ਸ਼ਵਿੰਦਰ ਕੌਰ
ਸਾਡੇ ਇੱਕ ਨਜ਼ਦੀਕੀ ਜਿਊੜੇ ਪਾਲ ਦੇ ਪਰਿਵਾਰ ਦੀ ਜਿ਼ੰਦਗੀ ਦੀ ਤੋਰ ਬੜੀ ਸੁਖਾਵੀਂ ਤੁਰ ਰਹੀ ਸੀ। ਪਾਲ ਪੈਦਾ ਤਾਂ ਬਹੁਤ ਸਾਧਾਰਨ ਆਰਥਿਕਤਾ ਵਾਲੇ ਪਰਿਵਾਰ ਹੋਇਆ ਪਰ ਉਸ ਦੇ ਬਾਪ ਦੀ ਸੋਚ ਸੀ ਕਿ ਉਹ ਆਪਣੇ ਪੁੱਤ ਨੂੰ ਔਖਾ ਸੌਖਾ ਪੜ੍ਹਾ ਕੇ ਕਿਸੇ ਨੌਕਰੀ ਦੇ ਕਾਬਲ ਕਰ ਦੇਵੇ ਤਾਂ ਜੋ ਗਰੀਬੀ ਦੀ ਜਿਲ਼ਤ ਜੋ ਉਸ ਨੇ ਭੋਗੀ ਹੈ, ਉਸ ਦੇ ਪੁੱਤ ਨੂੰ ਨਾ ਭੋਗਣੀ ਪਵੇ।
ਖ਼ੈਰ, ਪਾਲ ਪੜ੍ਹਨ ਨੂੰ ਹੁਸਿ਼ਆਰ ਹੋਣ ਦੇ ਨਾਲ ਨਾਲ ਮਿਹਨਤੀ ਵੀ ਸੀ। ਬਾਰ੍ਹਵੀਂ ਜਮਾਤ ਪਿੰਡ ਦੇ ਸਕੂਲ ਤੋਂ ਚੰਗੇ ਨੰਬਰ ਲੈ ਕੇ ਕਰ ਲਈ। ਅਗਲੇਰੀ ਪੜ੍ਹਾਈ ਲਈ ਸ਼ਹਿਰ ਜਾਣਾ ਪੈਣਾ ਸੀ ਜੋ ਪੰਦਰਾਂ ਕਿਲੋਮੀਟਰ ਪੈਂਦਾ ਸੀ। ਉਹ ਆਪਣੇ ਘਰ ਦੀ ਆਰਥਿਕਤਾ ਤੋਂ ਜਾਣੂ ਸੀ। ਉਹਨੇ ਬਾਪ ਨੂੰ ਕਹਿ ਕੇ ਪੁਰਾਣਾ ਸਾਇਕਲ ਲੈ ਲਿਆ। ਉਹ ਅਗਲੀ ਪੜ੍ਹਾਈ ਹਰ ਹੀਲੇ ਕਰਨ ਲਈ ਤਿਆਰ ਸੀ। ਉਹ ਸਰਕਾਰੀ ਕਾਲਜ ਵਿਚ ਦਾਖਲਾ ਹੋ ਗਿਆ। ਉਦੋਂ ਹਾਕਮਾਂ ਨੇ ਨਿੱਜੀਕਰਨ ਦੀ ਕੁਹਾੜੀ ਐਨੀ ਤਿੱਖੀ ਨਹੀਂ ਸੀ ਕੀਤੀ। ਸਰਕਾਰੀ ਕਾਲਜਾਂ ਵਿਚ ਫੀਸਾਂ ਬਹੁਤੀਆਂ ਨਹੀਂ ਹੁੰਦੀਆਂ ਸਨ। ਉਹ ਸਾਇਕਲ ਤੇ ਕਾਲਜ ਜਾਂਦਾ। ਘਰੋਂ ਰੋਟੀ ਖਾ ਕੇ ਜਾਂਦਾ ਅਤੇ ਘਰੇ ਆ ਕੇ ਹੀ ਖਾਂਦਾ। ਨਾ ਉਹਨੇ ਕਦੇ ਦੂਜਿਆਂ ਦੇ ਮੁਕਾਬਲੇ ਆਪਣੇ ਸਾਧਾਰਨ ਜਿਹੇ ਕੱਪੜਿਆਂ ਅਤੇ ਨਾ ਪਿੰਡ ਦੇ ਮੋਚੀ ਦੀ ਸਿਊਂਤੀ ਦੇਸੀ ਜੁੱਤੀ ਦੀ ਪ੍ਰਵਾਹ ਕੀਤੀ। ਲਗਨ ਅਤੇ ਦ੍ਰਿੜ੍ਹ ਇਰਾਦੇ ਦੀ ਬਦੌਲਤ ਉਹ ਉੱਚ ਵਿੱਦਿਆ ਪ੍ਰਾਪਤ ਕਰ ਗਿਆ। ਫਿਰ ਮੁਕਾਬਲੇ ਦਾ ਇਮਤਿਹਾਨ ਪਾਸ ਕਰ ਕੇ ਚੰਗੇ ਰੁਤਬੇ ਵਾਲੇ ਅਹੁਦੇ ਉਤੇ ਤਾਇਨਾਤ ਹੋ ਗਿਆ।
ਉਹਦੇ ਦੋਨੋਂ ਬੱਚੇ ਵੀ ਬੜੇ ਸਾਊ ਅਤੇ ਨਰਮ ਸੁਭਾਅ ਦੇ ਸਨ। ਬੱਚਿਆਂ ਦੀ ਮਾਂ ਬੜੀ ਸੂਝਵਾਨ ਅਤੇ ਖੁਸ਼ ਤਬੀਅਤ ਸੀ। ਜਦੋਂ ਵੀ ਮਿਲਦੀ, ਹਲੀਮੀ ਅਤੇ ਮਿਠਾਸ ਭਰੇ ਸ਼ਬਦਾਂ ਨਾਲ ਗੱਲ ਕਰਦੀ। ਸੁਣਨ ਵਾਲੇ ਦਾ ਮਨ ਉਸ ਦਾ ਪ੍ਰਭਾਵ ਕਬੂਲੇ ਬਿਨਾ ਨਾ ਰਹਿ ਸਕਦਾ।
ਬੱਚੇ ਹੁਣ ਵੱਡੇ ਹੋ ਗਏ ਸਨ। ਚੰਗੇ ਸਕੂਲਾਂ ਵਿਚ ਪੜ੍ਹਦੇ ਸਨ। ਪੜ੍ਹਨ ਵਿਚ ਦੋਹਾਂ ਦੀ ਰੁਚੀ ਵੀ ਪੂਰੀ ਸੀ। ਉਂਜ ਵੀ ਹੁਣ ਕਿਹੜਾ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਦੇਣ ਦੀ ਕੋਈ ਔਖ ਸੀ। ਉਹ ਭਵਿੱਖ ਸੰਵਾਰਨ ਲਈ ਮਿਹਨਤ ਕਰ ਰਹੇ ਸਨ। ਜੀਵਨ ਦੀ ਗੱਡੀ ਬੜੇ ਸੋਹਣੇ ਢੰਗ ਨਾਲ ਰੁੜ੍ਹ ਰਹੀ ਸੀ ਕਿ ਇੱਕ ਦਿਨ ਆਏ ਤੂਫ਼ਾਨ ਨੇ ਲੀਹੋਂ ਲਾਹ ਦਿੱਤੀ।
ਮੁਲਕ ਦੀ ਮਾੜੀ ਕਿਸਮਤ, ਮੁਲਕ ਦੀ ਵਾਗਡੋਰ ਲਾਲਚੀ, ਖੁਦਗਰਜ਼ ਅਤੇ ਅਪਰਾਧੀ ਕਿਸਮ ਦੇ ਲੋਕਾਂ ਕੋਲ ਆ ਗਈ ਜਿਹੜੇ ਹਰ ਸਿੱਧੇ ਅਸਿੱਧੇ ਢੰਗ ਨਾਲ ਧਨ ਇਕੱਠਾ ਕਰਦੇ ਰਹਿੰਦੇ ਹਨ। ਇਹ ਕਾਬਲ ਅਫਸਰਾਂ ਨੂੰ ਆਪਣੇ ਨੌਕਰ ਸਮਝਦੇ ਹੋਏ ਉਨ੍ਹਾਂ ਤੇ ਨਾਜਾਇਜ਼ ਕੰਮਾਂ ਲਈ ਦਬਾਅ ਪਾਉਂਦੇ ਹਨ। ਕੁਝ ਅਫਸਰ ਤਾਂ ਇਸ ਤਾਣੇ-ਬਾਣੇ ਦਾ ਹਿੱਸਾ ਬਣ ਕੇ ਖੂਬ ਕਮਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਵੀ ਕਰਾਉਂਦੇ ਹਨ ਪਰ ਜੇ ਕੋਈ ਇਮਾਨਦਾਰ ਅਫਸਰ ਇਨਕਾਰ ਕਰਦਾ ਹੈ ਤਾਂ ਉਸ ਨੂੰ ਬਦਲੀਆਂ ਦੀ ਘੁੰਮਣਘੇਰੀ ਜਾਂ ਕੇਸਾਂ ਵਿਚ ਉਲਝਾਇਆ ਜਾਂਦਾ ਹੈ। ਅਜਿਹੇ ਦਬਾਅ ਕਾਰਨ ਪਾਲ ਬਲੱਡ ਪ੍ਰੈੱਸ਼ਰ ਦਾ ਮਰੀਜ਼ ਬਣ ਗਿਆ। ਸਾਜ਼ਗਾਰ ਮਾਹੌਲ ਨਾ ਮਿਲਣ ਕਾਰਨ ਰੋਗ ਵਧਦਾ ਹੀ ਗਿਆ। ਬਿਮਾਰੀ ਨੇ ਉਸ ਨੂੰ ਅਧਰੰਗ ਦਾ ਮਰੀਜ਼ ਬਣਾ ਦਿੱਤਾ, ਫਿਰ ਦਿਨੋ-ਦਿਨ ਉਸ ਅੰਦਰ ਜਿਊਣ ਦੀ ਤਾਂਘ ਮੁਕਦੀ ਗਈ। ਇੱਕ ਦਿਨ ਉਹ ਜਿ਼ੰਦਗੀ ਦੀ ਬਾਜ਼ੀ ਹਾਰ ਗਿਆ।
ਸਦਮਾ ਵੱਡਾ ਸੀ ਪਰ ਬੱਚਿਆਂ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਇਸ ਸਦਮੇ ਤੋਂ ਬਚਾਉਣ ਲਈ ਆਪਣੇ ਸਾਰੇ ਦੁੱਖ ਭੁੱਲ ਕੇ ਉਨ੍ਹਾਂ ਨੂੰ ਆਪਣੇ ਖੰਭਾਂ ਹੇਠ ਲੁਕਾ ਲਿਆ। ਹੌਲੀ ਹੌਲੀ ਉਹ ਦੁੱਖ ਤੋਂ ਉਭਰ ਕੇ ਕੁਝ ਸਾਵੇਂ ਹੋਣ ਹੀ ਲੱਗੇ ਸਨ ਕਿ ਅਚਾਨਕ ਆਈ ਸੁਨਾਮੀ ਨੇ ਬੱਚਿਆਂ ਦੀ ਜਿ਼ੰਦਗੀ ਨੂੰ ਅਜਿਹੇ ਰਾਹ ਤੇ ਲਿਆ ਖੜ੍ਹਾ ਕੀਤਾ ਜਿੱਥੇ ਘੁੱਪ ਹਨੇਰੇ ਤੋਂ ਬਿਨਾਂ ਕੁਝ ਦਿਖਾਈ ਨਹੀਂ ਦਿੰਦਾ ਸੀ।
ਪਾਲ ਦੀ ਪਤਨੀ ਕਰੋਨਾ ਹੋਣ ਦੇ ਡਰੋਂ ਹਸਪਤਾਲ ਵਿਚੋਂ ਵੈਕਸੀਨ ਲਗਵਾ ਕੇ ਆਈ ਸੀ ਕਿ ਦੋ ਦਿਨਾਂ ਬਾਅਦ ਬੁਖਾਰ ਹੋ ਗਿਆ। ਉਨ੍ਹਾਂ ਸਮਝਿਆ, ਬੁਖਾਰ ਟੀਕਾ ਲਗਵਾਉਣ ਕਰ ਕੇ ਹੈ। ਦੋ ਦਿਨ ਬਾਅਦ ਵੀ ਬੁਖਾਰ ਨਾ ਉਤਰਿਆ ਤਾਂ ਬੱਚਿਆਂ ਦੇ ਭਾਅ ਦੀ ਬਣ ਗਈ। ਟੈਸਟ ਕਰਾਇਆ ਤਾਂ ਉਹ ਕਰੋਨਾ ਪਾਜ਼ੇਟਿਵ ਨਿਕਲੀ। ਫਿਰ ਸ਼ੁਰੂ ਹੋਇਆ ਹਸਪਤਾਲ ਦਾਖਲ ਕਰਵਾਉਣ ਦਾ ਯੁੱਧ। ਪਹਿਲਾਂ ਕਿਸੇ ਹਸਪਤਾਲ ਵਿਚ ਬੈੱਡ ਨਾ ਮਿਲੇ। ਭੱਜ ਨੱਠ ਕਰ ਕੇ ਬੈੱਡ ਮਿਲਿਆ ਤਾਂ ਆਕਸੀਜਨ ਦਾ ਪ੍ਰਬੰਧ ਨਾ ਹੋਵੇ। ਇੱਕ ਸਮਾਜ ਸੇਵੀ ਸੰਸਥਾ ਤੋਂ ਆਕਸੀਜਨ ਦਾ ਸਿਲੰਡਰ ਮਿਲਿਆ ਤਾਂ ਇਸ ਭੱਜ-ਦੌੜ ਵਿਚ ਸਮਾਂ ਜਿ਼ਆਦਾ ਲੰਘ ਗਿਆ ਸੀ। ਉਹਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ। ਇਉਂ ਅਣਿਆਈ ਮੌਤ ਪਾਲ ਦੇ ਬੱਚਿਆਂ ਦਾ ਇੱਕੋ-ਇੱਕ ਆਸਰਾ ਉਨ੍ਹਾਂ ਕੋਲੋਂ ਖੋਹ ਕੇ ਲੈ ਗਈ। ਵੈਂਟੀਲੇਟਰ ਵੀ ਉਸ ਦੇ ਸਾਹਾਂ ਦੀ ਡੋਰ ਨਾ ਵਧਾ ਸਕਿਆ।
ਬੱਚੇ ਜੋ ਅਜੇ ਮਾਪਿਆਂ ਦੀ ਛਤਰ ਛਾਇਆ ਹੇਠ ਆਉਣ ਵਾਲੀ ਜਿ਼ੰਦਗੀ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਰਹੇ ਸਨ, ਇਕੱਲੇ ਰਹਿ ਗਏ। ਸਮੇਂ ਸਿਰ ਇਲਾਜ ਨਾ ਹੋਣ ਕਾਰਨ ਮੁਲਕ ਵਿਚ ਪਤਾ ਨਹੀਂ ਕਿੰਨੇ ਬੱਚੇ ਮਾਂ ਪਿਓ ਦੀ ਠੰਢੀ ਛਾਂ ਤੋਂ ਵਾਂਝੇ ਹੋ ਕੇ ਇਕੱਲੇ ਜਿ਼ੰਦਗੀ ਵਿਚ ਭਟਕਣ ਲਈ ਮਜਬੂਰ ਹੋ ਗਏ ਹੋਣਗੇ। ਕਿੰਨੇ ਕੁ ਹੋਣਗੇ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਆਸਰਾ ਦੇਣ ਵਾਲਾ ਹੋਵੇਗਾ। ਅਜਿਹੇ ਵੀ ਬਥੇਰੇ ਹੋਣਗੇ ਜਿਹੜੇ ਬਿਲਕੁਲ ਇਕੱਲੇ ਵੀਰਾਨ ਰਾਹਾਂ ਵਿਚ ਰੁਲਦੇ ਫਿਰਨਗੇ। ਜਿ਼ੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਕੋਰੇ ਉਹ ਬੱਚੇ ਆਪਣੇ ਆਪ ਨੂੰ ਕਿਵੇਂ ਸੰਭਾਲਣਗੇ?
ਇਨ੍ਹਾਂ ਹਜ਼ਾਰਾਂ ਬੱਚਿਆਂ ਤੋਂ ਮਾਂ ਬਾਪ ਦੀ ਸੰਘਣੀ ਛਾਂ ਖੋਹ ਕੇ ਉਨ੍ਹਾਂ ਨੂੰ ਯਤੀਮ ਕਰਨ ਦਾ ਦੋਸ਼ੀ ਕੌਣ ਹੈ? ਸਾਡਾ ਸਿਸਟਮ ਜੋ ਲੋਕ-ਪੱਖੀ ਨੀਤੀਆਂ ਬਣਾਉਣ ਦੀ ਥਾਂ ਭੁੱਖੇ ਢਿੱਡਾਂ ਦੀ ਆਖ਼ਰੀ ਬੁਰਕੀ ਤੱਕ ਖੋਹ ਕੇ ਵੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਲੱਗਾ ਹੋਇਆ ਹੈ। ਪ੍ਰਾਈਵੇਟ ਅਦਾਰਿਆਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਸਾਡੇ ਨੇਤਾ ਖ਼ੁਦ ਨੂੰ ਲੋਕਾਂ ਦੇ ਨੁਮਾਇੰਦੇ ਸਮਝਣ ਦੀ ਥਾਂ ਤਾਨਾਸ਼ਾਹ ਬਣ ਬਹਿੰਦੇ ਹਨ; ਤੇ ਜਾਂ ਫਿਰ ਅਸੀਂ ਖ਼ੁਦ ਹੀ ਦੋਸ਼ੀ ਹਾਂ ਜੋ ਸਿੱਖਿਆ ਅਤੇ ਸਿਹਤ ਸਹੂਲਤਾਂ ਬਾਰੇ ਹਾਕਮਾਂ ਨੂੰ ਸੁਆਲ ਕਰਕੇ ਕਟਹਿਰੇ ਵਿਚ ਖੜ੍ਹਾ ਨਹੀਂ ਕਰਦੇ!
ਸੰਪਰਕ: 76260-63596