ਜਦੋਂ ਵਕਤ ਬਦਲਦਾ ਹੈ...
ਸਵੇਰੇ ਚਾਹ ਦੀਆਂ ਚੁਸਕੀਆਂ ਲੈ ਰਿਹਾ ਸਾਂ, ਬੂਹੇ ’ਚ ਅਖ਼ਬਾਰ ਵਾਲੇ ਨੇ ਆਵਾਜ਼ ਮਾਰੀ। ਚਾਹ ਦੀ ਪਿਆਲੀ ਰੱਖ ਕੇ ਅਖ਼ਬਾਰ ਚੁੱਕਣ ਦੀ ਸੋਚ ਰਿਹਾ ਸਾਂ, ਪਰ ਵਿਹੜਾ ਸੁੰਬਰ ਰਹੀ ਮਾਂ ਨੇ ਪਹਿਲਾਂ ਹੀ ਅਖ਼ਬਾਰ ਚੁੱਕ ਕੇ ਮੇਰੇ ਹੱਥ ’ਤੇ ਧਰ ਦਿੱਤਾ। ਬਸ ਫੇਰ ਚਾਹ ਦੀ ਘੁੱਟ ਚੇਤੇ ’ਚੋਂ ਵਿਸਰ ਗਈ ਤੇ ਬੀਤੇ ਦਿਨ ਹੋਏ ਸਾਹਿਤਕ ਸਮਾਗਮ ਦੀ ਖ਼ਬਰ ਪੜ੍ਹਨ ਦੀ ਕਾਹਲ ਪੈ ਗਈ। ਅੰਦਰਲਾ ਪੰਨਾ ਖੋਲ੍ਹਦਿਆਂ ਹੀ ਤੀਜੇ ਕਾਲਮ ’ਤੇ ਸਮੇਤ ਫੋਟੋ ਲੱਗੀ ਖ਼ਬਰ ਦੇ ਚਾਅ ਨੇ ਬਾਕੀ ਬਚਦੀ ਚਾਹ ਦੀਆਂ ਘੁੱਟਾਂ ਭਰਨ ਤੋਂ ਧਿਆਨ ਹਟਾ ਦਿੱਤਾ ਤੇ ਵੱਡੇ ਲਿਖਾਰੀਆਂ ਨਾਲ ਖੜ੍ਹ ਕੇ ਖਿਚਵਾਈ ਤਸਵੀਰ ਦਾ ਚਾਅ ਮਾਂ ਨਾਲ ਸਾਂਝਾ ਕਰਨ ਲੱਗ ਪਿਆ। ਤਸਵੀਰ ਵੱਲ ਝਾਕਦਿਆਂ ਫੋਟੋ ’ਚ ਖੜ੍ਹੇ ਮੁਸਕਰਾਉਂਦੇ ਚਿਹਰੇ ਵੱਲ ਦੇਖ ਮਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਸੀ। ਚੁੰਨੀ ਨਾਲ ਸਿਰ ਢਕਦਿਆਂ ਤੇ ਕੜਾਹੀਏ ’ਚ ਕੂੜਾ ਪਾਉਂਦਿਆਂ ਮਾਂ ਆਖ ਰਹੀ ਸੀ, ‘‘ਬਥੇਰਾ ਸੋਹਣਾ ਲਗਦੈਂ ’ਖਬਾਰ ’ਚ ਖੜ੍ਹਾ, ਹੁਣ ਫੋਟੂ ਦੇਖ ਕੇ ਈ ਢਿੱਡ ਭਰ ਲਏਂਗਾ...? ਚਾਹ ਤਾਂ ਡੁੱਬੜੀ ਠੰਢੀ ਠਾਰ ਹੋਈ ਪਈ ਐ।’’ ਪਤਾ ਨਹੀਂ ਹੋਰ ਕੀ-ਕੀ ਬੋਲਦੀ ਮਾਂ ਅੰਦਰ ਕਮਰੇ ’ਚ ਚਲੀ ਗਈ। ਪਤੀਲੀ ’ਚੋਂ ਗਰਮ ਚਾਹ ਦੀ ਘੁੱਟ ਪਿਆਲੀ ’ਚ ਪਾ ਕੇ ਅੰਦਰ ਵੜਿਆ ਤਾਂ ਮਾਂ ਸੈਲਫ਼ ’ਤੇ ਪਈਆਂ ਟਰਾਫੀਆਂ ਸਾਫ਼ ਕਰ ਰਹੀ ਸੀ।
ਅਖ਼ਬਾਰ ’ਚ ਖ਼ਬਰਾਂ ਪੜ੍ਹਦਿਆਂ ਮੇਰਾ ਧਿਆਨ ਇੱਕ ਹੋਰ ਖ਼ਬਰ ਵੱਲ ਗਿਆ। ਖ਼ਬਰ ਸਿਆਸੀ ਮੁੱਦੇ ਨਾਲ ਜੁੜੀ ਸੀ ਪਰ ਇਸ ਨੇ ਮੇਰਾ ਧਿਆਨ ਇੱਕ ਖ਼ਾਸ ਕਾਰਨ ਕਰਕੇ ਖਿੱਚਿਆ। ਖ਼ਬਰ ਨਾਲ ਲੱਗੀ ਤਸਵੀਰ ਵਿੱਚ ਸੰਘਰਸ਼ਾਂ ਦੇ ਮੁੱਢਲੇ ਦੌਰ ਦਾ ਬੇਲੀ ਤੇ ਹਲਕਾ ਨਿਹਾਲ ਸਿੰਘ ਵਾਲਾ (ਮੋਗਾ) ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਖੜ੍ਹਾ ਸੀ। ਭਾਵੇਂ ਰਾਜਨੀਤਕ ਮਸਲਿਆਂ ’ਚ ਦਿਲਚਸਪੀ ਘੱਟ ਹੋਣ ਕਾਰਨ ਖ਼ਬਰ ਤਾਂ ਮੈਂ ਪੂਰੇ ਮਨ ਨਾਲ ਨਹੀਂ ਪੜ੍ਹੀ ਪਰ ਫੋਟੋ ਨੂੰ ਵਾਰ ਵਾਰ ਦੇਖਣ ਦੀ ਖਿੱਚ ਨੇ ਮੇਰੇ ਮਨ ’ਚ ਵਿਲੱਖਣ ਖ਼ੁਸ਼ੀ ਲੈ ਆਂਦੀ। ਮਨ ਨੂੰ ਅਹਿਸਾਸ ਹੋਇਆ ਕਿ ਜਿਊਂਦੇ ਜੀਅ ਕਿਤਾਬਾਂ, ਅਖ਼ਬਾਰਾਂ ਤੇ ਹੋਰਨਾਂ ਥਾਵਾਂ ’ਤੇ ਤਸਵੀਰਾਂ ਦਾ ਪ੍ਰਕਾਸ਼ਿਤ ਹੋਣਾ ਡਾਹਢੇ ਮਾਣ ਵਾਲੀ ਗੱਲ ਹੈ। ਇਸ ਪਿੱਛੇ ਵੀ ਇਨਸਾਨ ਦੀ ਲੰਮੀ ਘਾਲਣਾ ਹੁੰਦੀ ਹੈ ਜੋ ਆਪਣਿਆਂ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ।
ਸੋਚਾਂ ਵਿੱਚ ਗੁਆਚਿਆ ਮੈਂ ਅਤੀਤ ’ਚ ਜਾ ਪਹੁੰਚਿਆ। ਗੱਲ ਕੋਈ ਵੀਹ ਵਰ੍ਹੇ ਪੁਰਾਣੀ ਹੈ। ਮੋਗਾ ਦੇ ਬਹੋਨਾ ਚੌਕ ’ਚ ਇੱਕ ਸਾਹਿਤਕ ਮੈਗਜ਼ੀਨ ਦੇ ਲੋਕ ਅਰਪਣ ਸਮਾਗਮ ’ਚ ਜਾਣ ਦਾ ਮੌਕਾ ਮਿਲਿਆ। ਸਮਾਗਮ ਦੀ ਸਮਾਪਤੀ ਤੱਕ ਸੂਰਜ ਡੁੱਬ ਚੁੱਕਿਆ ਸੀ। ਸਭ ਆਪੋ-ਆਪਣੇ ਸਾਧਨ ਚੁੱਕ ਕੇ ਘਰਾਂ ਵੱਲ ਮੋੜੇ ਪਾ ਰਹੇ ਸਨ। ਮਨਜੀਤ ਸਿੰਘ ਉਦੋਂ ਮਨਜੀਤ ਬਿਲਾਸਪੁਰੀ ਦੇ ਨਾਂ ਹੇਠ ਲਿਖਦਾ ਸੀ। ਅਸੀਂ ਇੱਕ ਦੂਜੇ ਨਾਲ ਅੱਖਾਂ ਮਿਲਾ ਕੇ ਬਹੋਨਾ ਚੌਕ ਤੋਂ ਲਿਫਟ ਲਈ ਤੇ ਔਖੇ-ਸੌਖੇ ਬੁੱਗੀਪੁਰਾ ਚੌਕ ਤੱਕ ਅੱਪੜੇ। ਵਿਚਾਰ ਕਰਕੇ ਅਸੀਂ ਅੱਜ ਦੀ ਰਾਤ ਬਿਲਾਸਪੁਰ ਮਨਜੀਤ ਦੇ ਘਰ ਕੱਟਣ ਦਾ ਫ਼ੈਸਲਾ ਕੀਤਾ। ਬੁੱਗੀਪੁਰਾ ਚੌਕ ਤੋਂ ਇੱਕ ਟਰੱਕ ਨੂੰ ਹੱਥ ਦੇ ਕੇ ਦੇਰ ਰਾਤ ਬਿਲਾਸਪੁਰ ਅੱਡੇ ਤੋਂ ਘਰ ਵੱਲ ਚਾਲੇ ਪਾ ਦਿੱਤੇ ਤੇ ਘਰਦਿਆਂ ਤੋਂ ਗਾਲ੍ਹਾਂ ਪੈਣ ਦੇ ਡਰੋਂ ਸਮਾਗਮ ’ਚੋਂ ਮਿਲੇ ਯਾਦਗਾਰੀ ਚਿੰਨ੍ਹ ਰਾਹ ’ਚ ਹੀ ਲੁਕੋ ਛੱਡੇ। ਮਨਜੀਤ ਦੇ ਪਿਤਾ ਬੜੇ ਸਖ਼ਤ ਸੁਭਾਅ ਵਾਲੇ ਤੇ ਅਸੂਲਾਂ ਦੇ ਪੱਕੇ ਇਨਸਾਨ ਸਨ। ਗਾਹੇ-ਬਗਾਹੇ ਜਦੋਂ ਕਦੇ ਅਜਿਹੇ ਸਨਮਾਨ ਚਿੰਨ੍ਹ ਲੈ ਕੇ ਘਰੇ ਵੜਦੇ ਤਾਂ ਉਹ ਗੁੱਸੇ ’ਚ ਆਖਦੇ, ‘‘ਦੇਖ ਲਿਓ, ਥੋਡੇ ਆਹ ਲੱਕੜ ਦੇ ਟਊਆਂ ਨੂੰ ਬਾਲ ਕੇ ਇੱਕ ਵੇਲੇ ਦੀ ਚਾਹ ਨ੍ਹੀਂ ਬਣਨੀ, ਵਿਹਲੜ ਨਾ ਹੋਣ ਕਿਸੇ ਥਾਂ ਦੇ।’’ ਉਨ੍ਹਾਂ ਦਾ ਗੁੱਸਾ ਵੀ ਆਪਣੀ ਥਾਂ ਵਾਜਬ ਸੀ। ਅੱਧੀ ਤੋਂ ਵੱਧ ਜ਼ਿੰਦਗੀ ਉਨ੍ਹਾਂ ਫ਼ੌਜ ਦੀ ਨੌਕਰੀ ਕਰਦਿਆਂ ਦੇਸ਼ ਦੇ ਲੇਖੇ ਲਾਈ ਸੀ। ਉੱਚ ਅਹੁਦਿਆਂ ’ਤੇ ਸੇਵਾ ਕਰਦਿਆਂ ਅਨੁਸ਼ਾਸਨ ਤੇ ਬੇਦਾਗ ਸੇਵਾ ਕਾਰਜਾਂ ਬਦਲੇ ਹਾਸਲ ਕੀਤੇ ਰਾਸ਼ਟਰਪਤੀ ਤੱਕ ਦੇ ਸਨਮਾਨਾਂ ਮੁਕਾਬਲੇ ਪੁੱਤ ਦੇ ਇਨ੍ਹਾਂ ਸਨਮਾਨਾਂ ਦੀ ਹੋਂਦ ਛੋਟੀ ਪੈ ਰਹੀ ਸੀ। ਉਨ੍ਹਾਂ ਨੂੰ ਇਨ੍ਹਾਂ ਸਨਮਾਨਾਂ ਦੀ ਖ਼ੁਸ਼ੀ ਨਾਲੋਂ ਵੱਧ ਚਿੰਤਾ ਸਾਡੇ ਭਵਿੱਖ ਦੀ ਸੀ।
ਖ਼ੈਰ! ਜਿਉਂ-ਜਿਉਂ ਘਰ ਨੇੜੇ ਆ ਰਿਹਾ ਸੀ ਸਾਡੇ ਸਾਹ ਸੂਤੇ ਜਾ ਰਹੇ ਸਨ। ਹਨੇਰਾ ਹੋਣ ਕਰਕੇ ਘਰਾਂ ਦੇ ਬੂਹੇ ਤਾਂ ਪਹਿਲਾਂ ਹੀ ਬੰਦ ਹੋ ਗਏ ਸਨ ਤੇ ਹੁਣ ਚਾਨਣ ਵਾਲੇ ਲਾਟੂ ਵੀ ਸਾਥ ਛੱਡ ਗਏ ਸਨ। ਘਰ ਪਹੁੰਚ ਕੇ ਅਨੇਕਾਂ ਵਾਰ ਬੂਹਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਾ ਆਇਆ ਤੇ ਸਾਨੂੰ ਉਨ੍ਹੀਂ ਪੈਰੀਂ ਵਾਪਸ ਪਰਤਣਾ ਪਿਆ। ਅੱਧੀ ਰਾਤ ਨੂੰ ਦੂਰ-ਦੂਰ ਤੱਕ ਪੱਸਰੀ ਚੁੱਪ ਤੇ ਡੱਡੂਆਂ ਦੀ ਟਰ ਟਰ ਬੇਸ਼ੱਕ ਸਾਡੇ ਹੌਸਲੇ ਪਸਤ ਕਰਨੇ ਚਾਹੁੰਦੀ ਸੀ ਪਰ ਅਸੀਂ ਅਜਿਹਾ ਹੋਣ ਨਾ ਦਿੱਤਾ। ਥੱਕੇ-ਟੁੱਟੇ ਸਰੀਰਾਂ ਨਾਲ ਜਦੋਂ ਬੱਸ ਅੱਡੇ ਪਹੁੰਚ ਕੇ ਸਵਾਰੀਆਂ ਲਈ ਬਣੇ ਸ਼ੈੱਡ ਹੇਠ ਬੈਠਣ ਲੱਗੇ ਤਾਂ ਦੋਵਾਂ ਦੀਆਂ ਨਜ਼ਰਾਂ ਜਿਵੇਂ ਹੀ ਇੱਕ ਦੂਜੇ ਨਾਲ ਟਕਰਾਈਆਂ ਤਾਂ ਯਕਾਯਕ ਸਾਡਾ ਹਾਸਾ ਨਿਕਲ ਗਿਆ। ਕੈਪਟਨ ਸਾਹਿਬ ਦੀਆਂ ਝਿੜਕਾਂ ਤੋਂ ਬਚ ਜੋ ਗਏ ਸਾਂ। ਕੁਝ ਮਿੰਟਾਂ ਬਾਅਦ ਇੱਕ ਟਰੱਕ ਡਰਾਈਵਰ ਨੇ ਰਾਹ ਪੁੱਛਣ ਲਈ ਟਰੱਕ ਰੋਕਿਆ ਤਾਂ ਅਸੀਂ ਵੀ ਮਜਬੂਰੀ ਦੱਸ ਮੋਗਾ ਤੱਕ ਲਿਫਟ ਦੇਣ ਦੀ ਗੱਲ ਆਖੀ। ਉਸ ਵਿਚਾਰੇ ਨੇ ਨਾ ਚਾਹੁੰਦਿਆਂ ਵੀ ਸਾਨੂੰ ਨਾਲ ਬਿਠਾ ਗਿਆ। ਮੋਗਿਓਂ ਜਗਰਾਉਂ ਤੇ ਫਿਰ ਪਿੰਡ ਅਖਾੜੇ ਦੀ ਬੱਸ ਲੈ ਕੇ ਅਸੀਂ ਮੇਰੇ ਘਰ ਪਹੁੰਚੇ। ਜਗਰਾਉਂ ਤੋਂ ਅਖ਼ਬਾਰ ਖਰੀਦੇ ਤਾਂ ਸਮਾਗਮ ਦੀਆਂ ਖ਼ਬਰਾਂ ਤੇ ਤਸਵੀਰਾਂ ਦੇਖ ਰਾਤ ਦੀ ਬੇਆਰਾਮੀ ਤੇ ਖੱਜਲ-ਖੁਆਰੀ ਦਾ ਸਾਰਾ ਥਕੇਵਾਂ ਲਹਿ ਗਿਆ। ਬੇਸ਼ੱਕ ਆਪਣੀਆਂ ਤਸਵੀਰਾਂ ਦੇਖ ਕੇ ਦਿਲ ਖ਼ੁਸ਼ ਹੋਇਆ ਪਰ ਉਸ ਵੇਲੇ ਨਾ ਇਹ ਤਸਵੀਰਾਂ ਤੇ ਖ਼ਬਰਾਂ ਘਰ ਵਾਲਿਆਂ ਨੂੰ ਪੜ੍ਹਾ ਸਕੇ ਤੇ ਨਾ ਹੀ ਮਿਲੇ ਸਨਮਾਨ ਦਿਖਾ ਸਕੇ। ਅੱਜ ਇਹੀ ਖ਼ਬਰਾਂ ਤੇ ਤਸਵੀਰਾਂ ਸਾਡੇ ਲਈ ਮਾਣ ਸਤਿਕਾਰ ਦਾ ਹਿੱਸਾ ਹਨ।
ਸੰਪਰਕ: 98764-92410
