ਪ੍ਰਿੰਸੀਪਲ ਵਿਜੈ ਕੁਮਾਰ
ਸਰਕਾਰੀ ਸਕੂਲ ਤੋਂ ਸੇਵਾ ਮੁਕਤ ਹੋਣ ਬਾਅਦ ਇੱਕ ਐਜੂਕੇਸ਼ਨ ਸੁਸਾਇਟੀ ਦੇ ਡਾਇਰੈਕਟਰ ਦਾ ਸੇਵਾ ਭਾਵ ਦੇਖ ਕੇ ਇਸ ਸੁਸਾਇਟੀ ਅਧੀਨ ਪੈਂਦੇ ਸਕੂਲ ਵਿਚ ਸੇਵਾ ਕਰਨ ਦਾ ਮਨ ਬਣਾ ਲਿਆ। ਸੇਵਾ ਭਾਵਨਾ ਦੇ ਉਦੇਸ਼ ਅਤੇ ਛੋਟੇ ਛੋਟੇ ਬੱਚਿਆਂ ਦੇ ਮੋਹ ਨੇ ਮੈਨੂੰ ਨੌਕਰੀ ਨਾਲੋਂ ਆਪਣੇ ਨਾਲ ਮਨੋਂ ਜੋੜ ਲਿਆ ਸੀ। ਛੋਟੇ ਛੋਟੇ ਬੱਚੇ ਜਦੋਂ ਸਕੂਲ ਦੀ ਵਰਦੀ ਵਿਚ ਆ ਕੇ ਫਤਿਹ ਬੁਲਾ ਕੇ ਟੌਫੀ ਮੰਗਦੇ ਤਾਂ ਮੈਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਸਕੂਲੀ ਦਿਨ ਯਾਦ ਆ ਜਾਂਦੇ। ਸਕੂਲ ਆ ਕੇ ਮੈਨੂੰ ਆਪਣੀ ਜਿ਼ੰਦਗੀ ਨਾਲ ਹਰ ਸਿ਼ਕਾਇਤ ਭੁੱਲ ਜਾਂਦੀ। ਮੇਰੇ ਬੱਚੇ ਚਾਹੁੰਦੇ ਸਨ ਕਿ ਹੁਣ ਮੈਂ ਸਕੂਲ ਦੀ ਨੌਕਰੀ ਛੱਡ ਕੇ ਘਰ ਬੈਠ ਕੇ ਆਰਾਮ ਕਰਾਂ ਪਰ ਜਦੋਂ ਮੈਂ ਉਨ੍ਹਾਂ ਨੂੰ ਛੋਟੇ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਸੁਣਾਉਂਦਾ ਤਾਂ ਉਹ ਲਾਜਵਾਬ ਹੋ ਜਾਂਦੇ।
ਮੈਨੂੰ ਭਾਵੇਂ ਸਕੂਲ ਦੇ ਸਾਰੇ ਬੱਚਿਆਂ ਨਾਲ ਬਹੁਤ ਮੋਹ ਹੈ ਪਰ ਉਨ੍ਹਾਂ ਵਿਚੋਂ ਅਮਨ ਨਾਲ ਪਤਾ ਨਹੀਂ ਕਦੋਂ, ਬਹੁਤ ਲਗਾਓ ਹੋ ਗਿਆ। ਪਹਿਲੀ ਜਮਾਤ ਦਾ ਵਿਦਿਆਰਥੀ; ਉਸ ਦੀ ਲਿਆਕਤ ਤੇ ਨਜ਼ਾਕਤ, ਦੋਹਾਂ ਵਿਚ ਉਹ ਦੂਜੇ ਬੱਚਿਆਂ ਨਾਲੋਂ ਬਿਲਕੁੱਲ ਵੱਖਰਾ ਹੈ। ਉਸ ਦੀ ਮਾਂ ਜਦੋਂ ਉਸ ਨੂੰ ਸਕੂਲ ਛੱਡਣ ਆਉਂਦੀ, ਬਹੁਤ ਕਾਹਲ ਵਿਚ ਹੁੰਦੀ; ਉਹਨੇ ਕਿਸੇ ਪ੍ਰਾਈਵੇਟ ਕੰਪਨੀ ਵਿਚ ਡਿਊਟੀ ’ਤੇ ਜੋ ਪਹੁੰਚਣਾ ਹੁੰਦਾ ਹੈ। ਅਮਨ ਮੈਨੂੰ ਫਤਿਹ ਬੁਲਾਉਣ ਤੋਂ ਬਿਨਾਂ ਕਦੇ ਨਾ ਜਮਾਤ ਵਿਚ ਜਾਂਦਾ ਤੇ ਨਾ ਹੀ ਆਪਣੇ ਘਰ ਮੁੜਦਾ। ਮੇਰੇ ਮਨ ਵਿਚ ਵੀ ਉਸ ਨੂੰ ਮਿਲਣ ਦੀ ਤਾਂਘ ਰਹਿੰਦੀ। ਜੇ ਉਸ ਨਾਲ ਮੇਲ ਨਾ ਹੁੰਦਾ ਤਾਂ ਮੈਂ ਅਧਿਆਪਕਾਵਾਂ ਤੋਂ ਉਸ ਦੇ ਆਉਣ ਜਾਂ ਨਾ ਆਉਣ ਬਾਰੇ ਪੁੱਛਦਾ। ਪੜ੍ਹਾਈ ਵਿਚ ਹੁਸਿ਼ਆਰ ਹੋਣ ਬਾਰੇ ਅਕਸਰ ਹੀ ਉਸ ਬਾਰੇ ਚਰਚਾ ਹੁੰਦੀ। ਉਹ ਜਮਾਤ ਵਿਚ ਪਹਿਲੇ ਸਥਾਨ ’ਤੇ ਰਹਿੰਦਾ। ਅਜਿਹਾ ਕੋਈ ਦਿਨ ਨਾ ਹੁੰਦਾ ਜਿਸ ਦਿਨ ਉਹ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਕੁਝ ਨਾ ਕੁਝ ਨਾ ਬੋਲਦਾ। ਉਸ ਦੀ ਜਮਾਤ ਦੀਆਂ ਅਧਿਆਪਕਾਵਾਂ ਮੈਨੂੰ ਅਕਸਰ ਕਹਿੰਦੀਆਂ ਕਿ ਉਸ ਨੂੰ ਸਭ ਕੁਝ ਆਉਂਦਾ ਹੈ, ਉਸ ਨੂੰ ਅਗਲੀ ਜਮਾਤ ਵਿਚ ਕਰ ਦੇਣਾ ਚਾਹੀਦਾ ਹੈ।
ਇਸ ਵਾਰ ਉਸ ਦੀ ਮਾਂ ਨਾਲ ਸਲਾਹ ਮਸ਼ਵਰਾ ਕਰਕੇ ਉਸ ਨੂੰ ਇੱਕ ਹੋਰ ਅਗਲੀ ਜਮਾਤ ਵਿਚ ਚੜ੍ਹਾਉਣ ਦਾ ਮਨ ਬਣਾ ਲਿਆ ਸੀ। ਉਹ ਸਕੂਲ ਦੇ ਬੱਚਿਆਂ ਅਤੇ ਆਪਣੀਆਂ ਅਧਿਆਪਕਾਵਾਂ ਨੂੰ ਕਹਿੰਦਾ ਕਿ ਉਹ ਆਈਪੀਐੱਸ
ਅਫਸਰ ਬਣੇਗਾ। ਸਕੂਲ ਦੇ ਬੱਚਿਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਸਨ। ਇੱਕ ਦਿਨ ਉਸ ਦੀ ਮਾਂ ਨਿੰਮੋਝੂਣਾ ਜਿਹਾ ਚਿਹਰਾ ਲੈ ਕੇ ਆਈ। ਦਫ਼ਤਰ ਆਉਣ ਦਾ ਕਾਰਨ ਪੁੱਛਣ ’ਤ ਉਸ ਨੇ ਕਿਹਾ, “ਕੱਲ੍ਹ ਅਮਨ ਦਾ ਅੰਗੇਰਜ਼ੀ ਦਾ ਪਰਚਾ ਹੈ ਪਰ ਉਸ ਨੂੰ ਖੂਨ ਚੜ੍ਹਨਾ ਹੈ, ਉਸ ਨੂੰ ਪਰਚੇ ਤੋਂ ਛੋਟ ਲੈਣ ਆਈ ਹਾਂ। ਉਸ ਦਾ ਇਹ ਪਰਚਾ ਮੈਂ ਕਿਸੇ ਹੋਰ ਦਿਨ ਦਿਵਾ ਦਿਆਂਗੀ।”
ਉਹ ਮੈਥੋਂ ਪਹਿਲਾਂ ਜਮਾਤ ਇੰਚਾਰਜ ਤੋਂ ਪੁੱਛ ਆਈ ਸੀ ਅਤੇ ਅਧਿਆਪਕਾ ਨੇ ਉਸ ਨੂੰ ਮੇਰੇ ਕੋਲ ਭੇਜ ਦਿੱਤਾ ਸੀ। ਉਸ ਔਰਤ ਦਾ ਸਵਾਲ ਸੁਣ ਕੇ ਮੈਂ ਧਰਮ ਸੰਕਟ ਵਿਚ ਪੈ ਗਿਆ; ਇੱਕ ਪਾਸੇ ਸਾਲਾਨਾ ਪ੍ਰੀਖਿਆ, ਦੂਜੇ ਪਾਸੇ ਬੱਚੇ ਦੀ ਬਿਮਾਰੀ, ਫਿਰ ਵੀ ਮੈਂ ਕਹਿ ਦਿੱਤਾ ਕਿ ਬੱਚੇ ਦਾ ਪਰਚਾ ਕਿਸੇ ਹੋਰ ਦਿਨ ਲੈ ਲਵਾਂਗੇ ਪਰ ਦੂਜੇ ਦਿਨ ਅਮਨ ਪਰਚਾ ਦੇਣ ਆਇਆ ਹੋਇਆ ਸੀ। ਉਸ ਨੇ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਉਹ ਪਰਚਾ ਦੇਣ ਤੋਂ ਬਾਅਦ ਖੂਨ ਚੜ੍ਹਾ ਲਵੇਗਾ। ਜੇ ਉਹ ਪਰਚਾ ਦੇਣ ਤੋਂ ਰਹਿ ਗਿਆ ਤਾਂ ਉਹ ਪਹਿਲੇ ਸਥਾਨ ’ਤੇ ਆਉਣ ਤੋਂ ਰਹਿ ਜਾਵੇਗਾ। ਸਾਲਾਨਾ ਪ੍ਰੀਖਿਆ ਖ਼ਤਮ ਹੋ ਗਈ। ਅਧਿਆਪਕ-ਮਾਪੇ ਮਿਲਣੀ ’ਤੇ ਅਮਨ ਦੀ ਮਾਂ ਉਸ ਦਾ ਨਤੀਜਾ ਲੈ ਕੇ ਮੈਨੂੰ ਦੱਸ ਗਈ ਕਿ ਉਹ ਆਪਣੀ ਜਮਾਤ ਵਿਚੋਂ ਪਹਿਲੇ ਸਥਾਨ ’ਤੇ ਆਇਆ ਹੈ। ਮੈਂ ਅਮਨ ਦੀ ਸਿਹਤ ਬਾਰੇ ਪੁੱਛਿਆ। ਉਹ ਬੋਲੀ, “ਡਾਕਟਰ ਨੇ ਚੰਡੀਗੜ੍ਹ ਪੀਜੀਆਈ ਹਸਪਤਾਲ ਦਿਖਾਉਣ ਲਈ ਕਿਹਾ ਹੈ।” ਇੰਨੇ ਸ਼ਬਦ ਕਹਿ ਕੇ ਉਹ ਘਰ ਚਲੀ ਗਈ।
ਮੇਰਾ ਮੱਥਾ ਠਣਕਿਆ।
ਸਕੂਲ ਦੀਆਂ ਨਵੀਆਂ ਜਮਾਤਾਂ ਸ਼ੁਰੂ ਹੋ ਗਈਆਂ। ਮੈਂ ਅਧਿਆਪਕਾਵਾਂ ਨੂੰ ਪੁੱਛਦਾ, ਅਮਨ ਦਾਖਲ ਹੋ ਗਿਆ? ਜਵਾਬ ਨਹੀਂ ਵਿਚ ਮਿਲਦਾ। ਉਸ ਦੀ ਫੀਸ ਦੇਣਾ ਵਾਲਾ ਫ਼ੌਜੀ ਅਫਸਰ ਸਕੂਲ ਦੀ ਪੀਟੀਏ ਕਮੇਟੀ ਦਾ ਪ੍ਰਧਾਨ ਹੈ। ਮੈਂ ਉਹਨੂੰ ਪੁੱਛਿਆ, “ਅਮਨ ਦੀ ਸਿਹਤ ਦਾ ਕੀ ਹਾਲ ਐ?” ਉਸ ਦਾ ਜਵਾਬ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ; ਜਿਵੇਂ ਅੱਖਾਂ ਅੱਗੇ ਨ੍ਹੇਰ ਪੈ ਗਿਆ ਹੋਵੇ। ਅਮਨ ਨੂੰ ਬਲੱਡ ਕੈਂਸਰ ਸੀ ਅਤੇ ਹਸਪਤਾਲ ਦਾਖਿ਼ਲ ਸੀ। ਸਾਡੇ ਹੰਝੂ ਨਾ ਰੁਕ ਸਕੇ।
ਅਮਨ ਤੋਂ ਬਿਨਾਂ ਸਕੂਲ ਉਦਾਸ ਹੈ। ਇਕ ਦਿਨ ਮੈਥੋਂ ਰਿਹਾ ਨਾ ਗਿਆ, ਉਹਦੀ ਮੰਮੀ ਨੂੰ ਫੋਨ ਕੀਤਾ, ਉਸ ਨੂੰ ਬਲੱਡ ਕੈਂਸਰ ਹੋਣ ਬਾਰੇ ਮੁੜ ਪੁੱਛਿਆ। ਖ਼ਬਰ ਠੀਕ ਹੀ ਸੀ। ਫਿਰ ਅਮਨ ਨਾਲ ਗੱਲ ਕੀਤੀ। ਉਹਦਾ ਹੌਸਲਾ ਬੁਲੰਦ ਸੀ। ਉਸ ਦੀ ਆਵਾਜ਼ ਵਿਚ ਨਾ ਕੋਈ ਸਿ਼ਕਾਇਤ ਸੀ, ਨਾ ਮਲਾਲ। ਕਹਿੰਦਾ, “ਸਰ, ਮੈਂ ਛੇਤੀ ਠੀਕ ਹੋ ਕੇ ਆ ਜਾਵਾਂਗਾ। ਮੈਨੂੰ ਦੂਜੀ ਜਮਾਤ ਦੀਆਂ ਕਿਤਾਬਾਂ ਭੇਜ ਦਿਓ, ਮੈਂ ਹਸਪਤਾਲ ਵਿਚ ਪੜ੍ਹਦਾ ਰਹਾਂਗਾ। ਮੈਂ ਆਪਣੀ ਜਮਾਤ ਵਿਚੋਂ ਪਹਿਲੇ ਨੰਬਰ ’ਤੇ ਆਉਣੈ…।”
ਅਮਨ ਦੇ ਇਲਾਜ ਦਾ ਖਰਚਾ ਉਹੀ ਫ਼ੌਜੀ ਕਰ ਰਿਹਾ ਹੈ। ਮੇਰਾ ਮਨ ਮੈਨੂੰ ਵਾਰ ਵਾਰ ਇੱਕੋ ਸਵਾਲ ਪੁੱਛ ਰਿਹੈ: ਅਮਨ ਕਦੋਂ ਆਵੇਗਾ?
ਸੰਪਰਕ: 98726-27136