ਪ੍ਰਿੰ. ਸਰਵਣ ਸਿੰਘ
ਭਾਰਤ-ਪਾਕਿ ਵੰਡ ਪਿੱਛੋਂ 1948 ਦੀਆਂ ਓਲੰਪਿਕ ਖੇਡਾਂ ਲੰਡਨ ਵਿਚ ਹੋਈਆਂ। ਉਥੇ ਆਜ਼ਾਦ ਭਾਰਤ ਨੇ ਪਹਿਲੀ ਵਾਰ ਤਿਰੰਗੇ ਦੀ ਅਗਵਾਈ ਵਿਚ ਭਾਗ ਲਿਆ। ਜਦੋਂ ਭਾਰਤ, ਬ੍ਰਿਟਿਸ਼ ਇੰਡੀਆ ਸੀ ਤਾਂ ਜੂਨੀਅਨ ਜੈਕ ਦੇ ਝੰਡੇ ਹੇਠ ਓਲੰਪਿਕ ਖੇਡਾਂ ਵਿਚ ਭਾਗ ਲੈਂਦਾ ਸੀ। ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਇੰਡੀਆ ਲਈ ਹਾਕੀ ਦੇ ਗੋਲਡ ਮੈਡਲ ਜਿੱਤ ਕੇ ਯੂਨੀਅਨ ਜੈਕ ਝੁਲਾਉਣੇ ਪੈਂਦੇ ਸਨ। ਉਦੋਂ ਇੰਡੀਆ ਦੀਆਂ ਹਾਕੀ ਟੀਮਾਂ ਵਿਚ ਐਂਗਲੋ ਇੰਡੀਅਨ ਖਿਡਾਰੀ ਵੀ ਖੇਡਦੇ ਸਨ। 1928, 1932 ਤੇ 1936 ਦੀਆਂ ਓਲੰਪਿਕ ਖੇਡਾਂ ਵਿਚ ਬਰਤਾਨੀਆ ਨੇ ਇੰਡੀਆ ਦੀ ਹਾਕੀ ਟੀਮ ਦੇ ਮੁਕਾਬਲੇ ਆਪਣੀ ਹਾਕੀ ਟੀਮ ਦਾਖਲ ਨਹੀਂ ਸੀ ਕੀਤੀ। ਉਹ ਗ਼ੁਲਾਮ ਇੰਡੀਆ ਤੋਂ ਹਾਰ ਜਾਣ ਦੀ ਹੱਤਕ ਮੰਨਦੇ ਸਨ ਪਰ ਕਹਿੰਦੇ ਇਹੋ ਸਨ ਕਿ ਇੰਡੀਆ ਦੀ ਟੀਮ ਵੀ ਉਨ੍ਹਾਂ ਦੀ ਹੀ ਟੀਮ ਹੈ!
12 ਅਗਸਤ 1948 ਨੂੰ ਸ਼ਾਮ ਛੇ ਵਜੇ ਲੰਡਨ ਦੀਆਂ ਓਲੰਪਿਕ ਖੇਡਾਂ ਵਿਚ ਹਾਕੀ ਦਾ ਫਾਈਨਲ ਮੈਚ ਸ਼ੁਰੂ ਹੋਇਆ ਤਾਂ ਵੈਂਬਲੇ ਸਟੇਡੀਅਮ ਇਕ ਲੱਖ ਦਰਸ਼ਕਾਂ ਨਾਲ ਨੱਕੋ-ਨੱਕ ਭਰਿਆ ਹੋਇਆ ਸੀ। ਇਕ ਪਾਸੇ ਆਜ਼ਾਦ ਭਾਰਤ ਦੀ ਅਸਲੋਂ ਨਵੀਂ ਟੀਮ ਸੀ ਤੇ ਦੂਜੇ ਪਾਸੇ ਬਰਤਾਨੀਆ ਦੀ ਲੋਕਲ ਟੀਮ। ਦੋਵੇਂ ਟੀਮਾਂ ਪਹਿਲੀ ਵਾਰ ਇਕ ਦੂਜੇ ਦੇ ਖ਼ਿਲਾਫ਼ ਖੇਡ ਰਹੀਆਂ ਸਨ। ਭਾਰਤ ਵਿਚ ਹਾਕੀ ਦੀ ਖੇਡ ਬੇਸ਼ਕ ਅੰਗਰੇਜ਼ ਹੀ ਲੈ ਕੇ ਆਏ ਸਨ ਪਰ ਉਹ ਦੁਨੀਆ ਸਾਹਮਣੇ ਆਪਣੇ ਗ਼ੁਲਾਮ ਮੁਲਕ ਨਾਲ ਹਾਕੀ ਖੇਡਣੋਂ ਟਲਦੇ ਰਹੇ ਸਨ। ਲੰਡਨ ਦੀਆਂ ਓਲੰਪਿਕ ਖੇਡਾਂ ਨੇ ਉਨ੍ਹਾਂ ਨੂੰ ਇਕ ਦੂਜੇ ਦੇ ਸਾਹਮਣੇ ਲਿਆ ਖੜ੍ਹੇ ਕੀਤਾ ਸੀ।
ਅੰਪਾਇਰ ਮੈਦਾਨ ਵਿਚ ਪੁੱਜ ਚੁੱਕੇ ਸਨ। ਥੇਮਜ਼ ਦਰਿਆ ਵੱਲੋਂ ਠੰਢੀ ਹਵਾ ਆ ਰਹੀ ਸੀ। ਸਟੇਡੀਅਮ ਦੀਆਂ ਬਾਹੀਆਂ ਉਤੇ ਰੰਗ ਬਰੰਗੇ ਝੰਡੇ ਝੂਲ ਰਹੇ ਸਨ। ਖਿਡਾਰੀ ਜੁੱਸੇ ਮਘਾ ਰਹੇ ਸਨ। ‘ਕਮ ਆਨ ਗ੍ਰੇਟ ਬ੍ਰਿਟਨ’ ਦੇ ਨਾਅਰਿਆਂ ਨਾਲ ਸਟੇਡੀਅਮ ਗੂੰਜ ਰਿਹਾ ਸੀ। ਅੰਬਰ ’ਤੇ ਬੱਦਲ ਛਾਏ ਹੋਏ ਸਨ ਜਿਨ੍ਹਾਂ ਤੋਂ ਲੱਗਦਾ ਸੀ ਕਿ ਕਿਸੇ ਵੇਲੇ ਵੀ ਮੀਂਹ ਉੱਤਰ ਸਕਦਾ ਹੈ। ਅੰਪਾਇਰ ਨੇ ਵਿਸਲ ਵਜਾਈ ਤਾਂ ਦੋਵੇਂ ਟੀਮਾਂ ਮੈਦਾਨ ਵਿਚ ਆ ਖੜ੍ਹੀਆਂ ਹੋਈਆਂ। ਕਪਤਾਨਾਂ ਨੇ ਹੱਥ ਮਿਲਾਏ, ਟੌਸ ਹੋਇਆ ਤੇ ਬਲਬੀਰ ਸਿੰਘ ਨੇ ਬੁੱਲੀ ਕੀਤੀ। ਦਰਸ਼ਕ ‘ਕਮ ਆਨ ਗ੍ਰੇਟ ਬ੍ਰਿਟਨ’ ਦਾ ਰਾਗ ਅਲਾਪ ਰਹੇ ਸਨ ਪਰ ਬਰਤਾਨੀਆ ਦੀ ਟੀਮ ਭਾਰਤ ਦੇ ਪਹਿਲੇ ਹੱਲੇ ਨਾਲ ਹੀ ਦਬ ਗਈ।
ਜਦੋਂ ਬਲਬੀਰ ਸਿੰਘ ਨੇ ਕੈਪਟਨ ਕਿਸ਼ਨ ਲਾਲ ਦੇ ਪਾਸ ਤੋਂ ਪਹਿਲਾ ਗੋਲ ਕੀਤਾ ਤਾਂ ਭਾਰਤੀ ਦਰਸ਼ਕਾਂ ਵੱਲੋਂ ‘ਬਲਬੀਰ ਸਿੰਘ ਜ਼ਿੰਦਾਬਾਦ’ ਦੇ ਨਾਹਰੇ ਲੱਗਣ ਲੱਗੇ। ਬਲਬੀਰ ਸਿੰਘ ਨੇ ਦੂਜਾ ਗੋਲ ਕੇਡੀ ਸਿੰਘ ਬਾਬੂ ਦੇ ਪਾਸ ਤੋਂ ਕੀਤਾ ਤਾਂ ‘ਕਮ ਆਨ ਗ੍ਰੇਟ ਬ੍ਰਿਟਨ’ ਦੀ ਧੁਨ ਬਿਲਕੁਲ ਹੀ ਮੱਧਮ ਪੈ ਗਈ। ਇਕ ਗੋਲ ਤਰਲੋਚਨ ਸਿੰਘ ਨੇ ਪੈਨਲਟੀ ਕਾਰਨਰ ਤੋਂ ਕੀਤਾ ਤੇ ਇਕ ਪੈਟ ਜੈਨਸਨ ਨੇ ਫੀਲਡ ਗੋਲ ਕਰ ਦਿੱਤਾ। ਮੈਚ ਦੌਰਾਨ ਦੋ ਵਾਰ ਕਣੀਆਂ ਆਈਆਂ ਜਿਸ ਨਾਲ ਮੈਦਾਨ ਸਿਲ੍ਹਾ ਹੋ ਗਿਆ; ਨਹੀਂ ਤਾਂ ਵਧੇਰੇ ਗੋਲ ਵੀ ਹੋ ਸਕਦੇ ਸਨ। ਇਕ ਮੌਕੇ ਤਾਂ ਕਿਸ਼ਨ ਲਾਲ ਤੇ ਕੇਡੀ ਸਿੰਘ ਬਾਬੂ ਬੂਟ ਉਤਾਰ ਕੇ ਨੰਗੇ ਪੈਰੀਂ ਖੇਡਣ ਲੱਗੇ ਤਾਂ ਕਿ ਤਿਲ੍ਹਕਣ ਤੋਂ ਬਚ ਸਕਣ। ਉਨ੍ਹਾਂ ਨੂੰ ਨੰਗੇ ਪੈਰੀਂ ਖੇਡਦਿਆਂ ਦੇਖ ਯੂਰੋਪੀਅਨ ਦਰਸ਼ਕ ਹੈਰਾਨ ਸਨ। ਮੈਚ ਦੇ ਅੰਤ ਤਕ ਭਾਰਤੀ ਟੀਮ ਨੇ ਚਾਰ ਗੋਲ ਕੀਤੇ ਪਰ ਬਰਤਾਨਵੀ ਟੀਮ ਕੋਈ ਗੋਲ ਨਾ ਕਰ ਸਕੀ। ਵਿਕਟਰੀ ਸੈਰੇਮਨੀ ਸਮੇਂ ਜਿੱਤ-ਮੰਚ ’ਤੇ ਪਹਿਲੀ ਵਾਰ ਸਭ ਤੋਂ ਉਪਰ ਤਿਰੰਗਾ ਲਹਿਰਾਇਆ ਗਿਆ। ਨਾਲ ਰਾਸ਼ਟਰ ਗਾਣ ਜਨ ਗਨ ਮਨ ਦੀ ਧੁਨ ਵਜਾਈ ਗਈ। ਬਲਬੀਰ ਸਿੰਘ ਨੂੰ ਹੋਰਨਾਂ ਸੁਤੰਤਰਤਾ ਸੰਗਰਾਮੀਆਂ ਸਮੇਤ ਆਪਣੇ ਸੁਤੰਤਰਤਾ ਸੰਗਰਾਮੀ ਪਿਤਾ ਗਿਆਨੀ ਦਲੀਪ ਸਿੰਘ ਜੀ ਦੀ ਯਾਦ ਵੀ ਆਈ ਤੇ ਉਹਦੇ ਅਮੁਹਾਰੇ ਹੰਝੂ ਉਮਡ ਆਏ। ਉਦੋਂ ਲੰਡਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਵੀ ਕੇ ਕ੍ਰਿਸ਼ਨਾ ਮੈਨਨ ਵੀ ਮੈਚ ਦੇਖ ਰਿਹਾ ਸੀ। ਭਾਰਤੀ ਟੀਮ ਜਿੱਤੀ ਤਾਂ ਉਹ ਦੌੜਦਾ ਹੋਇਆ ਟੀਮ ਨੂੰ ਵਧਾਈ ਦੇਣ ਪੁੱਜਾ। ਉਸ ਨੇ ਖਿਡਾਰੀਆਂ ਨੂੰ ਥਾਪੜੇ ਦਿੱਤੇ, ਜੱਫੀਆਂ ਪਾਈਆਂ ਤੇ ਟੀਮ ਨਾਲ ਗਰੁੱਪ ਫੋਟੋ ਖਿਚਵਾਈ। ਪੰਜਾਬੀ ਦਰਸ਼ਕ ਭੰਗੜੇ ਪਾਉਣ ਲੱਗੇ। ਭਾਰਤੀ ਹਾਈ ਕਮਿਸ਼ਨਰ ਨੇ ਟੀਮ ਨੂੰ ਇੰਡੀਆ ਹਾਊਸ ਵਿਚ ਦਾਅਵਤ ਦਿੱਤੀ ਜਿਥੇ ਰਲ ਮਿਲ ਕੇ ਖ਼ੁਸ਼ੀਆਂ ਮਨਾਈਆਂ।
2012 ਵਿਚ ਲੰਡਨ ਦੀਆਂ 30ਵੀਆਂ ਓਲੰਪਿਕ ਖੇਡਾਂ ਸਮੇਂ ਪ੍ਰਬੰਧਕ ਕਮੇਟੀ ਵੱਲੋਂ ਬਲਬੀਰ ਸਿੰਘ ਨੂੰ ਉਚੇਚਾ ਲੰਡਨ ਸੱਦਿਆ ਗਿਆ। ਉਦੋਂ ਉਹ ਉਮਰ ਦੇ 88ਵੇਂ ਸਾਲ ਵਿਚ ਸੀ। ਉਥੇ ਉਸ ਨੂੰ ‘ਆਈਕੌਨਿਕ ਓਲੰਪੀਅਨ’ ਐਲਾਨਿਆ ਗਿਆ। ਓਲੰਪਿਕ ਖੇਡਾਂ ਦਾ ਰੋਲ ਮਾਡਲ! ਮਾਡਰਨ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ‘ਆਈਕੌਨਿਕ ਓਲੰਪੀਅਨ’ ਦਾ ਖ਼ਿਤਾਬ ਕੇਵਲ 16 ਖਿਡਾਰੀਆਂ ਨੂੰ ਦਿੱਤਾ ਗਿਆ ਜਿਨ੍ਹਾਂ ਵਿਚ 8 ਮਰਦ ਤੇ 8 ਔਰਤਾਂ ਹਨ। ਏਸ਼ੀਆ ਵਿਚੋਂ ਕੇਵਲ ਦੋ ਹੀ ਹਨ। ਇਕ ਚੀਨ ਦਾ, ਦੂਜਾ ਭਾਰਤ ਦਾ। ਹਾਕੀ ਦੀ ਖੇਡ ਵਿਚੋਂ ਕੇਵਲ ਬਲਬੀਰ ਸਿੰਘ ਹੀ ਹੈ। ਉਦੋਂ ਬੀਬੀਸੀ ਨੇ ਉਸ ਤੋਂ 64 ਸਾਲ ਪਹਿਲਾਂ ਹੋਈਆਂ ਲੰਡਨ ਦੀਆਂ ਓਲੰਪਿਕ ਖੇਡਾਂ ਦੇ ਅਨੁਭਵ ਪੁੱਛੇ ਤਾਂ ਉਸ ਨੇ ਉਸ ਵੇਲੇ ਦਾ ਸਾਰਾ ਨਜ਼ਾਰਾ ਬਿਆਨ ਕੀਤਾ। ਹਾਕੀ ਦੇ ਫਾਈਨਲ ਮੈਚ ਦੀ ਗੱਲ ਵੀ ਕੀਤੀ। ਉਸ ਨੇ ਕਿਹਾ ਕਿ ਮੈਂ ਖ਼ੁਸ਼ਕਿਸਮਤ ਹਾਂ ਜਿਹੜਾ 64 ਸਾਲ ਬਾਅਦ ਉਸੇ ਥਾਂ ਓਲੰਪਿਕ ਖੇਡਾਂ ਦੇਖ ਰਿਹਾਂ ਜਿਥੇ ਉਸ ਨੇ ਪਹਿਲਾ ਓਲੰਪਿਕ ਗੋਲਡ ਮੈਡਲ ਜਿੱਤਿਆ ਸੀ ਅਤੇ ਵਿਕਟਰੀ ਸਟੈਂਡ ’ਤੇ ਭਾਰਤ ਦਾ ਤਿਰੰਗਾ ਸਭ ਤੋਂ ਉੱਚਾ ਝੁਲਿਆ ਸੀ।
ਤੋੜਾ: ਉਦੋਂ ਓਲੰਪਿਕ ਜੇਤੂਆਂ ਦਾ ਆਦਰ ਮਾਣ ਤਾਂ ਕੀਤਾ ਜਾਂਦਾ ਸੀ ਪਰ ਪੈਸਿਆਂ ਦੇ ਰੂਪ ਵਿਚ ਕੋਈ ਇਨਾਮ ਨਹੀਂ ਸੀ ਦਿੱਤਾ ਜਾਂਦਾ। ਬਲਬੀਰ ਸਿੰਘ ਵੇਲੇ ਦੇ ਖਿਡਾਰੀ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤ ਕੇ ਵੀ ਨਕਦ ਇਨਾਮਾਂ ਤੋਂ ਵਿਰਵੇ ਰਹੇ ਸਨ। ਹੁਣ ਓਲੰਪਿਕ ਖੇਡਾਂ ਦੇ ਜੇਤੂਆਂ ਨੂੰ ਕਰੋੜਾਂ ਰੁਪਿਆਂ ਦੇ ਇਨਾਮ ਮਿਲਦੇ ਹਨ। ਓਲੰਪਿਕ ਖੇਡਾਂ ਕੀ, ਹੁਣ ਤਾਂ ਕਾਮਨਵੈਲਥ ਤੇ ਏਸ਼ਿਆਈ ਖੇਡਾਂ ਦੇ ਜੇਤੂ ਹੀ ਕਰੋੜਾਂ ਰੁਪਏ ਦੇ ਨਕਦ ਇਨਾਮ ਲੈ ਜਾਂਦੇ ਹਨ। ਖ਼ੈਰ, ਬ੍ਰਿਟਿਸ਼ ਇੰਡੀਆ ਲਈ ਓਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ ਜਿੱਤਣ ਵਾਲੇ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਤਾਂ ਸੁਤੰਤਰ ਭਾਰਤ ਦੀਆਂ ਸਰਕਾਰਾਂ ਨੇ ਬਣਦਾ ਤਣਦਾ ਮਾਣ ਸਤਿਕਾਰ ਬਖਸ਼ ਹੀ ਦਿੱਤਾ ਹੈ ਪਰ ਆਜ਼ਾਦ ਭਾਰਤ ਲਈ ਓਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ ਜਿੱਤਣ ਤੇ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ‘ਗੋਲ ਕਿੰਗ’ ਬਲਬੀਰ ਸਿੰਘ ਦੀ ਬਣਦੀ ਸਰਦੀ ਸਾਰ ਨਾ ਜਿਊਂਦੇ ਜੀਅ, ਨਾ ਮੋਏ, ਅਜੇ ਵੀ ਨਹੀਂ ਲਈ ਗਈ। ਉਹ ਗੁਰੂ ਦਾ ਸਿੱਖ ਚੁੱਪ-ਚਾਪ, 96 ਸਾਲ ਦੀ ਉਮਰੇ 25 ਮਈ 2020 ਨੂੰ ਚੰਡੀਗੜ੍ਹ ਵਿਚ ਅਕਾਲ ਚਲਾਣਾ ਕਰ ਗਿਆ। ਸੈਕੂਲਰ ਭਾਰਤ ਦੀ ਬਦਬਖਤੀ ਦੇਖੋ ਕਿ ਆਜ਼ਾਦ ਭਾਰਤ ਦੀਆਂ ‘ਸੈਕੂਲਰ’ ਸਰਕਾਰਾਂ ਨੇ ਬਲਬੀਰ ਸਿੰਘ ਦੀ ਇਸ ਲਈ ਬਾਤ ਨਹੀਂ ਪੁੱਛੀ ਕਿ ਉਹ ਮੇਨ ਸਟਰੀਮ ਦਾ ਬੰਦਾ ਨਹੀਂ! ਸ਼੍ਰੋਮਣੀ ਕਮੇਟੀ ਨੇ ਸੰਸਾਰ ਦੇ ਅੱਵਲ ਨੰਬਰ ਗੁਰਸਿੱਖ ਖਿਡਾਰੀ ਦੀ ਤਸਵੀਰ ਇਸ ਕਰਕੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਨਹੀਂ ਸਜਾਈ ਕਿ ਉਹ ਓਲੰਪਿਕ ਖੇਡਾਂ ਵਿਚ ਤਿਰੰਗੇ ਕਿਉਂ ਲਹਿਰਾਉਂਦਾ ਰਿਹਾ ਤੇ ਸੈਕੂਲਰ ਭਾਰਤੀ ਟੀਮ ਤੋਂ ‘ਬੋਲੇ ਸੋ ਨਿਹਾਲ’ ਦੀ ਥਾਂ ‘ਭਾਰਤ ਜੈ ਹੋ’ ਦੇ ਜੈਕਾਰੇ ਕਿਉਂ ਬੁਲਾਉਂਦਾ ਰਿਹਾ?
ਸੰਪਰਕ: +1-905-799-1661