ਕਿਹੜਾ ਅੰਬਾਨੀ, ਕੌਣ ਅਡਾਨੀ

ਕਿਹੜਾ ਅੰਬਾਨੀ, ਕੌਣ ਅਡਾਨੀ

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਦਿਲ ਦਾ ਚਾਅ ਹੋਵੇ ਤਾਂ ਔਖੇ ਸੌਖਿਆਂ ਹੋ ਕੇ ਲਾਹ ਲੈਣਾ ਚਾਹੀਦਾ,” ਲੋਕਾਂ ਦੇ ਮੂੰਹੋਂ ਸਹਿਜ ਸੁਭਾਅ ਨਿਕਲਦੀਆਂ ਅਜਿਹੀਆਂ ਗੱਲਾਂ ਨਾਲ ਮੈਥੋਂ ਵੱਧ ਨੇੜੇ ਹੋ ਕੇ ਨਿਭਿਆ ਕੌਣ ਹੋਣੈ। ਦਿਲ ਵਿੱਚ ਰੀਝ ਸੀ ਕਿ ਪਰਿਵਾਰ ਮੁਕੰਮਲ ਹੋਣ ‘ਤੇ ਵੱਡਾ ਫੰਕਸ਼ਨ ਕਰਨਾ ਹੈ। ਓਨ੍ਹੀਂ ਦਿਨੀਂ ਮੇਰਾ ਅੰਗ-ਅੰਗ ਕਰਜ਼ੇ ਵਿੱਚ ਵਿੰਨ੍ਹਿਆ ਪਿਆ ਸੀ, ਜਦੋਂ ਬੇਟਾ ਪੈਦਾ ਹੋਇਆ। ਇਸ ਤੋਂ ਪੰਜ ਸਾਲ ਪਹਿਲਾਂ ਘਰੇ ਲੱਛਮੀ ਆ ਚੁੱਕੀ ਸੀ। ਮੈਂ ਉਹਦਾ ਪਹਿਲਾ ਜਨਮ ਦਿਨ ਦੋ ਰੁਪਏ ਸੈਂਕੜੇ ਨੂੰ ਸੱਠ ਹਜ਼ਾਰ ਰੁਪਏ ਕਰਜ਼ੇ ‘ਤੇ ਲੈ ਕੇ ਮਨਾਇਆ ਸੀ। ਮੈਨੂੰ ਹਾਲੇ ਵੀ ਯਾਦ ਹੈ ਕਿ ਭਾਵੇਂ ਹੁਣ ਇਸ ਗੱਲ ਨੂੰ ਤੀਹ ਸਾਲ ਹੋ ਢੁੱਕੇ ਨੇ।

ਮੇਰੀ ਬੇਟੀ ਵੱਡੀ ਹੈ। ਸੱਤ ਸਾਲ ਪਹਿਲਾਂ ਉਹਦਾ ਵਿਆਹ ਕੀਤਾ ਸੀ। ਵਿਆਹ ਤੋਂ ਦੋ ਸਾਲ ਬਾਅਦ ਉਹਦੇ ਘਰੇ ਅੰਬਰੀਨ ਨੇ ਕਿਲਕਾਰੀ ਮਾਰੀ। ਉਹਨੇ ਬੱਚੀ ਦਾ ਪਹਿਲਾ ਜਨਮ ਦਿਨ ਵੱਡਾ ਕਰਕੇ ਮਨਾਇਆ ਸੀ। ਉਦੋਂ ਅੰਬਰੀਨ ਬਹੁਤ ਛੋਟੀ ਸੀ, ਉਹਨੂੰ ਕੀ ਪਤਾ ਮਾਂ ਨੇ ਕਿੰਨੇ ਚਾਅ ਕੀਤੇ ਹੋਣਗੇ। ਇਸੇ ਕਰਕੇ ਬੇਟੀ ਦੀ ਇੱਛਾ ਹੈ ਕਿ ਅੰਬਰੀਨ ਦਾ ਪੰਜਵਾਂ, ਦਸਵਾਂ, ਪੰਦਰਵਾਂ ਅਤੇ ਵੀਹਵਾਂ ਜਨਮ ਦਿਨ ਪੂਰੇ ਟੌਹਰ ਟੱਪੇ ਨਾਲ ਮਨਾਉਣਾ। ਪੈਰ ਚਾਹੇ ਚਾਦਰ ਵਿੱਚ ਰਹਿਣ ਜਾਂ ਬਾਹਰ ਨਿਕਲ ਜਾਣ। ਮੇਰੀ ਦੋਹਤੀ ਹੁਣੇ ਜਿਹੇ ਪੰਜ ਸਾਲਾਂ ਦੀ ਹੋਈ ਹੈ। ਉਹਦੀ ਮਾਂ ਨੇ ਦੋ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਅਸਲ ਵਿੱਚ ਮੇਰੀ ਬੇਟੀ ਹੈ ਬੜੀ ਫੀਲਿੰਗਜ਼ ਵਾਲੀ। ਦੂਜਿਆਂ ਦੇ ਚਾਅ ਕਰਨੇ ਉਹਦੇ ਤੋਂ ਸਿੱਖੇ। ਕੱਪੜਾ ਮਟਕਾ ਕੇ ਪਾਉਣਾ, ਸੌਦਾ ਟਣਕਾ ਕੇ ਲੈਣਾ, ਖਾਣਾ ਸਜਾ ਸਜਾ ਕੇ ਪਰੋਸਣਾ ਕੋਈ ਉਹਦੇ ਤੋਂ ਸਿੱਖੇ। ਆਪਣੀ ਧੀ ਦਾ ਜਨਮ ਦਿਨ ਮਨਾਉਣ ਵਾਸਤੇ ਥਾਂ ਚੁਣਨ ਲਈ ਉਹਨੇ ਚੰਡੀਗੜ੍ਹ ਦੇ ਵੀਹ ਰੈਸਟੋਰੈਂਟ ਗਾਹ ਮਾਰੇ ਹੋਣਗੇ।

ਜਨਮ ਦਿਨ ਉੱਤੇ ਕੇਕ ਕੱਟਣਾ, ਸੋਹਣੇ ਕੱਪੜੇ ਪਾ ਲੈਣੇ, ਖਾਣ-ਪੀਣ, ਨੱਚ – ਟੱਪ ਲੈਣਾ ਉਹਦੀਆਂ ਰੀਝਾਂ ਦਾ ਹਿੱਸਾ ਤਾਂ ਹੈ ਪਰ ਸਿਰੇ ਦਾ ਟਸ਼ਨ ਨਹੀਂ। ਰੈਸਟੋਰੈਂਟ ਨੂੰ ਸਜਾਉਣ ਦਾ ਤਰੀਕਾ, ਕਲਰ ਕੰਬੀਨੇਸ਼ਨ, ਲੋਕਾਂ ਦੇ ਸਵਾਗਤ ਦੀ ਜਾਚ, ਪਤਾ ਨਹੀਂ ਕੀ-ਕੀ ਉਹਦੇ ਸੁਭਾਅ ਦੀ ਆਪਣੀ ਖਾਸੀਅਤ ਹੈ। ਬੇਟੀ ਦੇ ਬੱਚੇ ਦੇ ਦੋਸਤਾਂ ਲਈ ਬੰਦੋਬਸਤ ਰਿਟਰਨ ਗਿਫ਼ਟ ਸਮੇਤ ਹੋਰ ਕਈ ਤਰ੍ਹਾਂ ਦੇ ਪ੍ਰਬੰਧਾਂ ਨੇ ਉਹਨੂੰ ਹਫ਼ਤਾ ਭਰ ਨੀਂਦ ਨਹੀਂ ਪੈਣ ਦਿੱਤੀ। ਉਹਦੀ ਜ਼ਿੰਦਗੀ ਜਿਊਣ ਦੀ ਰੀਝ ਦੇਖ ਕੇ ਕਦੇ-ਕਦੇ ਲੱਗਦਾ ਹੈ ਕਿ ਐਵੇਂ ਦੀ ਫਜ਼ੂਲ ਖਰਚੀ ਹੈ। ਦਿਲ ਐਂ ਵੀ ਮਹਿਸੂਸ ਕਰਨ ਲੱਗ ਪੈਂਦਾ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੀ ਸੁਸਾਇਟੀ ਮੁਤਾਬਕ ਤੁਰਨਾ ਪੈਂਦਾ ਜਿਸ ਸਮਾਜ ਵਿੱਚ ਉਹ ਵਿਚਰ ਰਹੇ ਹਨ। ਉਹਨੇ ਰੈਸਟੋਰੈਂਟ ਦੇ ਹਾਲ ਦੇ ਮੁੱਖ ਗੇਟ ਦੇ ਇੱਕ ਖੂੰਝੇ ਵਿੱਚ ਭਾਂਡੇ ਬਣਾਉਣ ਵਾਲਾ ਭਾਈ ਬਿਠਾ ਰੱਖਿਆ ਸੀ। ਉਹ ਜਸ਼ਨ ਵਿੱਚ ਸ਼ਾਮਿਲ ਬੱਚਿਆਂ ਨੂੰ ਭਾਂਡੇ ਪੱਥਣੇ, ਦੀਵੇ ਬਣਾਉਣੇ ਅਤੇ ਛੋਟੇ-ਮੋਟੇ ਗਮਲੇ ਬਣਾਉਣੇ ਸਿਖਾ ਰਿਹਾ ਸੀ। ਬੱਚਿਆਂ ਨੇ ਦੀਵੇ ਬਣਾਏ, ਗਮਲੇ ਪੱਥੇ, ਹੋਰ ਪਤਾ ਨਹੀਂ ਕੀ ਕੁੱਝ ਸਿੱਖਿਆ। ਮਾਵਾਂ ਨੇ ਵੀ ਬੱਚਿਆਂ ਦੇ ਕੱਪੜੇ ਗੰਦੇ ਹੋਣ ਦੇ ਡਰ ਨਾਲ ਉਨ੍ਹਾਂ ਨੂੰ ਡਾਂਟਿਆ ਨਹੀਂ, ਨਾ ਹੀ ਹੱਥ ਲਿਬੇੜਨ ਤੋਂ ਵਰਜਿਆ।

ਦੋ-ਤਿੰਨ ਘੰਟੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੇ ਖੂਬ ਮਸਤੀ ਮਾਰੀ। ਮੈਂ ਜ਼ਿਆਦਾਤਾਰ ਸਮਾਂ ਹਾਲ ਦੇ ਦੂਜੇ ਖੂੰਝੇ ਡਾਹੇ ਸੋਫ਼ੇ ‘ਤੇ ਬੈਠ ਕੇ ਸਵਾਦ-ਸਵਾਦ ਹੁੰਦਾ ਰਿਹਾ। ਸੂਰਜ ਢਲਣ ਤੋਂ ਬਾਅਦ ਅਤੇ ਹਨੇਰਾ ਹੋਣ ਤੋਂ ਪਹਿਲਾਂ ਸਭ ਨੇ ਜਾਣ ਦੀ ਕਾਹਲੀ ਪਾ ਲਈ। ਪਲਾਂ ਵਿੱਚ ਹੀ ਹਾਲ ਦੀ ਰੌਣਕ ਗਾਇਬ ਹੋ ਗਈ। ਵੇਟਰ ਟੇਬਲਾਂ ਉੱਤੇ ਬਚਿਆ ਖੁਚਿਆ ਖਾਣਾ ਅਤੇ ਜੂਠੇ ਭਾਂਡੇ ਸਮੇਟਣ ਲੱਗ ਪਏ। ਬੇਟੀ ਅਤੇ ਬੇਟੇ ਨੇ ਮਹਿਮਾਨਾਂ ਤੋਂ ਵਿਹਲੇ ਹੋ ਕੇ ਭਾਂਡੇ ਬਣਾਉਣ ਵਾਲੇ ਭਾਈ ਕੋਲ ਬੈਠ ਕੇ ਉਹਦੀ ਟਹਿਲ ਸੇਵਾ ਕੀਤੀ।

ਰੈਸਟੋਰੈਂਟ ਦਾ ਬਿੱਲ ਦੇਣ ਤੋਂ ਪਹਿਲਾਂ ਉਹਨੇ ਗੁਬਾਰੇ ਵਾਲੇ ਭਾਈ ਅਤੇ ਭਾਂਡਿਆਂ ਵਾਲੇ ਭਾਈ ਦਾ ਹਿਸਾਬ ਕਿਤਾਬ ਕਰ ਦਿੱਤਾ। ਮੇਰੀ ਦੋਹਤੀ ਮੇਰੇ ਕੋਲ ਬੈਠੀ ਥਕਾਵਟ ਲਾਹ ਰਹੀ ਸੀ। ਗੁਬਾਰੇ ਵਾਲਾ ਮੁੰਡਾ ਅਤੇ ਅੱਧਖੜ ਉਮਰ ਦਾ ਭਾਂਡਿਆਂ ਵਾਲਾ ਮੇਰੀ ਦੋਹਤੀ ਕੋਲ ਆ ਕੇ ਉਹਦੀ ਹਥੇਲੀ ਉੱਤੇ 100-100 ਰੁਪਇਆ ਧਰ ਗਏ। ਮੈਂ ਬਥੇਰਾ ਮਨ੍ਹਾ ਕੀਤਾ। ਉਨ੍ਹਾਂ ਨੇ ਦੂਰ ਤੋਂ ਹੱਥ ਖੜਾ ਕਰਕੇ ਮੈਨੂੰ ਕੁੱਝ ਕਹਿਣ ਤੋਂ ਵਰਜ ਦਿੱਤਾ। “ਸਰਦਾਰ ਜੀ, ਇਨ੍ਹਾਂ ਦੇਵੀਆਂ ਦਾ ਦਿੱਤਾ ਖਾ ਰਹੇ ਹਾਂ। ਧੀਆਂ ਤਾਂ ਖਾਨਦਾਨ ਦਾ ਭਾਗ ਹੁੰਦੀਆਂ ਨੇ।” ਦੋਵੇਂ ਵਾਰੋ-ਵਾਰੀ ਅੰਬਰੀਨ ਦਾ ਸਿਰ ਪਲੋਸ ਕੇ ਆਪਣਾ ਸਮਾਨ ਇਕੱਠਾ ਕਰਨ ਲੱਗ ਪਏ। ਮੈਂ ਦੇਖਦਾ ਹਾਂ ਰੈਸਟੋਰੈਂਟ ਦੀ ਰਿਸੈਪਸ਼ਨ ਉੱਤੇ ਮੇਰੀ ਪਤਨੀ ਵੇਟਰ ਵੱਲੋਂ ਪਰੋਸੀਆਂ ਆਈਟਮਾਂ ਤੋਂ ਡੇਢਾ ਬਿੱਲ ਦੇਖ ਕੇ ਉਨ੍ਹਾਂ ਨਾਲ ਖਹਿਬੜ ਰਹੀ ਹੈ।

ਉਸ ਵੇਲੇ ਮੇਰੀਆਂ ਅੱਖਾਂ ਦੇ ਅੱਗੇ ਫੁੱਲਾਂ ਦੀ ਦੁਕਾਨ ਵਾਲਾ ਆ ਖੜ੍ਹਾ ਹੈ ਜਿਸ ਤੋਂ ਮੈਂ ਆਪਣੀ ਦੋਹਤੀ ਨੂੰ ਨਾਲ ਲੈ ਕੇ ਬੇਟੀ ਦੇ ਘਰ ਵਾਸਤੇ ਵੱਡਾ ਗੁਲਦਸਤਾ ਅਤੇ ਉਹਦੇ ਲਈ ਗੁਲਾਬ ਦੇ ਪੰਜ ਫੁੱਲਾਂ ਦਾ ਛੋਟਾ ਜਿਹਾ ਬੰਚ ਖਰੀਦਣ ਗਿਆ ਸੀ। ਫੁੱਲਾਂ ਵਾਲੇ ਭਾਈ ਨੇ ਗੁਲਦਸਤੇ ਦੇ ਪੈਸੇ ਲੈਣ ਤੋਂ ਬਾਅਦ ਅੰਬਰੀਨ ਲਈ ਖਰੀਦੇ ਫੁੱਲਾਂ ਲਈ ਪੈਸੇ ਲੈਣ ਤੋਂ ਨਾਂਹ ਕਰ ਦਿੱਤੀ ਸੀ, “ਸਰਦਾਰ ਜੀ, ਮੈਂ ਤੋ ਖੁਸ਼ ਹੂੰ ਕਿ ਇਸ ਦੇਵੀ ਨੇ ਮੇਰੀ ਦੁਕਾਨ ਪੇ ਪਾਉਂ ਧਰਾ ਹੈ। ਆਜ ਦੇਖਨਾ ਸ਼ਾਮ ਤੱਕ ਬਹਾਰ ਲਗ ਜਾਏਗੀ।”

ਫੇਰ ਮੈਂ ਉਸੇ ਥਾਂ ਬਹਿ ਜਾਂਦਾ ਹਾਂ। ‘ਕਰੋੜਾਂ ਦੇ ਰੈਸਟੋਰੈਂਟ ਦੇ ਮਾਲਕ ਨੂੰ ਵੇਚੇ ਖਾਣੇ ਨਾਲ ਮਿਲਣ ਵਾਲੇ ਪੈਸੇ ਨਾਲ ਸਬਰ ਨਹੀਂ ਤੇ ਵਾਧੂ ਬਿਲ ਵਸੂਲ ਰਿਹਾ। ਪੰਜਾਬ ਦੇ ਮੱਥੇ ਤੋਂ ਕੁੜੀਆਂ ਮਾਰਨ ਦਾ ਕਲੰਕ ਮਿਟ ਨਹੀਂ ਰਿਹਾ। ਅਸੀਂ ਧੀਆਂ ਜੰਮਣ ਤੋਂ ਪਹਿਲਾਂ ਕੁੱਖਾਂ ਵਿੱਚ ਮਾਰਨ ਦਾ ਪਾਪ ਕਮਾ ਰਹੇ ਹਾਂ। ਪਰ ਇਹ ਗ਼ਰੀਬ ਤਬਕੇ ਦੇ ਮਜ਼ਦੂਰ ਜਿਨ੍ਹਾਂ ਤੋਂ ਸਮਾਜ ਭਿੱਟ ਹੋਣੋਂ ਡਰਦੈ, ਅਸਲ ਅਮੀਰ ਤਾਂ ਇਹ ਨੇ। ਇਨ੍ਹਾਂ ਦੇ ਦਿਲ ਦਰਿਆ ਨੇ ਸਮੁੰਦਰਾਂ ਤੋਂ ਡੂੰਘੇ। ਕੌਣ ਕਹਿੰਦਾ, ਅਡਾਨੀ ਅਤੇ ਅੰਬਾਨੀ ਫੰਨੇ ਖਾਂਹ ਨੇ।’ ਧਰਤੀ ਤਾਂ ਇਨ੍ਹਾਂ ਕਾਮਿਆਂ ਦੇ ਸਿਰ ‘ਤੇ ਖੜ੍ਹੀ ਹੈ।
ਸੰਪਰਕ: 98147-34035

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All