ਜਦੋਂ ਮੇਰੀਆਂ ‘ਤਾਕਤਾਂ’ ਦੀ ਫੂਕ ਨਿਕਲੀ

ਜਦੋਂ ਮੇਰੀਆਂ ‘ਤਾਕਤਾਂ’ ਦੀ ਫੂਕ ਨਿਕਲੀ

ਗੁਰਦੀਪ ਸਿੰਘ ਢੁੱਡੀ

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਇੱਕਠੀਆਂ ਹੋਣੀਆਂ ਸਨ। ਮੇਰੀ ਡਿਊਟੀ ਪ੍ਰੀਜ਼ਾਇਡਿੰਗ ਅਫ਼ਸਰ ਵਜੋਂ ਲੱਗੀ ਸੀ। ਆਪਣੇ ਨਾਮ ਨਾਲ ਅਫ਼ਸਰ ਲੱਗਿਆ ਦੇਖ ਕੇ ਮੈਂ ਮੰਦ ਮੰਦ ਮੁਸਕਰਾ ਰਿਹਾ ਸਾਂ। ਚੋਣਾਂ ਬਾਰੇ ਪਹਿਲੀ ਰਿਹਰਸਲ ਸਮੇਂ ਸਾਡੀ ਹਾਜ਼ਰੀ ਲਗਾਉਣ ਤੋਂ ਬਾਅਦ ਮੰਚ ਸੰਚਾਲਕ ਨੇ ਸਾਡੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹਦਿਆਂ ਹੋਇਆਂ ਟੋਟਕੇ ਸੁਣਾ ਕੇ ਪਹਿਲੀ ਵਾਰੀ ਡਿਊਟੀ ਲੱਗਣ ਵਾਲਿਆਂ ਦਾ ਚੰਗਾ ਹੌਸਲਾ ਬੰਨ੍ਹਾਇਆ। ਹਾਜ਼ਰੀ ਦਾ ਕੰਮ ਸਮਾਪਤ ਹੋਇਆ ਤਾਂ ਰਿਟਰਨਿੰਗ ਅਫ਼ਸਰ ਆਇਆ। ਸਟੇਜ ਤੇ ਬੈਠੇ ਸਾਰੇ ਜਣੇ ਉੱਠ ਕੇ ਖੜ੍ਹੇ ਹੋ ਗਏ। ਉਸ ਨੇ ਆਉਂਦਿਆਂ ਸਾਰ ਮਾਈਕ ਫੜਿਆ ਅਤੇ ਆਖਿਆ, “ਤੁਹਾਡੀ ਸਾਰਿਆਂ ਦੀ ਅਹਿਮ ਡਿਊਟੀ ਲੱਗੀ ਹੈ। ਲੋਕਤੰਤਰ ਨੂੰ ਹੇਠਲੇ ਪੱਧਰ ਤੇ ਲਾਗੂ ਕਰ ਵਾਲੀਆਂ ਇਨ੍ਹਾਂ ਚੋਣਾਂ ਨੂੰ ਤੁਸੀਂ ਹੀ ਨੇਪਰੇ ਚੜ੍ਹਾਉਣਾ ਹੈ।” ਫਿਰ ਉਸ ਨੇ ਮਾਈਕ ਅੱਗੇ ਹੱਥ ਰੱਖ ਕੇ ਪ੍ਰਬੰਧਕਾਂ ਨੂੰ ਸਾਡੀ ਹਾਜ਼ਰੀ ਲੱਗ ਜਾਣ ਬਾਰੇ ਪੁੱਛਿਆ ਅਤੇ ਨਾਲ ਹੀ ਸਾਨੂੰ ਚਲੇ ਜਾਣ ਦਾ ਹੁਕਮ ਦੇ ਦਿੱਤਾ। ਫਿਰ ਵੀ ਮੰਚ ਸਚਾਲਕ ਨੇ ਸਟੇਜ ਤੇ ਆ ਕੇ ‘ਆਫ਼ੀਸ਼ੀਅਲ’’ ਅਨਾਊਂਸਮੈਂਟ ਕੀਤੀ- “ਹੁਣ ਤੁਸੀਂ ਆਪਣੇ ਘਰਾਂ ਨੂੰ ਜਾ ਸਕਦੇ ਹੋ। ਅਗਲੀ ਰਿਹਰਸਲ ਬਾਰੇ ਆਪ ਜੀ ਨੂੰ ਲਿਖਤੀ ਤੌਰ ਤੇ ਦੱਸ ਦਿੱਤਾ ਜਾਵੇਗਾ।” ਮੈਂ ਮਨ ਵਿਚ ਹੀ ਸੋਚਣ ਲੱਗਿਆ- ‘ਕੇਵਲ ਹਾਜ਼ਰੀ ਲਗਾਏ ਜਾਣ ਬਾਰੇ ਹੀ ਸਾਨੂੰ ਬੁਲਾ ਕੇ ਸਾਡੇ ਕੰਮ ਵਾਲੀਆਂ ਥਾਵਾਂ ਦਾ ਇਕ ਦਿਨ ਖ਼ਰਾਬ ਕਿਉਂ ਕੀਤਾ ਗਿਆ ਹੈ?’ ਫਿਰ ਆਪ ਹੀ ਜਵਾਬ ਬਣਾ ਲਿਆ ਕਿ ਇਹ ਕਦੋਂ ਮੰਨਿਆ ਜਾਂਦਾ ਹੈ ਕਿ ਸਰਕਾਰੀ ਕਰਮਚਾਰੀ ਆਪਣੀਆਂ ਥਾਵਾਂ ਤੇ ਵਾਕਿਆ ਹੀ ਕੰਮ ਕਰਦੇ ਹਨ। ਖੈਰ, ਉੱਥੋਂ ਚੱਲ ਕੇ ਆਪਣੇ ਘਰ ਆ ਕੇ ‘ਘਰ ਦੇ ਕੰਮ’ ਸੰਵਾਰ ਲਏ।

ਅਗਲੀਆਂ ਦੋਵੇਂ ਰਿਹਰਸਲਾਂ ਵੀ ਤਕਰੀਬਨ ਇਸੇ ਤਰ੍ਹਾਂ ਦੀਆਂ ਹੋਈਆਂ। ਅਖੀਰਲੇ ਸਮੇਂ ਤੇ ਸਾਨੂੰ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਤੇ ਭੇਜਿਆ ਜਾਣਾ ਸੀ। ਇਸ ਰਿਹਰਸਲ ਤੇ ਜ਼ਿਲ੍ਹਾ ਚੋਣ ਅਧਿਕਾਰੀ ਆਪ ਆਏ ਅਤੇ ਹੋਰ ਹਦਾਇਤਾਂ ਦੇ ਇਲਾਵਾ ਸਾਨੂੰ ਬੜੇ ਮਾਣ ਨਾਲ ਇਹ ਦੱਸਿਆ, “ਘਬਰਾਉਣਾ ਨਹੀਂ ਹੈ। ਤੁਸੀਂ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨਾ। ਸਾਡੇ ਅਧਿਕਾਰੀ ਸਮੇਂ ਸਮੇਂ ਤੁਹਾਡੇ ਕੋਲ ਆਉਂਦੇ ਰਹਿਣਗੇ। ਫਿਰ ਵੀ ਜੇਕਰ ਲੋੜ ਪਵੇ ਤਾਂ ਤੁਸੀਂ ਆਪਣੀਆਂ ਪਾਵਰਾਂ ਵਰਤ ਲੈਣੀਆਂ। ਪ੍ਰੀਜ਼ਾਇਡਿੰਗ ਅਫ਼ਸਰਾਂ ਨੂੰ ਅਸੀਂ ਮੈਜਿਸਟਰੇਟੀ ਪਾਵਰਾਂ ਦੇਣ ਬਾਰੇ ਪੱਤਰ ਕੱਢ ਦਿੱਤਾ ਹੈ।” ਤੇ ਫਿਰ ‘ਗੁੱਡ ਲੱਕ’ ਕਹਿ ਕੇ ਉਹ ਜਲਦੀ ਜਲਦੀ ਚਲੇ ਗਏ।

ਚੋਣਾਂ ਬਾਰੇ ਸਮੱਗਰੀ ਦਿੰਦੇ ਸਮੇਂ ਜਿਸ ਤਰ੍ਹਾਂ ਦਾ ਸਲੂਕ ਸਾਡੇ ਨਾਲ ਸਬੰਧਤ ਸ਼ਖ਼ਸਾਂ ਨੇ ਕੀਤਾ, ਉਸ ਤੋਂ ਸਾਡੀਆਂ ਮੈਜਿਸਟਰੇਟੀ ਪਾਵਰਾਂ ਦੀ ਫ਼ੂਕ ਪਹਿਲੀਆਂ ਵਿਚ ਹੀ ਨਿੱਕਲ ਗਈ। ਸਮਾਨ ਲੈ ਕੇ ਜਾਣ ਵਾਸਤੇ ਜਦੋਂ ਅਸੀਂ ਟਰੱਕਾਂ ਕੋਲ ਪਹੁੰਚੇ ਤਾਂ ਸਮਾਨ ਰੱਖ ਕੇ ਦੇਖਿਆ ਕਿ ਪੁਲੀਸ ਕਰਮਚਾਰੀਆਂ ਨੇ ਟਰੱਕਾਂ ਦੀਆਂ ਅਗਲੀਆਂ ਸੀਟਾਂ ਰੋਕ ਲਈਆਂ ਸਨ। ਖੈਰ, ਅਸੀਂ ਟਰੱਕ ਵਿਚ ਚੋਣ ਸਮੱਗਰੀ ਸਮੇਤ ਲੱਦੇ ਗਏ। ਟਰੱਕਾਂ ਤੋਂ ਸਮਾਨ ਲਾਹ ਕੇ ਆਪੋ-ਆਪਣੇ ਬੂਥਾਂ ਤੇ ਪਹੁੰਚਣ ਦੀ ਕਾਹਲੀ ਵਿਚ ਵੀ ਮਲੋ-ਮੱਲੀ ਸਕੂਲ (ਸਰਕਾਰੀ ਮਿਡਲ ਸਕੂਲ, ਡੋਡ) ਵਿਚ ਕੀਤੀ ਕਲਾਕਾਰੀ ਦੇਖ ਕੇ ਮਨ ਬਾਗੋ-ਬਾਗ ਹੋ ਗਿਆ। ਅਸਲ ਵਿਚ ਉਦੋਂ ਇਸ ਸਕੂਲ ਵਿਚ ਸਾਡਾ ਰੰਗਕਰਮੀ ਕੀਰਤੀ ਕਿਰਪਾਲ (ਨਾਟਕ ਨਿਰਦੇਸ਼ਕ) ਕੰਮ ਕਰਦਾ ਹੁੰਦਾ ਸੀ। ਉਸ ਨੇ ਸਕੂਲ ਨੂੰ ਵੀ ਨਾਟਕ ਵਾਲੀ ਸਟੇਜ ਵਾਂਗ ਸਜਾਇਆ ਹੋਇਆ ਸੀ। ਸਕੂਲ ਵਿਚ ਬਣਾਏ ਪਾਰਕ ਇਸ ਤਰ੍ਹਾਂ ਦਾ ਨਜ਼ਾਰਾ ਪੇਸ਼ ਕਰਦੇ ਸਨ, ਜਿਵੇਂ ਹੁਣੇ ਹੀ ਇੱਥੇ ਕੋਈ ਨਾਟਕ ਪੇਸ਼ ਕੀਤਾ ਜਾਣਾ ਹੈ।

ਅਸੀਂ ਇਕ ਇਕ ਕਮਰਾ ਮੱਲ ਕੇ ਆਪਣਾ ਸਮਾਨ ਟਿਕਾ ਲਿਆ। ਪਿੰਡ ਦੇ ਲੋਕਾਂ ਨੇ ਚਾਹ ਪਾਣੀ ਦੀ ਸੇਵਾ ਕਰਦਿਆਂ ਆਪੋ-ਆਪਣੀ ਪਾਰਟੀ ਅਤੇ ਚੋਣ ਲੜ ਰਹੇ ਉਮੀਦਵਾਰ ਬਾਰੇ ਵੀ ਵਾਹਵਾ ਕੁਝ ਦੱਸ ਦਿੱਤਾ। ਸ਼ਾਮ ਤੱਕ ਅਸੀਂ ਬੂਥ ਵੀ ਤਿਆਰ ਕਰ ਲਏ। ਇਸੇ ਦੌਰਾਨ ਸ਼ਾਮ ਦਾ ਰੋਟੀ ਪਾਣੀ ਵੀ ਪਿੰਡ ਵਾਲਿਆਂ ਨੇ ਦਿੱਤਾ ਅਤੇ ਨਾਲ ਹੀ ਦਾਰੂ ਵਗੈਰਾ ਵੀ ਲੈ ਆਏ। ਸਵੇਰ ਹੁੰਦਿਆਂ ਹੀ ਪੁਲੀਸ ਹੌਲਦਾਰ ਆਇਆ ਅਤੇ ਉਸ ਨੇ ਆਪਣੀ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਉਹ ਸਾਡੇ ਨਾਲ ਸੁਰੱਖਿਆ ਟੀਮ ਦਾ ਇੰਚਾਰਜ ਹੈ। ਗੱਲਾਂ ਕਰਦਾ ਕਰਦਾ ਉਹ ਮੈਨੂੰ ਇਕ ਪਾਸੇ ਲੈ ਗਿਆ ਅਤੇ ਸਪੱਸ਼ਟ ਸ਼ਬਦਾਂ ਵਿਚ ਮੈਨੂੰ ਆਖਿਆ, “ਦੇਖੋ ਜੀ, ਮੈਂ ਤੁਹਾਨੂੰ ਜਾਣਦਾ ਹਾਂ। ਪਿੱਛੇ ਜਿਹੇ ਨਕਲ ਨਾ ਮਾਰਨ ਦੇਣ ਕਾਰਨ ਕੁਝ ਮੁੰਡੇ ਵੀ ਤੁਹਾਡੇ ਗਲ਼ ਪੈ ਗਏ ਸਨ। ਤੁਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹੋ ਪਰ ਮੈਂ ਤੁਹਾਨੂੰ ਸਪੱਸ਼ਟ ਦੱਸਦਾ ਕਿ ਇੱਥੇ ਹਿਸਾਬ ਨਾਲ ਚੱਲਣਾ ਪੈਣਾ। ਇਹ ਤੁਹਾਡਾ ਡਿਪਾਰਟਮੈਂਟ ਤਾਂ ਨਹੀਂ ਹੈ। ਇੱਥੇ ਰੂਲਿੰਗ ਪਾਰਟੀ ਨੇ ਧੱਕਾ ਵੀ ਕਰਨਾ, ਤੇ ਦੂਸਰੀ ਪਾਰਟੀ ਵੀ ਆਪਣਾ ਜ਼ੋਰ ਲਾਏਗੀ। ਅਸੀਂ ਭਾਵੇਂ ਸੁਰੱਖਿਆ ਵਾਸਤੇ ਆਏ ਹਾਂ ਪਰ ਇੱਥੇ ਸਾਡੇ ਵੀ ਹੱਥ ਬੰਨ੍ਹੇ ਹੋਏ ਹਨ। ਸਾਨੂੰ ਜਿਵੇਂ ਉਪਰੋਂ ਇਸ਼ਾਰਾ ਮਿਲਣਾ ਹੈ, ਅਸੀਂ ਤਾਂ ਉਵੇਂ ਹੀ ਕਰਨਾ ਹੈ। ਇਸ ਕਰ ਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਇੱਥੇ ਆਪਣਾ ਆਪ ਬਚਾਅ ਕੇ ਹੀ ਡਿਊਟੀ ਕਰੀਏ, ਜਾਦੇ ਅਸੂਲ, ਨਿਯਮ ਇੱਥੇ ਨਹੀਂ ਚੱਲਣੇ। ਇੱਥੇ ਤਾਂ ‘ਜ੍ਹੀਦੀ ਖਾਈਏ ਬਾਜ਼ਰੀ, ਓਹਦੀ ਭਰੀਏ ਹਾਜ਼ਰੀ’ ਜਿ਼ਆਦਾ ਚੱਲਣੀ ਹੈ। ਅੱਗੇ ਤੁਸੀਂ ਤਾਂ ਪੜ੍ਹੇ ਲਿਖੇ ਤੇ ਸਿਆਣੇ ਹੋ।” ਇੰਨਾ ਆਖ ਕੇ ਉਹ ਚਲਾ ਗਿਆ ਅਤੇ ਵੋਟਾਂ ਪੁਆਉਣ ਦੇ ਅਮਲ ਤੋਂ ਪਹਿਲਾਂ ਹੀ ਮੇਰੀਆਂ ਮੈਜਿਸਟਰੇਟੀ ਪਾਵਰਾਂ ਦੀ ਫ਼ੂਕ ਨਿਕਲ ਗਈ। ਮੈਨੂੰ ਬੜੇ ਕੁਝ ਦਾ ਪਤਾ ਲੱਗ ਗਿਆ ਸੀ ਕਿ ਇੱਥੇ ਹੁਣ ਕਿਸ ਤਰ੍ਹਾਂ ਚੱਲਣਾ ਹੈ!

ਸੰਪਰਕ: 95010-20731

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All