ਜਦੋਂ ਪੰਜ ਰੁਪਏ ਵੀ ਨਾ ਮਿਲੇ
ਮੇਰਾ ਪਿੰਡ ਚੰਡੀਗੜ੍ਹ ਦੇ ਨੇੜੇ ਹੀ ਹੈ। ਇੱਥੇ ਕਿਸਾਨਾਂ ਕੋਲ ਜ਼ਮੀਨਾਂ ਕਾਫ਼ੀ ਵਾਧੂ ਸਨ, ਪਰ ਇਹ ਨਾ ਤਾਂ ਉਪਜਾਊ ਸਨ ਅਤੇ ਨਾ ਹੀ ਧਰਤੀ ਹੇਠਲੇ ਪਾਣੀ ਜਾਂ ਨਹਿਰੀ ਪਾਣੀ ਦੀ ਵਿਵਸਥਾ ਸੀ। ਜ਼ਮੀਨਾਂ ਵੈਸੇ ਵੀ ਉੱਚੀਆਂ-ਨੀਵੀਆਂ ਸਨ, ਮੀਂਹ ਦਾ ਪਾਣੀ...
ਮੇਰਾ ਪਿੰਡ ਚੰਡੀਗੜ੍ਹ ਦੇ ਨੇੜੇ ਹੀ ਹੈ। ਇੱਥੇ ਕਿਸਾਨਾਂ ਕੋਲ ਜ਼ਮੀਨਾਂ ਕਾਫ਼ੀ ਵਾਧੂ ਸਨ, ਪਰ ਇਹ ਨਾ ਤਾਂ ਉਪਜਾਊ ਸਨ ਅਤੇ ਨਾ ਹੀ ਧਰਤੀ ਹੇਠਲੇ ਪਾਣੀ ਜਾਂ ਨਹਿਰੀ ਪਾਣੀ ਦੀ ਵਿਵਸਥਾ ਸੀ। ਜ਼ਮੀਨਾਂ ਵੈਸੇ ਵੀ ਉੱਚੀਆਂ-ਨੀਵੀਆਂ ਸਨ, ਮੀਂਹ ਦਾ ਪਾਣੀ ਵੀ ਛੇਤੀ ਹੀ ਨਾਲਿਆਂ, ਚੋਆਂ ਵੱਲ ਭੱਜ ਜਾਂਦਾ ਸੀ। ਇਸ ਤੋਂ ਪਹਿਲਾਂ ਤਾਂ ਇਹ ਵੀ ਸੁਣਿਆ ਸੀ ਕਿ ਬਾਹਰਲੇ ਇਲਾਕੇ ਦੇ ਲੋਕ ਆਪਣੀਆਂ ਧੀਆਂ ਨੂੰ ਇਨ੍ਹਾਂ ਪਿੰਡਾਂ ਵਿੱਚ ਵਿਆਹੁਣ ਨੂੰ ਤਰਜੀਹ ਨਹੀਂ ਸਨ ਦਿੰਦੇ।
ਪਤਾ ਨਹੀਂ ਕਿਵੇਂ ਸਾਡੇ ਨਾਨਕਿਆਂ ਨੇ ਮਾਨੂਪੁਰ (ਖੰਨਾ) ਤੋਂ ਆ ਕੇ ਸਾਡੇ ਬਾਪੂ ਜੀ ਨੂੰ ਰਿਸ਼ਤਾ ਕਰ ਦਿੱਤਾ। ਹਾਂ, ਸਾਡੇ ਮਾਮਾ ਜੀ ਦੱਸਦੇ ਹੁੰਦੇ ਸਨ ਕਿ ਉਹ ਤਾਂ ਹੈਰਾਨ ਅਤੇ ਖ਼ੁਸ਼ ਹੋਏ ਸਨ ਜਦੋਂ ਪਤਾ ਲੱਗਾ ਕਿ ਸਾਡੇ ਬਾਪੂ ਜੀ ਅਤੇ ਚਾਚਾ ਜੀ ਸੱਤ ਸੌ ਵਿੱਘਿਆਂ ਦੇ ਮਾਲਕ ਹਨ। ਰੁਪਏ-ਪੈਸੇ ਤਾਂ ਬਚਪਨ, ਇੱਥੋਂ ਤੱਕ ਕਿ ਜਵਾਨੀ ਵਿੱਚ ਵੀ ਘੱਟ ਹੀ ਮਿਲਦੇ ਜਾਂ ਦਿਸਦੇ ਸਨ। ਪ੍ਰਾਇਮਰੀ ਸਿੱਖਿਆ ਮੈਂ ਆਪਣੇ ਪਿੰਡ ਕੁਰੜੀ ਦੇ ਸਕੂਲ ਤੋਂ ਪ੍ਰਾਪਤ ਕੀਤੀ। ਇੱਥੇ ਅਧਿਆਪਕ ਨੇੜਲੇ ਪਿੰਡਾਂ ਤੋਂ ਸਾਈਕਲਾਂ ’ਤੇ ਪੜ੍ਹਾਉਣ ਆਉਂਦੇ ਸਨ। ਮੈਂ ਛੇਵੀਂ ਲਈ ਨੇੜਲੇ ਪਿੰਡ ਮਿਡਲ ਸਕੂਲ ਕਰਾਲਾ ਵਿੱਚ ਦਾਖ਼ਲਾ ਲੈ ਲਿਆ। ਇਹ ਸਕੂਲ ਚੰਡੀਗੜ੍ਹ-ਰਾਜਪੁਰਾ ਸੜਕ ਉੱਤੇ ਸਥਿਤ ਹੈ। ਇੱਥੇ ਕਾਫ਼ੀ ਅਧਿਆਪਕ ਚੰਡੀਗੜ੍ਹ ਤੋਂ ਆਉਂਦੇ ਸਨ। ਛੇਵੀਂ ਤੋਂ ਅੱਠਵੀਂ ਤੱਕ ਮਾਸਿਕ ਫੰਡ (ਫੀਸ) 62 ਪੈਸੇ ਪ੍ਰਤੀ ਮਹੀਨਾ ਹੁੰਦਾ ਸੀ, ਜੋ ਉਦੋਂ 10 ਆਨਿਆਂ ਦਾ ਬਦਲ ਸੀ। ਸਾਨੂੰ ਘਰੋਂ ਇੱਕ ਰੁਪਿਆ ਮਿਲਦਾ ਸੀ। ਫੀਸ ਦੇ ਕੇ 38 ਪੈਸੇ ਜੇਬ ਖਰਚੇ ਲਈ ਬਚ ਜਾਂਦੇ ਸਨ ਅਤੇ ਅਸੀਂ ਆਪਣੇ ਆਪ ਨੂੰ ਬਹੁਤ ਅਮੀਰ ਸਮਝਦੇ ਸਾਂ। ਚੰਡੀਗੜ੍ਹੋਂ ਆਉਣ ਵਾਲੀ ਸਾਡੀ ਇੱਕ ਅਧਿਆਪਕਾ ਜੈ ਕੌਰ ਹੋਰਾਂ ਨੇ ਇੱਕ ਦਿਨ ਜਮਾਤਾਂ ਵਿੱਚ ਐਲਾਨ ਕੀਤਾ ਕਿ ਸਕੂਲ ਦਾ ਟੂਰ ਭਾਖੜਾ ਡੈਮ ਨੰਗਲ ਜਾਵੇਗਾ। ਸਭ ਨੂੰ ਬੜਾ ਚਾਅ ਚੜਿ੍ਹਆ। ਇਹ ਵੀ ਦੱਸਿਆ ਗਿਆ ਕਿ ਇਸ ਵਿਦਿਅਕ ਟੂਰ ਲਈ ਵਿਦਿਆਰਥੀ ਪੰਜ-ਪੰਜ ਰੁਪਏ ਲੈ ਕੇ ਆਉਣਗੇ। ਕਈਆਂ ਦੀ ਤਾਂ ਪੰਜ ਰੁਪਏ ਸੁਣ ਕੇ ਫੂਕ ਨਿਕਲ ਗਈ, ਪਰ ਮੈਂ ਥੋੜ੍ਹਾ ਆਸਵੰਦ ਸਾਂ ਕਿ ਘਰੋਂ ਪੰਜ ਰੁਪਏ ਤਾਂ ਮਿਲ ਹੀ ਜਾਣਗੇ।
ਘਰ ਆ ਕੇ ਗੱਲ ਕੀਤੀ। ਸਾਡਾ ਸਾਂਝਾ ਪਰਿਵਾਰ ਸੀ। ਪੰਜ ਰੁਪਏ ਦੀ ਮੰਗ ਸੁਣ ਕੇ ਘਰ ਦੇ ਇੱਕ ਦੂਜੇ ਵੱਲ ਦੇਖਣ ਲੱਗ ਪਏ। ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ‘‘ਪੜ੍ਹ ਲਓ, ਆਪ ਕਮਾਉਣ ਲੱਗ ਜਾਓ, ਫਿਰ ਮੌਜਾਂ ਕਰ ਲੈਣੀਆਂ, ਦੇਖ ਲੈਣਾ ਜੋ ਦੇਖਣਾ ਹੈ’’ ਆਦਿ। ਉਹ ਵਿਚਾਰੇ ਕੀ ਜਾਣਦੇ ਸਨ ਕਿ ਵਿਦਿਅਕ ਟੂਰ ਕੀ ਹੁੰਦੇ ਹਨ। ਕਈ ਥਾਵਾਂ ਬਾਰੇ ਪੜ੍ਹ ਕੇ ਸਗੋਂ ਨਹੀਂ ਦੇਖ ਕੇ ਹੀ ਪਤਾ ਲੱਗਦਾ ਹੈ। ਬਿਜਲੀ ਕਿਵੇਂ ਬਣਦੀ ਹੈ ਡੈਮ ’ਤੇ ਜਾ ਕੇ ਹੀ ਸਮਝ ਆਉਂਦਾ ਹੈ। ਇਹ ਤਰਕ ਤਾਂ ਸਾਨੂੰ ਅਧਿਆਪਕਾਂ ਨੇ ਦਿੱਤੇ ਸਨ, ਪਰ ਮੇਰੀ ਤਾਂ ਹਿੰਮਤ ਨਹੀਂ ਸੀ ਕਿ ਮੈਂ ਘਰਦਿਆਂ ਨੂੰ ਸਮਝਾਵਾਂ। ਦਿਨ ਤੋਂ ਸ਼ਾਮ, ਸ਼ਾਮ ਤੋਂ ਰਾਤ ਹੋ ਗਈ। ਦਿਲ ਮੇਰਾ ਬਹੁਤ ਕਰਦਾ ਸੀ ਭਾਖੜਾ ਡੈਮ ਦੇਖਣ ਨੂੰ, ਪਰ ਕੋਰਾ ਜਵਾਬ ਮਿਲਣ ਕਾਰਨ ਮੰਜੇ ’ਤੇ ਪਏ ਦੇ ਮੇਰੇ ਹਟਕੋਰੇ ਨਿਕਲ ਗਏ। ਮੈਂ ਹਟਕੋਰਿਆਂ ਦੀ ਆਵਾਜ਼ ਹੋਰ ਉੱਚੀ ਕੀਤੀ, ਸ਼ਾਇਦ ਘਰ ਦੇ ਪਸੀਜ ਕੇ ‘ਹਾਂ’ ਕਰ ਹੀ ਦੇਣ, ਪਰ ਕਿਸੇ ’ਤੇ ਕੋਈ ਅਸਰ ਨਾ ਹੋਇਆ ਅਤੇ ਮੈਨੂੰ ਆਰਾਮ ਨਾਲ ਸੌਂ ਜਾਣ ਦਾ ਫ਼ਰਮਾਨ ਸੁਣਾ ਦਿੱਤਾ ਗਿਆ। ਅਗਲੀ ਸਵੇਰ ਉੱਠ ਕੇ ਸਾਊ ਪੁੱਤ ਬਣ ਕੇ ਸਭ ਵੱਲ ਤੱਕਦਾ ਰਿਹਾ ਕਿ ਸ਼ਾਇਦ ਸਕੂਲ ਜਾਣ ਲੱਗੇ ਨੂੰ ਪੰਜ ਰੁਪਏ ਦੇਣ ਦੀ ਹਾਮੀ ਭਰ ਦੇਣ। ਹੋਰ ਭੈਣ-ਭਰਾਵਾਂ ਦੀ ਵੀ ਹਿੰਮਤ ਨਹੀਂ ਸੀ ਕਿ ਵੱਡਿਆਂ ਸਾਹਮਣੇ ਮੇਰੀ ਸਹਾਇਤਾ ਕਰ ਸਕਣ, ਭਾਵ ਮੇਰੇ ਲਈ ਹਾਅ ਦਾ ਨਾਅਰਾ ਮਾਰ ਦੇਣ। ਸਕੂਲ ਪਹੁੰਚ ਗਿਆ। ਜਮਾਤ ਵਿੱਚ ਜੋ ਵਿਦਿਆਰਥੀ 5-5 ਰੁਪਏ ਲੈ ਕੇ ਆਏ ਸਨ, ਭੱਜ-ਭੱਜ ਕੇ ਮੈਡਮ ਕੋਲ ਜਮ੍ਹਾਂ ਕਰਵਾਉਣ ਲੱਗ ਪਏ। ਭਾਵੇਂ ਸਾਰੇ ਵਿਦਿਆਰਥੀ ਨਹੀਂ ਸੀ ਜਾ ਰਹੇ, ਪਰ ਮੈਡਮ ਜੈ ਕੌਰ ਹੋਰਾਂ ਨੇ ਉਚੇਚੇ ਤੌਰ ’ਤੇ ਮੈਨੂੰ ਪੈਸੇ ਜਮ੍ਹਾਂ ਕਰਵਾਉਣ ਲਈ ਆਵਾਜ਼ ਮਾਰੀ। ਮੈਂ ਜਮਾਤ ਦਾ ਮੌਨੀਟਰ ਸਾਂ ਅਤੇ ਉਨ੍ਹਾਂ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਮੈਂ ਪੈਸੇ ਨਹੀਂ ਲਿਆਂਦੇ ਹੋਣੇ।
ਮੈਂ ਉਨ੍ਹਾਂ ਕੋਲ ਜਾ ਕੇ ਹਲਕਾ ਜਿਹਾ ਦੱਸਿਆ ਕਿ ਮੈਨੂੰ ਘਰੋਂ ਪੈਸੇ ਨਹੀਂ ਮਿਲੇ ਅਤੇ ਮੇਰਾ ਰੋਣ ਨਿਕਲ ਗਿਆ। ਉਹ ਮੈਨੂੰ ਬਹੁਤ ਪਿਆਰ ਕਰਦੇ ਸਨ। ਕਹਿਣ ਲੱਗੇ, ‘‘ਤੂੰ ਜਾਏਂਗਾ, ਪੈਸੇ ਮੈਂ ਭਰ ਦਿਆਂਗੀ।’’ ਮੈਂ ਮਨ੍ਹਾਂ ਕਰ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਕਿ ਜੇਕਰ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਕਿ ਮੇਰੇ ਪੈਸੇ ਮੈਡਮ ਨੇ ਦਿੱਤੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਬਰਦਾਸ਼ਤ ਨਹੀਂ ਹੋਵੇਗਾ। ਛੁੱਟੀ ਤੋਂ ਬਾਅਦ ਘਰ ਆ ਕੇ ਮੈਂ ਮੈਡਮ ਦੀ ਗੱਲ ਅਤੇ ਆਪਣੇ ਜਵਾਬ ਬਾਰੇ ਦੱਸਿਆ। ਲੱਗਦਾ ਸੀ ਕਿ ਸ਼ਾਇਦ ਮੇਰੇ ਜਵਾਬ ਤੋਂ ਖ਼ੁਸ਼ ਹੋ ਕੇ ਹੀ ਪੰਜ ਰੁਪਏ ਦੇ ਦੇਣਗੇ, ਪਰ ਇੰਝ ਨਹੀਂ ਹੋਇਆ। ਹੁਣ ਜਦੋਂ ਮੈਂ ਇਸ ਘਟਨਾ ਬਾਰੇ ਸੋਚਦਾ ਹਾਂ ਤਾਂ ਮੈਨੂੰ ਘਰਦਿਆਂ ਪ੍ਰਤੀ ਕੋਈ ਗਿਲਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਉਦੋਂ ਸਮਾਂ ਹੀ ਇਸ ਤਰ੍ਹਾਂ ਦਾ ਸੀ। ਪੈਸੇ ਆਮ ਨਹੀਂ ਸਨ ਹੁੰਦੇ ਅਤੇ ਨਾ ਹੀ ਉਨ੍ਹਾਂ ਨੂੰ ਉਦੋਂ ਟੂਰ ਦੀ ਅਹਿਮੀਅਤ ਹੀ ਪਤਾ ਸੀ। ਜ਼ਮੀਨ ਦਾ ਉਪਜਾਊ ਨਾ ਹੋਣਾ, ਪਾਣੀ ਅਤੇ ਸਾਧਨਾਂ ਦੀ ਘਾਟ ਦੇ ਬਾਵਜੂਦ ਦਿਨ ਰਾਤ ਮਿਹਨਤ ਕੀਤੀ। ਕਦੇ ਕਰਜ਼ੇ ਨਹੀਂ ਲਏ। ਭੈਣ-ਭਰਾਵਾਂ, ਚਚੇਰਿਆਂ ਸਮੇਤ ਜਿੰਨਾ ਕੁ ਪੜ੍ਹਾ ਸਕਦੇ ਸੀ ਪੜ੍ਹਾਇਆ, ਵਿਆਹ ਸ਼ਾਦੀਆਂ ਕੀਤੀਆਂ, ਘਰ ਬਣਾਏ ਤੇ ਵਸਾਏ ਪਰ ਇੱਕ ਇੰਚ ਵੀ ਜ਼ਮੀਨ ਖ਼ਰਾਬ ਨਹੀਂ ਕੀਤੀ। ਇਹ ਉਹੀ ਪਿੰਡ/ ਜ਼ਮੀਨਾਂ ਸਨ ਜਿੱਧਰ ਕੋਈ ਮੂੰਹ ਨਹੀਂ ਸੀ ਕਰਦਾ। ਚੰਡੀਗੜ੍ਹ ਨੇੜੇ ਮੁਹਾਲੀ ਸ਼ਹਿਰ ਵਸਿਆ, ਵਸਦਾ ਵਸਦਾ ਇਨ੍ਹਾਂ ਪਿੰਡਾਂ ਤੱਕ ਪਹੁੰਚ ਗਿਆ ਹੈ। ਅੱਜ ਵਰਗ ਗਜ਼ ਲੱਖਾਂ ਅਤੇ ਵਿੱਘੇ ਕਰੋੜਾਂ ਰੁਪਏ ’ਚ ਆਮ ਵਿਕ ਰਹੇ ਹਨ। ਉਨ੍ਹਾਂ ਘਰਦਿਆਂ ਦੀ ਕੀਤੀ ਸੰਜਮ-ਸੰਭਾਲ ਦਾ ਆਨੰਦ ਔਲਾਦਾਂ ਮਾਣ ਰਹੀਆਂ ਹਨ। ਕਾਸ਼! ਅਗਲੀਆਂ ਪੀੜ੍ਹੀਆਂ ਕਮਾਈ ਕਰ ਕੇ ਪੈਸੇ ਦਾ ਲੋੜ ਅਨੁਸਾਰ ਸੰਜਮ ਨਾਲ ਸਦਉਪਯੋਗ ਕਰਨ।
ਸੰਪਰਕ: 94171-53819
