ਅੰਬੀਆਂ ਨੂੰ ਤਰਸੇਂਗੀ...

ਅੰਬੀਆਂ ਨੂੰ ਤਰਸੇਂਗੀ...

ਅਵਤਾਰ ਸਿੰਘ ਸੰਧੂ

ਅਵਤਾਰ ਸਿੰਘ ਸੰਧੂ

ਮੈਂ ਦੋਆਬੇ ਦਾ ਜੰਮ ਪਲ ਹਾਂ। ਅੰਬ ਮੇਰੀ ਕਮਜ਼ੋਰੀ ਹੈ। ਜਦੋਂ ਵੀ ਅੰਬਾਂ ਦੀ ਰੁੱਤ ਆਉਂਦੀ ਹੈ, ਦਿਲ ਪਿੰਡ ਜਾਣ ਲਈ ਕਾਹਲਾ ਪੈ ਜਾਂਦਾ ਹੈ। ਮੇਰਾ ਇਲਾਕਾ ਅੰਬਾਂ ਲਈ ਬੜਾ ਮਸ਼ਹੂਰ ਸੀ, ਖ਼ਾਸ ਕਰ ਕੇ ਮੇਰਾ ਪਿੰਡ ਦੇ ਬਾਗ। ਪਿੰਡ ਵਿਚ ਅੰਬਾਂ ਦੇ ਕਈ ਬਾਗ ਸਨ: ਬੇਦੀਆਂ ਦਾ ਬਾਗ, ਖੁਮਰਿਆਂ ਦਾ ਬਾਗ, ਭਾਈਆਂ ਦਾ ਬਾਗ, ਡਿੰਗਿਆਂ ਦਾ ਬਾਗ, ਪਾਲੀ ਵਾਲੇ ਅੰਬ ਤੇ ਬੱਡ ਅੰਬ। ਇਹ ਬਾਗ ਬੜੇ ਸੰਘਣੇ ਹੁੰਦੇ ਸਨ। ਬਾਗਾਂ ਵਿਚ ਦਿਨੇ ਵੀ ਹਨੇਰਾ ਹੀ ਹੁੰਦਾ ਸੀ। ਜਦੋਂ ਅੰਬਾਂ ਦੀ ਰੁੱਤ ਆਉਂਦੀ, ਅੰਬਾਂ ਨੂੰ ਕੋਹਰ ਪੈ ਜਾਣਾ, ਹਵਾ ਵਿਚ ਵੱਖਰੀ ਜਿਹੀ ਮਹਿਕ ਘੁਲ਼ ਜਾਣੀ, ਕੋਇਲਾਂ ਨੇ ਆ ਕੇ ਗੀਤ ਗਾਉਣੇ। ਫਿਰ ਪੰਚਾਇਤ ਘਰ ਵਿਚ ਅੰਬਾਂ ਦੇ ਠੇਕੇਦਾਰਾਂ ਦਾ ਮੇਲਾ ਲੱਗ ਜਾਣਾ। ਬੋਲੀ ਤੋਂ ਬਾਅਦ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਕਿਹੜੇ ਬਾਗ ਦਾ ਠੇਕਾ ਚੜ੍ਹ ਗਿਆ। ਜੋ ਬਾਗ ਠੇਕੇ ਤੇ ਨਾ ਚੜ੍ਹਦੇ, ਉਹ ਸਮਝੋ ਸਾਰੇ ਪਿੰਡ ਦੇ ਸਾਂਝੇ ਹੋ ਜਾਂਦੇ, ਕਈ ਬਾਗ ਪਿੰਡ ਦੀ ਸ਼ਾਮਲਾਟ ਵਿਚ ਜੋ ਸਨ।

ਅੰਬਾਂ ਬਾਰੇ ਵੀ ਕਈ ਕਹਾਣੀਆਂ ਪ੍ਰਚਲਿਤ ਸਨ। ਬੱਡ ਅੰਬ ਬਾਰੇ ਤਾਂ ਹਰ ਕੋਈ ਜਾਣਦਾ ਸੀ। ਅੰਬ ਪਹਿਲਾਂ ਸ਼ਾਹੀ ਫ਼ਲ ਹੁੰਦਾ ਸੀ। ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੀ ਸੀ। ਕਹਿੰਦੇ ਬਜਵਾੜੇ ਦੇ ਹਾਕਮ ਨੇ ਕਿਤੇ ਦੂਰ ਦੇਸ਼ ਤੋਂ ਅੰਬਾਂ ਦੇ ਬੂਟੇ ਮੰਗਵਾਏ। ਇੱਕ ਬੂਟਾ ਕਿਸੇ ਸੈਨਿਕ ਨੇ ਚੋਰੀ ਕਰ ਲਿਆ ਅਤੇ ਆਪਣੀ ਖੜ੍ਹੀ ਫਸਲ ਵਿਚ ਲਾ ਦਿੱਤਾ। ਹਾਕਮ ਦੇ ਸੈਨਿਕਾਂ ਨੇ ਸਾਰਾ ਇਲਾਕਾ ਛਾਣ ਮਾਰਿਆ ਪਰ ਉਹ ਅੰਬ ਦਾ ਬੂਟਾ ਨਾ ਲੱਭ ਸਕੇ। ਹੌਲੀ ਹੌਲੀ ਬੂਟਾ ਵੱਡਾ ਹੋ ਗਿਆ। ਇਸ ਅੰਬ ਦਾ ਵੱਖਰਾ ਹੀ ਸੁਆਦ ਸੀ। ਸਸਤੇ ਜ਼ਮਾਨੇ ਵਿਚ ਵੀ ਇਸ ਦੇ ਫ਼ਲ ਦੋ ਰੁਪਏ ਸੇਰ ਵਿਕਦੇ ਸਨ। ਉਸ ਸਮੇਂ ਇਹ ਅੰਬ ਬੰਬੇ ਵੀ ਜਾਂਦੇ ਸਨ। ਅੰਬ ਦੋ ਤਰ੍ਹਾਂ ਨਾਲ ਪੱਕਦੇ: ਟਪਕਾ ਤੇ ਪੈਲ ਵਾਲੇ। ਅੰਬ ਜੋ ਰੁੱਖ ਉਤੇ ਹੀ ਪੱਕਦੇ, ਉਨ੍ਹਾਂ ਨੂੰ ਟਪਕਾ ਤੇ ਟੋਕਰੀ ਵਿਚ ਬਗੜ ਦਾ ਘਾਹ ਲਾ ਕੇ ਅੰਬਾਂ ਦੀ ਪੈਲ ਲਾਈ ਜਾਂਦੀ। ਇਨ੍ਹਾਂ ਦੋਹਾਂ ਦਾ ਵੱਖਰਾ ਸੁਆਦ ਹੁੰਦਾ ਸੀ। ਇਸ ਰੁੱਤ ਵਿਚ ਰੋਜ਼ ਹਰ ਘਰ ਵਿਚ ਅੰਬਾਂ ਦੀ ਚਟਨੀ ਤੇ ਛਿੱਛਾ ਜ਼ਰੂਰ ਬਣਦਾ। ਇਹ ਇਸ ਰੁੱਤ ਦੇ ਤੋਹਫੇ ਹਨ। ਜੇ ਕਿਤੇ ਘਰ ਵਿਚ ਸਬਜ਼ੀ ਨਾ ਬਣਦੀ ਤਾਂ ਇਹ ਦੋਵੇਂ ਚੀਜ਼ਾਂ ਜ਼ਰੂਰ ਬਣਦੀਆਂ। ਸਾਰੀਆਂ ਸੁਆਣੀਆਂ ਇਸ ਕੰਮ ਵਿਚ ਮਾਹਿਰ ਸਨ।

ਅੰਬ ਪੱਕਣੇ ਸ਼ੁਰੂ ਹੁੰਦੇ ਤਾਂ ਬਜ਼ੁਰਗ ਆਪਣੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਕੇ ਅੰਬ ਚੂਪਣ ਲਈ ਸੱਦ ਲੈਂਦੇ। ਘਰਾਂ ਵਿਚ ਵਿਆਹ ਵਰਗੀ ਰੌਣਕ ਹੋ ਜਾਂਦੀ। ਬੱਚਿਆਂ ਨੂੰ ਚਾਅ ਚੜ੍ਹ ਜਾਂਦਾ। ਸਸਤੇ ਜ਼ਮਾਨੇ ਸਨ। ਪੰਜ ਸੱਤ ਰੁਪਏ ਦਾ ਅੰਬਾਂ ਦਾ ਟੋਕਰਾ ਆ ਜਾਂਦਾ ਜਿਸ ਵਿਚ ਦਸ ਸੇਰ ਅੰਬ ਹੁੰਦੇ। ਦੁਪਹਿਰ ਵੇਲੇ ਵੱਡੇ ਬਾਲਟੇ ਵਿਚ ਪਾਣੀ ਭਰ ਕੇ ਵਿਚ ਅੰਬ ਪਾ ਦਿੱਤੇ ਜਾਂਦੇ। ਆਥਣੇ ਖਾਣਾ ਖਾਣ ਤੋਂ ਪਹਿਲਾਂ ਸਾਰਾ ਟੱਬਰ ਤੇ ਪ੍ਰਾਹੁਣੇ ਆਲੇ ਦੁਆਲੇ ਮੰਜਿਆਂ ਉੱਤੇ ਬੈਠ ਜਾਂਦੇ, ਫਿਰ ਅੰਬ ਚੂਪਣੇ ਸ਼ੁਰੂ ਹੁੰਦੇ। ਅੰਬ ਚੂਪਣ ਦਾ ਵੀ ਖ਼ਾਸ ਤਰੀਕਾ ਹੁੰਦਾ ਸੀ। ਸਾਨੂੰ ਕਈ ਵਾਰ ਬੇਬੇ ਝਿੜਕੇ ਮਾਰਦੀ: “ਚੰਗੀ ਤਰ੍ਹਾਂ ਚੂਪੋ ਅੰਬ, ਸਾਰੀ ਗੁਠਲੀ ਰਸ ਨਾਲ ਭਰੀ ਏ ਤੇ ਤੂੰ ਹੇਠਾਂ ਸੁੱਟ ਦਿੱਤੀ।” ਅੰਬ ਚੂਪਦਿਆਂ ਕਈ ਵਾਰ ਡਾਂਟ ਵੀ ਖਾਣੀ ਪੈਂਦੀ। ਹਫਤਾ ਭਰ ਰਿਸ਼ਤੇਦਾਰ ਖੂਬ ਅੰਬ ਚੂਪਦੇ। ਸਾਡੀਆਂ ਵੀ ਮੌਜਾਂ ਲੱਗੀਆਂ ਰਹਿੰਦੀਆਂ।

ਅੰਬਾਂ ਦਾ ਅਚਾਰ ਪਾਇਆ ਜਾਂਦਾ। ਜਾਣ ਵੇਲੇ ਰਿਸ਼ਤੇਦਾਰਾਂ ਨੂੰ ਅਚਾਰ ਦਾ ਤੋਹਫ਼ਾ ਦਿੱਤਾ ਜਾਂਦਾ। ਘਰਾਂ ਵਿਚ ਚਾਟੀਆਂ ਜਾਂ ਮਰਤਬਾਨਾਂ ਵਿਚ ਅਚਾਰ ਨੂੰ ਸੰਭਾਲ ਲਿਆ ਜਾਂਦਾ ਜੋ ਸਾਰਾ ਸਾਲ ਚਲਦਾ। ਸਾਡੀਆਂ ਲੋਕ ਬੋਲੀਆਂ ਵਿਚ ਵੀ ਅੰਬਾਂ ਦਾ ਜਿ਼ਕਰ ਹੁੰਦਾ ਹੈ: ਛੱਡ ਕੇ ਦੇਸ਼ ਦੋਆਬਾ ਅੰਬੀਆਂ ਨੂੰ ਤਰਸੇਂਗੀ, ਜਾਂ ਤੂੰ ਕਾਹਦਾ ਪਟਵਾਰੀ ਮੁੰਡਾ ਤੇਰਾ ਰੋਵੇ ਅੰਬ ਨੂੰ।

ਅੰਬਾਂ ਦੀ ਰੁੱਤ ਆਪਣੇ ਨਾਲ ਕਈ ਖੱਟੀਆਂ ਮਿੱਠੀਆਂ ਯਾਦਾਂ ਲੈ ਕੇ ਆਉਂਦੀ। ਖੱਟੇ ਮਿੱਠੇ ਸੁਆਦ ਰਿਸ਼ਤੇਦਾਰੀ ਨੂੰ ਹੋਰ ਪੱਕਿਆਂ ਕਰਦੇ ਪਰ ਹੁਣ ਉਹ ਗੱਲਾਂ ਕਿੱਥੇ! ਹੁਣ ਤੁਸੀਂ ਬਾਜ਼ਾਰ ਜਾਓ। ਮਸਾਲੇ ਪਾ ਜੇ ਪਕਾਏ ਅੰਬ ਸੌ ਬਿਮਾਰੀ ਨਾਲ ਲੈ ਕੇ ਆਉਂਦੇ ਹਨ।

ਹੁਣ ਦੋਆਬੇ ਵਿਚੋਂ ਅੰਬਾਂ ਦੇ ਬਾਗ ਮੁੱਕ ਗਏ। ਅੰਬਾਂ ਦਾ ਜਿ਼ਕਰ ਹੁਣ ਸਿਰਫ਼ ਬੋਲੀਆਂ ਵਿਚ ਹੀ ਹੁੰਦਾ ਹੈ। ਅੰਬਾਂ ਦੀ ਰੁੱਤ ਹੁਣ ਵੀ ਆਉਂਦੀ ਹੈ ਪਰ ਕੋਇਲ ਦੇ ਗੀਤ ਸੁਣਾਈ ਨਹੀਂ ਦਿੰਦੇ। ਹਵਾ ਵਿਚ ਕੋਹਰ ਦੀ ਮਹਿਕ ਨਹੀਂ ਹੁੰਦੀ। ਹੁਣ ਠੇਕੇਦਾਰ ਬੋਲੀ ਲਾਉਣ ਨਹੀਂ ਆਉਂਦੇ। ਰਿਸ਼ਤੇਦਾਰਾਂ ਨੂੰ ਅੰਬ ਚੂਪਣ ਲਈ ਚਿੱਠੀਆਂ ਨਹੀਂ ਪਾਈਆਂ ਜਾਂਦੀਆਂ। ਰਿਸ਼ਤੇਦਾਰਾਂ ਨੂੰ ਅਚਾਰ ਦੇ ਮਰਤਬਾਨ ਨਹੀਂ ਭੇਜੇ ਜਾਂਦੇ। ਕਈ ਵਾਰ ਤਾਂ ਬਾਜ਼ਾਰ ਵਿਚੋ ਖਰੀਦ ਕੇ ਲਿਆਂਦੇ ਅੰਬਾਂ ਦਾ ਸੁਆਦ ਨਹੀਂ ਆਉਂਦਾ। ਹੁਣ ਤਾਂ ਦਿਲ ਵਿਚੋਂ ਇੱਕ ਹੀ ਬੋਲ ਨਿਕਲਦਾ ਹੈ: ਅੰਬਾਂ ਨੂੰ ਵੀ ਤਰਸ ਗਏ, ਕੇਹਾ ਦੇਸ ਦੋਆਬਾ।
ਸੰਪਰਕ: 99151-82971

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All