਂਦਿਆਂ ਕਿਹਾ, “ਭਾਗਾਂ ਵਾਲਾ ਦਿਨ ਹੈ। ਸਮੁੰਦਰ ਆਪ ਪਿਆਸੇ ਕੋਲ ਆਇਆ ਹੈ।” ਦਰਵੇਸ਼ ਸ਼ਖ਼ਸੀਅਤ ਉਥੇ ਹੀ ਆਦੇਸ਼ਾਂ ਵਰਗੇ ਬੋਲ ਕਹਿ ਕੇ ਪਰਤ ਆਈ। ਕਿਸੇ ਵਿਦਵਾਨ ਦੇ ਬੋਲ ਉਸ ਵੇਲੇ ਸੱਚ ਦੀ ਸ਼ਾਹਦੀ ਭਰ ਰਹੇ ਸਨ: ਆਪਣੇ ਲਈ ਮੰਗਣ ਵਾਲਾ ਭਿਖਾਰੀ ਹੁੰਦਾ ਹੈ, ਦੂਜਿਆਂ ਲਈ ਹੱਥ ਟੱਡਣ ਵਾਲਾ ਦਾਤਾ।

1988 ਦਾ ਵਰ੍ਹਾ ਸੀ, ਦਫ਼ਤਰ ਦੇ ਕਿਸੇ ਕੰਮ ਰੁਝਿਆ ਹੋਇਆ ਸਾਂ। ਗਰਦਨ ਉਪਰ ਉਠਾਈ ਤਾਂ ਸਾਹਮਣੇ ਭਗਤ ਪੂਰਨ ਸਿੰਘ ਜੀ ਖੜੋਤੇ ਸਨ। ਉਨ੍ਹਾਂ ਨਾਲ ਉਨ੍ਹਾਂ ਦੇ ਰਹਿ ਚੁੱਕੇ ਨਿੱਜੀ ਸਹਾਇਕ ਅਤੇ ਸ਼ਰਧਾਲੂ ਸੁਖਵਿੰਦਰ ਸਿੰਘ ਫੁੱਲ ਸਨ। ਪਹਿਲਾਂ ਤਾਂ ਸੁਪਨਾ ਜਿਹਾ ਲੱਗਿਆ। ਖੜ੍ਹਾ ਹੋ ਕੇ ਸਿਜਦਾ ਕੀਤਾ। ਬੈਠਣ ਦੀ ਬੇਨਤੀ ਕੀਤੀ ਤਾਂ ਜਵਾਬ ਸੀ, “ਬੈਠਣਾ ਨਹੀਂ, ਨਾਲ ਚੱਲ ਸਾਡੇ। ਡੀਸੀ ਕੋਲ ਚੱਲਣੈ। ਆਵਾਰਾ ਡੰਗਰਾਂ ਪਿਛੇ ਕਹਿਣੈ ਉਹਨੂੰ। ਕਿਵੇਂ ਹਰਲ ਹਰਲ ਕਰਦੇ ਫਿਰਦੇ ਨੇ। ਭੂਤਰੇ ਸਾਂਢ ਕਿਸੇ ਦਾ ਜਾਨੀ ਨੁਕਸਾਨ ਕਰਨਗੇ। ਜਾਨ ਮਾਲ ਦੀ ਰਾਖੀ ਤਾਂ ਸਰਕਾਰ ਨੇ ਕਰਨੀ ਐ। ਸਰਕਾਰਾਂ ਦੇ ਮੂਹਰਲੇ ਬੰਦਿਆਂ ਨੇ ਕਰਨੀ ਐ।” ਕੁਝ ਜਲ-ਪਾਣ ਲੈਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ, “ਫੁੱਲ ਨੇ ਦੁੱਧ ਪਿਆਤਾ। ਹੋਰ ਕਾਸੇ ਦੀ ਲੋੜ ਨਹੀਂ ਹੁਣ।” ਜਦੋਂ ਮੇਰੇ ਕਦਮ ਕਾਰ ਵੱਲ ਵਧੇ ਤਾਂ ਉਨ੍ਹਾਂ ਰੋਕ ਦਿੱਤਾ, “ਦੋ ਕੁ ਕਿਲੋਮੀਟਰ ਤੇ ਤਾਂ ਡੀਸੀ ਦੀ ਕੋਠੀ ਐ, ਕਿਉਂ ਪੈਟਰੋਲ ਫੂਕ ਕੇ ਧੂੰਏਂ ਨਾਲ ਵਾਤਾਵਰਨ ਦੂਸ਼ਿਤ ਕਰਦੇ ਹੋ। ਪੈਦਲ ਹੀ ਚੱਲਾਂਗੇ।” ਉਸ ਦਰਵੇਸ਼ ਸ਼ਖ਼ਸੀਅਤ ਨਾਲ ਅਸੀਂ ਦੋਵੇਂ ਤੁਰ ਪਏ। ਦਫ਼ਤਰ ਦੇ ਨਾਲ ਹੀ ਖਾਲੀ ਪਈ ਜਗ੍ਹਾ ਵੱਲ ਇਸ਼ਾਰਾ ਕਰਦਿਆਂ ਕਹਿੰਦੇ, “ਇਥੇ ਦਰੱਖਤ ਲਾਉ। ਬੰਦਿਆਂ ਨੂੰ ਸੁਖ ਦਾ ਸਾਹ ਆਵੇ। ਧੜਾ ਧੜ ਦਰੱਖਤਾਂ ਦੀ ਹੋ ਰਹੀ ਕਟਾਈ ਕਾਰਨ ਮਨੁੱਖ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਿਹੈ। ਤਾਹੀਓਂ ਤਾਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਰਿਹੈ। ਇਹ ਖਾਲੀ ਜਗ੍ਹਾ ਵੀ ਦਰੱਖਤਾਂ ਨਾਲ ਭਰ ਦੇ।”

ਰਾਹ ਵਿਚ ਵੀ ਉਹ ਵਾਤਾਵਰਨ ਸ਼ੁੱਧ ਰੱਖਣ ਦੀ ਲੋੜ ਤੇ ਜ਼ੋਰ ਦਿੰਦੇ ਰਹੇ। ਰਸਤੇ ਵਿਚ ਇੱਕ ਜਗ੍ਹਾ ਤੇ ਉਹ ਰੁਕੇ। ਆਪਣਾ ਬਾਟਾ ਸੁਖਵਿੰਦਰ ਸਿੰਘ ਫੁੱਲ ਨੂੰ ਫੜਾ ਦਿੱਤਾ। ਉਨ੍ਹਾਂ ਦੀ ਨਜ਼ਰ ਸੜਕ ਦੇ ਇੱਕ ਪਾਸੇ ਕੁੱਤੇ ਦੇ ਕੀਤੇ ਗੰਦ ਤੇ ਪਈ। ਬਿਨਾ ਹਿਚਕਚਾਹਟ ਉਨ੍ਹਾਂ ਆਪਣੇ ਹੱਥਾਂ ਵਿਚ ਉਹ ਗੰਦ ਚੁੱਕਿਆ, ਸ਼ਰਮਿੰਦਗੀ ਦੇ ਅਹਿਸਾਸ ਨਾਲ ਭਾਵੇਂ ਇਹ ਕਰਮ ਅਸੀਂ ਕਰਨ ਲਈ ਕਿਹਾ ਪਰ ਉਨ੍ਹਾਂ ਰੋਕ ਦਿੱਤਾ। ਅਗਾਂਹ ਖਾਲੀ ਥਾਂ ਤੇ ਖੁਰਪੇ ਦਾ ਪ੍ਰਬੰਧ ਕਰ ਕੇ ਟੋਆ ਪੁਟਿਆ ਅਤੇ ਗੰਦ ਉਥੇ ਦੱਬ ਕੇ ਉਤੇ ਮਿੱਟੀ ਪਾ ਦਿੱਤੀ। ਫਿਰ ਸਾਨੂੰ ਸਮਝਾਇਆ, “ਆਪਾਂ ਦੂਸ਼ਿਤ ਵਾਤਾਵਰਨ ਦੀ ਗੱਲ ਕਰ ਰਹੇ ਹਾਂ। ਇਹੋ ਜਿਹਾ ਗੰਦ ਵੇਖ ਕੇ ਪਹਿਲਾਂ ਤਾਂ ਉਂਜ ਮਨ ਤੇ ਬੁਰਾ ਅਸਰ ਪੈਂਦੈ। ਦੂਜਾ ਹਵਾ ਵੀ ਦੂਸ਼ਿਤ ਹੁੰਦੀ ਹੈ। ਉਸੇ ਦੂਸ਼ਿਤ ਹਵਾ ਵਿਚ ਅਸੀਂ ਸਾਹ ਲੈਂਦੇ ਹਾਂ।”

ਡੀਸੀ ਦੀ ਕੋਠੀ ਜਾ ਕੇ ਜਦੋਂ ਭਗਤ ਜੀ ਦੀ ਆਮਦ ਬਾਰੇ ਸੁਨੇਹਾ ਭੇਜਿਆ ਤਾਂ ਡੀਸੀ ਗੇਟ ’ਤੇ ਪੁੱਜ ਗਏ। ਕੈਂਪ ਆਫਿਸ ਵਿਚ ਬੈਠਿਆਂ ਉਨ੍ਹਾਂ ਨੇ ਲੋਕਾਂ ਦੀ ਜਾਨ ਦਾ ਖੌਅ ਬਣੇ ਆਵਾਰਾ ਡੰਗਰਾਂ ਦੇ ਤੁਰੰਤ ਹੱਲ ਕਰਨ ਤੇ ਜ਼ੋਰ ਦਿੱਤਾ। ਡੀਸੀ ਦਾ ਜਵਾਬ ਸੀ, “ਭਗਤ ਜੀ, ਹਫ਼ਤੇ ਦੀ ਮੋਹਲਤ ਦਿਉ। ਇਹ ਮਸਲਾ ਹੱਲ ਕਰ ਕੇ ਆਪ ਦੱਸਾਂਗਾ।” ਡੀਸੀ ਦੇ ਵਾਅਦੇ ਅਨੁਸਾਰ ਇਹ ਮਸਲੇ ਦਾ ਹੱਲ ਵੀ ਕਰ ਦਿੱਤਾ ਗਿਆ।

ਜਿਹੜੇ ਦਫ਼ਤਰ ਵਿਚ ਭਗਤ ਜੀ ਮੇਰੇ ਕੋਲ ਆਏ ਸਨ, ਉਥੋਂ ਸੇਵਾ ਮੁਕਤ ਹੋਇਆਂ ਮੈਨੂੰ ਅੰਦਾਜ਼ਨ ਪੰਦਰਾਂ ਸਾਲ ਹੋ ਗਏ ਹਨ। ਕੁਝ ਦਿਨ ਪਹਿਲਾਂ ਜਦੋਂ ਇੱਕ ਦਫ਼ਤਰੀ ਕੰਮ ਕਾਰਨ ਪੁਰਾਣੇ ਦਫ਼ਤਰ ਗਿਆ ਤਾਂ ਉਨ੍ਹਾਂ ਦਰੱਖਤਾਂ ਲਾਗੇ ਖੜੋਤਾ ਰਿਹਾ ਜੋ ਭਗਤ ਜੀ ਦੇ ਆਦੇਸ਼ ਅਨੁਸਾਰ ਲਾਏ ਸਨ। ਲੱਗੇ ਦਰੱਖਤਾਂ ਵਿਚੋਂ ਬਾਕੀ ਤਾਂ ਇਮਾਰਤ ਉਸਾਰੀ ਦੀ ਭੇਂਟ ਚੜ੍ਹ ਗਏ ਪਰ ਤਿੰਨ ਸੰਘਣੇ ਦਰੱਖਤ ਅਜੇ ਵੀ ਖੜੋਤੇ ਸਨ। ਕੁਦਰਤ ਨਾਲ ਕੀਤੇ ਖਿਲਵਾੜ ਦੀ ਸਜ਼ਾ ਅਸੀਂ ਭੁਗਤ ਹੀ ਰਹੇ ਹਾਂ। ਕੁਦਰਤ ਤਾਂ ਸਾਨੂੰ ਸਜ਼ਾ ਦੇ ਰਹੀ ਹੈ ਪਰ ਭਗਤ ਜੀ ਵਰਗੇ ਭਵਿੱਖ ਬਾਰੇ ਤਾੜਨਾ ਕਰਨ ਵਾਲੇ ਅਤੇ ਕਹੇ ਬੋਲਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਲੋਪ ਹੋ ਰਹੇ ਹਨ। ਭਲਾ ਭਗਤ ਪੂਰਨ ਸਿੰਘ ਜੀ ਵਰਗਾ ਹਰ ਕੋਈ ਕਿੰਜ ਬਣ ਸਕਦੈ?
ਸੰਪਰਕ: 94171-48866

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All