ਕਿੱਥੇ ਗਈ ਉਹ ਅੰਬਾਂ ਦੀ ਮਿਠਾਸ...
ਜਦੋਂ ਵੀ ਬਾਜ਼ਾਰ ਵਿੱਚੋਂ ਲਿਆਂਦੇ ਅੰਬਾਂ ਦੀ ਫਾੜੀ ਮੂੰਹ ਵਿੱਚ ਪਾਉਂਦੀ ਹਾਂ ਤਾਂ ਦਿਲ ਅਤੀਤ ਦੇ ਪੰਨਿਆਂ ਵਿੱਚ ਗੁਆਚ ਜਾਂਦਾ ਹੈ। ਦਿਮਾਗ਼ ਵਿੱਚ ਇਕਦਮ ਆਉਂਦਾ ਹੈ, “ਇਹ ਉਹ ਅੰਬ ਤਾਂ ਨਹੀਂ ਹਨ!” ਅੱਜ ਦੇ ਇਨ੍ਹਾਂ ਬਾਜ਼ਾਰੂ ਅੰਬਾਂ ਵਿੱਚੋਂ ਉਹ ਮਿਠਾਸ,...
ਜਦੋਂ ਵੀ ਬਾਜ਼ਾਰ ਵਿੱਚੋਂ ਲਿਆਂਦੇ ਅੰਬਾਂ ਦੀ ਫਾੜੀ ਮੂੰਹ ਵਿੱਚ ਪਾਉਂਦੀ ਹਾਂ ਤਾਂ ਦਿਲ ਅਤੀਤ ਦੇ ਪੰਨਿਆਂ ਵਿੱਚ ਗੁਆਚ ਜਾਂਦਾ ਹੈ। ਦਿਮਾਗ਼ ਵਿੱਚ ਇਕਦਮ ਆਉਂਦਾ ਹੈ, “ਇਹ ਉਹ ਅੰਬ ਤਾਂ ਨਹੀਂ ਹਨ!” ਅੱਜ ਦੇ ਇਨ੍ਹਾਂ ਬਾਜ਼ਾਰੂ ਅੰਬਾਂ ਵਿੱਚੋਂ ਉਹ ਮਿਠਾਸ, ਉਹ ਖੁਸ਼ਬੂ ਅਤੇ ਉਹ ਅਹਿਸਾਸ ਗਾਇਬ ਹੈ, ਜੋ ਬਚਪਨ ਦੇ ਦਿਨਾਂ ਵਿੱਚ ਸਾਡੇ ਆਪਣੇ ਖੇਤਾਂ ਅਤੇ ਵਿਹੜਿਆਂ ਵਿੱਚ ਲੱਗੇ ਅੰਬਾਂ ’ਚ ਹੁੰਦਾ ਸੀ।
ਉਹ ਵੀ ਕੀ ਜ਼ਮਾਨਾ ਸੀ, ਜਦੋਂ ਗਰਮੀਆਂ ਦੀਆਂ ਛੁੱਟੀਆਂ ਦਾ ਮਤਲਬ ਸਿਰਫ਼ ਖੇਡਣਾ-ਮੱਲਣਾ ਅਤੇ ਖੇਤਾਂ ਵਿੱਚ ਜਾ ਕੇ ਅੰਬਾਂ ਦੀ ਛਾਂ ਹੇਠ ਸਮਾਂ ਬਿਤਾਉਣਾ ਹੁੰਦਾ ਸੀ। ਅਜੇ ਅੰਬ ਪੂਰੀ ਤਰ੍ਹਾਂ ਪੱਕੇ ਵੀ ਨਹੀਂ ਸਨ ਹੁੰਦੇ ਕਿ ਸਾਡੀ ਬੇਸਬਰੀ ਜਾਗ ਪੈਂਦੀ। ਜਦੋਂ ਘਰ ਦੇ ਅੰਬਾਂ ਦੇ ਰੁੱਖਾਂ ’ਤੇ ਕੱਚੀਆਂ ਅੰਬੀਆਂ ਲੱਗਣੀਆਂ ਸ਼ੁਰੂ ਹੁੰਦੀਆਂ ਤਾਂ ਬੱਚਿਆਂ ਦੀਆਂ ਨਜ਼ਰਾਂ ਰੋਜ਼ ਉਨ੍ਹਾਂ ਵੱਲ ਹੁੰਦੀਆਂ। ਕਦੇ ਡਿੱਗੀ ਹੋਈ ਕੱਚੀ ਅੰਬੀ ਚੁੱਕ ਕੇ ਲੂਣ ਲਾ ਕੇ ਖਾਣੀ, ਕਦੇ ਰੁੱਖ ਹੇਠਾਂ ਖੜ੍ਹ ਕੇ ਅੰਦਾਜ਼ੇ ਲਾਉਣੇ ਕਿ ਕਿਹੜੀ ਟਾਹਣੀ ਦੇ ਅੰਬ ਪਹਿਲਾਂ ਪੱਕਣਗੇ।
ਦਰੱਖਤਾਂ ਤੋਂ ਕੱਚੇ-ਪੱਕੇ ਅੰਬ ਤੋੜ ਕੇ ਲਿਆਉਣਾ ਅਤੇ ਤੂੜੀ ਵਾਲੇ ਕੋਠੇ ਵਿੱਚ ਉਨ੍ਹਾਂ ਦੀ ‘ਪੈਲ’ (ਤੂੜੀ ਵਿੱਚ ਦੱਬ ਕੇ ਪਕਾਉਣ ਦੀ ਦੇਸੀ ਵਿਧੀ) ਪਾਉਣਾ ਬੱਚਿਆਂ ਲਈ ਇੱਕ ਬਹੁਤ ਵੱਡਾ ਕੰਮ ਹੁੰਦਾ ਸੀ। ਪੈਲ ਪਾਉਣ ਤੋਂ ਬਾਅਦ ਮਨ ਨੂੰ ਚੈਨ ਕਿੱਥੇ ਆਉਂਦਾ ਸੀ! ਰੋਜ਼ ਦਿਨ ਵਿੱਚ ਦੋ-ਤਿੰਨ ਵਾਰ ਚੋਰੀ-ਛੁਪੇ ਤੂੜੀ ਵਿੱਚ ਹੱਥ ਪਾ ਕੇ ਦੇਖਣਾ ਕਿ ਕੋਈ ਅੰਬ ਪਿਲਪਿਲਾ (ਪੱਕ) ਗਿਆ ਹੈ ਜਾਂ ਨਹੀਂ। ਜਦੋਂ ਕੋਈ ਅੰਬ ਪੱਕ ਜਾਂਦਾ ਤਾਂ ਇੰਜ ਲੱਗਦਾ ਸੀ ਜਿਵੇਂ ਕੋਈ ਖ਼ਜ਼ਾਨਾ ਲੱਭ ਗਿਆ ਹੋਵੇ। ਤੂੜੀ ਦੀ ਗਰਮਾਇਸ਼ ਨਾਲ ਪੱਕ ਰਹੇ ਅੰਬਾਂ ਦੀ ਜੋ ਵਿਲੱਖਣ ਖੁਸ਼ਬੂ ਪੂਰੇ ਤੂੜੀ ਵਾਲੇ ਕੋਠੇ ਵਿੱਚ ਫੈਲ ਜਾਂਦੀ ਸੀ, ਉਹ ਅੱਜ ਕਿਧਰੋਂ ਵੀ ਨਹੀਂ ਲੱਭਦੀ। ਤੂੜੀ ਵਿੱਚ ਅੰਬੀਆਂ ਰੱਖਣਾ ਸਿਰਫ਼ ਉਨ੍ਹਾਂ ਨੂੰ ਪਕਾਉਣ ਦਾ ਤਰੀਕਾ ਨਹੀਂ ਸੀ, ਇਹ ਕੁਦਰਤ ਦੀ ਰਫ਼ਤਾਰ ਨਾਲ ਜਿਊਣ ਦਾ ਸਬਕ ਸੀ। ਕੋਈ ਰਸਾਇਣ ਨਹੀਂ, ਕੋਈ ਕਾਹਲ ਨਹੀਂ। ਸਿਰਫ਼ ਸਮਾਂ, ਸਬਰ ਅਤੇ ਕੁਦਰਤ ਦਾ ਜਾਦੂ।
ਫਿਰ ਆਉਂਦਾ ਸੀ ਉਹ ਸਭ ਤੋਂ ਸੋਹਣਾ ਪਲ ਯਾਨੀ ਅੰਬ ਚੂਪਣ ਦਾ ਵੇਲਾ। ਬਾਲਟੀ ਠੰਢੇ ਪਾਣੀ ਨਾਲ ਭਰ ਕੇ ਉਸ ਵਿੱਚ ਅੰਬ ਪਾਏ ਜਾਂਦੇ ਤਾਂ ਜੋ ਉਨ੍ਹਾਂ ਦੀ ਗਰਮੀ ਨਿਕਲ ਜਾਵੇ। ਸਾਰਾ ਪਰਿਵਾਰ ਇਕੱਠਾ ਬੈਠ ਜਾਂਦਾ ਅਤੇ ਫਿਰ ਸ਼ੁਰੂ ਹੁੰਦਾ ਸੀ ਅੰਬ ਚੂਪਣ ਦਾ ਉਹ ਆਨੰਦ, ਜਿਸ ਦਾ ਸੁਆਦ ਸਿਰਫ਼ ਜੀਭ ਨਹੀਂ, ਰੂਹ ਵੀ ਮਹਿਸੂਸ ਕਰਦੀ ਸੀ। ਅੰਬ ਦਾ ਰਸ ਹੱਥਾਂ ਤੋਂ ਵਗਦਾ, ਕੱਪੜਿਆਂ ’ਤੇ ਡਿੱਗਦਾ, ਪਰ ਕਿਸੇ ਨੂੰ ਪਰਵਾਹ ਨਹੀਂ ਸੀ ਹੁੰਦੀ ਕਿਉਂਕਿ ਇਹ ਸਭ ਉਸ ਖ਼ੁਸ਼ੀ ਦਾ ਹਿੱਸਾ ਸਨ। ਅੰਬ ਖਾਂਦੇ ਸਮੇਂ ਸ਼ਿਸ਼ਟਾਚਾਰ ਦੀ ਪਾਲਣਾ ਨਹੀਂ ਕੀਤੀ ਜਾਂਦੀ ਸੀ, ਸਿਰਫ਼ ਅਤੇ ਸਿਰਫ਼ ਅੰਬ ਦੇ ਸੁਆਦ ਨੂੰ ਮਾਣਿਆ ਜਾਂਦਾ ਸੀ।
ਅਜੋਕਾ ਦੌਰ ਵਪਾਰਕ ਦੌਰ ਹੈ। ਹੁਣ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਸੋਹਣੇ-ਸੋਹਣੇ ਅੰਬ ਮਿਲਦੇ ਹਨ, ਪਰ ਇਨ੍ਹਾਂ ਅੰਬਾਂ ਨੂੰ ਦੇਖ ਕੇ ਦਿਲ ਨੂੰ ਉਹ ਖ਼ੁਸ਼ੀ ਨਹੀਂ ਹੁੰਦੀ, ਜੋ ਆਪਣੇ ਦੇਸੀ ਅੰਬਾਂ ਨੂੰ ਦੇਖ ਕੇ ਮਿਲਦੀ ਸੀ। ਹੁਣ ਅੰਬ ਕੁਦਰਤੀ ਤੌਰ ’ਤੇ ਜਾਂ ਤੂੜੀ ਦੀ ਗਰਮਾਇਸ਼ ਨਾਲ ਨਹੀਂ ਸਗੋਂ ਮਸਾਲਿਆਂ ਦੀ ਮਦਦ ਨਾਲ ਰਾਤੋ-ਰਾਤ ਪਕਾਏ ਜਾਂਦੇ ਹਨ। ਇਨ੍ਹਾਂ ਵਪਾਰਕ ਅੰਬਾਂ ਵਿੱਚੋਂ ਉਹ ਰੂਹ ਨੂੰ ਨਸ਼ਿਆ ਦੇਣ ਵਾਲੀ ਖੁਸ਼ਬੂ ਗਾਇਬ ਹੈ। ਇਨ੍ਹਾਂ ਵਿੱਚ ਮਿਠਾਸ ਤਾਂ ਹੋ ਸਕਦੀ ਹੈ, ਪਰ ਉਹ ਰੂਹਾਨੀ ਸੁਆਦ ਨਹੀਂ ਹੈ। ਇਨ੍ਹਾਂ ਅੰਬਾਂ ਨੂੰ ਖਾਂਦਿਆਂ ਜਾਂ ਚੂਪਦਿਆਂ ਹੁਣ ਉਹ ਪਿਆਰ ਤੇ ਆਪਣਾਪਣ ਮਹਿਸੂਸ ਨਹੀਂ ਹੁੰਦਾ ਕਿਉਂਕਿ ਇਹ ਤਾਂ ਮੁਨਾਫ਼ੇ ਦੀ ਹੋੜ ਵਿੱਚ ਤਿਆਰ ਕੀਤੇ ਗਏ ਹਨ। ਇਨ੍ਹਾਂ ਨਾਲ ਢਿੱਡ ਜ਼ਰੂਰ ਖ਼ਰਾਬ ਹੋ ਸਕਦਾ ਹੈ। ਸੱਚ ਤਾਂ ਇਹ ਹੈ ਕਿ ਅੰਬਾਂ ਦਾ ਸੁਆਦ ਸਿਰਫ਼ ਫ਼ਲ ਦੇ ਪੱਕਣ ਦੇ ਤਰੀਕਿਆਂ ਨਾਲ ਹੀ ਨਹੀਂ ਬਦਲਿਆ ਸਗੋਂ ਸਾਡੇ ਰਹਿਣ-ਸਹਿਣ ਅਤੇ ਰਿਸ਼ਤਿਆਂ ਵਿੱਚ ਆਈ ਦੂਰੀ ਨੇ ਵੀ ਇਸ ਮਿਠਾਸ ਨੂੰ ਫਿੱਕਾ ਕਰ ਦਿੱਤਾ ਹੈ।
ਅੱਜ ਸਾਡੇ ਕੋਲ ਏ ਸੀ ਕਮਰੇ ਹਨ, ਡਾਈਨਿੰਗ ਟੇਬਲ ਹਨ, ਪਰ ਇਕੱਠੇ ਬੈਠ ਕੇ ਬਾਲਟੀ ਵਿੱਚੋਂ ਅੰਬ ਚੂਪਣ ਵਾਲੀ ਸਾਂਝ ਗਾਇਬ ਹੈ। ਹਰ ਕੋਈ ਆਪਣੇ ਮੋਬਾਈਲ ਅਤੇ ਆਪਣੀ ਦੁਨੀਆ ਵਿੱਚ ਮਸਤ ਹੈ। ਬਚਪਨ ਦੀਆਂ ਉਹ ਯਾਦਾਂ ਸਾਨੂੰ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਅਸਲ ਖ਼ੁਸ਼ੀਆਂ ਪੈਸੇ ਨਾਲ ਖ਼ਰੀਦੀਆਂ ਜਾਣ ਵਾਲੀਆਂ ਚੀਜ਼ਾਂ ਵਿੱਚ ਨਹੀਂ ਸਗੋਂ ਕੁਦਰਤ ਦੇ ਨੇੜੇ ਰਹਿਣ ਤੇ ਦਿਲੋਂ ਰਿਸ਼ਤਿਆਂ ਨੂੰ ਜਿਊਣ ਵਿੱਚ ਹਨ। ਅੰਬਾਂ ਦੇ ਪੱਕਣ ਨਾਲ ਤੂੜੀ ਵਿੱਚੋਂ ਆਉਂਦੀ ਉਹ ਖੁਸ਼ਬੂ ਅਤੇ ਅੰਬ ਚੂਪਦੇ ਹੋਏ ਗੁਠਲੀ ਨੂੰ ਰਸ ਦੀ ਆਖ਼ਰੀ ਬੂੰਦ ਤੱਕ ਚੂਪਣਾ- ਇਹ ਸਭ ਹੁਣ ਸਿਰਫ਼ ਯਾਦਾਂ ਵਿੱਚ ਹੀ ਬਾਕੀ ਰਹਿ ਗਿਆ ਹੈ।

