ਜਦੋਂ ਪੁਲੀਸ ਨੂੰ ਵਖ਼ਤ ਪਿਆ
ਪੀ ਓ ਸਟਾਫ ਦੇ ਇੰਚਾਰਜ ਸ਼ਿੰਗਾਰਾ ਸਿੰਘ ਨੇ ਸਾਰੇ ਅਮਲੇ ਅਤੇ ਤਫ਼ਤੀਸ਼ੀ ਅਫਸਰਾਂ ਦੀ ਮੀਟਿੰਗ ਬੁਲਾ ਕੇ ਕਿਹਾ ਕਿ ਕਮਿਸ਼ਨਰ ਸਾਬ੍ਹ ਦਾ ਹੁਕਮ ਹੈ ਕਿ ਜ਼ਿਲ੍ਹੇ ਵਿੱਚ ਪੀ ਓਜ਼ (proclaimed offender) ਦੀ ਗਿਣਤੀ ਬਹੁਤ ਵਧ ਗਈ ਹੈ। ਇਸ ਲਈ ਵੱਧ...
ਪੀ ਓ ਸਟਾਫ ਦੇ ਇੰਚਾਰਜ ਸ਼ਿੰਗਾਰਾ ਸਿੰਘ ਨੇ ਸਾਰੇ ਅਮਲੇ ਅਤੇ ਤਫ਼ਤੀਸ਼ੀ ਅਫਸਰਾਂ ਦੀ ਮੀਟਿੰਗ ਬੁਲਾ ਕੇ ਕਿਹਾ ਕਿ ਕਮਿਸ਼ਨਰ ਸਾਬ੍ਹ ਦਾ ਹੁਕਮ ਹੈ ਕਿ ਜ਼ਿਲ੍ਹੇ ਵਿੱਚ ਪੀ ਓਜ਼ (proclaimed offender) ਦੀ ਗਿਣਤੀ ਬਹੁਤ ਵਧ ਗਈ ਹੈ। ਇਸ ਲਈ ਵੱਧ ਤੋਂ ਵੱਧ ਪੀ ਓ ਭਾਵ ਭਗੌੜੇ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾਣ। ਫਿਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਾਸਤੇ ਮੁਨਸ਼ੀ ਵੱਲੋਂ ਟੀਮਾਂ ਕਾਇਮ ਕਰ ਦਿੱਤੀਆਂ ਗਈਆਂ। ਸਵੇਰੇ ਰਘਬੀਰ ਸਿੰਘ ਥਾਣੇਦਾਰ ਆਪਣੀ ਪਾਰਟੀ ਨਾਲ ਪੀ ਓ ਦੀ ਤਲਾਸ਼ ’ਚ ਨਿਕਲ ਪਏ ਅਤੇ ਇੱਕ ਪੀ ਓ ਉਨ੍ਹਾਂ ਨੂੰ ਘਰ ਵਿੱਚ ਹੀ ਮਿਲ ਗਿਆ। ਰਘਬੀਰ ਸਿੰਘ ਉਸ ਨੂੰ ਫੜ ਕੇ ਮੁਤੱਲਕਾ ਥਾਣੇ ਲੈ ਕੇ ਗਏ। ਉਸ ਨੂੰ ਥਾਣਾ ਮੁਖੀ ਅੱਗੇ ਪੇਸ਼ ਕੀਤਾ। ਪੀ ਓ ਬਹੁਤ ਚਲਾਕ ਤੇ ਚੁਸਤ ਸੀ। ਐੱਸ ਐੱਚ ਓ ਨੂੰ ਦੇਖ ਕੇ ਗ੍ਰਿਫ਼ਤਾਰੀ ਤੋਂ ਬਚਣ ਲਈ ਇਕਦਮ ਹੇਠਾਂ ਡਿੱਗ ਪਿਆ ਤੇ ਆਪਣਾ ਸਾਹ ਅੰਦਰ ਖਿੱਚ ਕੇ ਘੇਸ ਮਾਰ ਲਈ। ਥਾਣਾ ਮੁਖੀ ਨੇ ਪੀ ਓ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਮਰੇ ਹੋਏ ਨੂੰ ਉਸ ਕੋਲ ਲੈ ਕੇ ਆਏ ਨੇ।
ਰਘਬੀਰ ਸਿੰਘ ਨੇ ਆਪਣੇ ਪੀ ਓ ਸਟਾਫ ਦੇ ਇੰਚਾਰਜ ਨੂੰ ਫ਼ੋਨ ’ਤੇ ਪੀ ਓ ਬਾਰੇ ਦੱਸਿਆ, ‘ਥਾਣਾ ਮੁਖੀ ਪੀ ਓ ਨਹੀਂ ਲੈ ਰਹੇ, ਤੁਸੀਂ ਇੱਥੇ ਆਓ।’ ਪੀ ਓ ਸਟਾਫ ਦੇ ਇੰਚਾਰਜ ਨੇ ਆ ਕੇ ਮੁੱਖ ਅਫ਼ਸਰ ਨੂੰ ਭਗੌੜੇ ਨੂੰ ਲੈਣ ਲਈ ਕਿਹਾ। ਥਾਣਾ ਮੁਖੀ ਨੇ ਕਿਹਾ, ‘ਮੈਂ ਕਿਵੇਂ ਮਰੇ ਹੋਏ ਨੂੰ ਲੈ ਲਵਾਂ।’’ ਫਿਰ ਪੀ ਓ ਸਟਾਫ ਦੇ ਇੰਚਾਰਜ ਨੇ ਆਪਣੇ ਐੱਸ ਪੀ (ਡੀ) ਨਾਲ ਗੱਲ ਕੀਤੀ।
ਐੱਸ ਪੀ ਨੇ ਐੱਸ ਐੱਚ ਓ ਨੂੰ ਕਿਹਾ, ‘‘ਤੁਹਾਡੇ ਥਾਣੇ ਦਾ ਪੀ ਓ ਹੈ, ਤੁਸੀਂ ਕਿਉਂ ਨਹੀਂ ਲੈ ਰਹੇ।’’ ਥਾਣਾ ਮੁਖੀ ਨੇ ਐੱਸ ਪੀ ਨੂੰ ਕਿਹਾ, ‘ਸਰ ਮੈਂ ਮਰੇ ਹੋਏ ਨੂੰ ਕਿਵੇਂ ਲੈ ਲਵਾਂ। ਇਹ ’ਤੇ ਹੋਸ਼ ’ਚ ਹੀ ਨਹੀਂ ਆ ਰਿਹਾ।’ ਐੱਸ ਪੀ ਨੇ ਅੱਗੋਂ ਪੀ ਓ ਸਟਾਫ ਦੇ ਇੰਚਾਰਜ ਨੂੰ ਕਿਹਾ, ‘ਜਾਂ ਤਾਂ ਪੀ ਓ ਨੂੰ ਕਿਸੇ ਤਰੀਕੇ ਨਾਲ ਉਸ ਦਾ ਇਲਾਜ ਕਰਵਾ ਕੇ ਵਾਰਸਾਂ ਹਵਾਲੇ ਕਰ ਦਿਓ ਜਾਂ ਫਿਰ ਤੁਸੀਂ ਖੁਦ ਹਵਾਲਾਤ ਚਲੇ ਜਾਓ।’ ਪੀ ਓ ਸਟਾਫ ਦੇ ਇੰਚਾਰਜ ਨੇ ਬਥੇਰਾ ਕਿਹਾ,‘‘ਸਰ ਇਹ ਮਕਰਾ ਹੈ, ਇਸ ਨੇ ਆਪਣੀ ਗ੍ਰਿਫ਼ਤਾਰੀ ਤੋਂ ਡਰਦਿਆਂ ਘੇਸ ਮਾਰੀ ਹੈ।’’ ਪਰ ਉਸ ਦੀ ਕਿਸੇ ਨੇ ਨਹੀਂ ਸੁਣੀ। ਪੀ ਓ ਸਟਾਫ ਦੇ ਇੰਚਾਰਜ ਨੇ ਭਗੌੜੇ ਮੁਲਜ਼ਮ ਨੂੰ ਉਸ ਦਾ ਨਾਮ ਲੈ ਕੇ ਹਿਲਾਉਂਦਿਆਂ ਕਿਹਾ, ‘ਮਿਲਖਿਆ ਤੈਨੂੰ ਸਾਬ੍ਹ ਨੇ ਬਰੀ ਕਰ ਦਿੱਤਾ ਹੈ, ਚੱਲ ਉੱਠ ਤੈਨੂੰ ਤੇਰੇ ਘਰ ਛੱਡ ਕੇ ਆਈਏ।’ ਪੀ ਓ ਉੱਠ ਕੇ ਬੈਠ ਗਿਆ। ਇੱਥੇ ਪੀ ਓ ਸਟਾਫ ਦੇ ਇੰਚਾਰਜ ਤੇ ਅਫਸਰਾਂ ਨੂੰ ਪੀ ਓ ਨੂੰ ਕਾਨੂੰਨ ਦੇ ਹਵਾਲੇ ਕਰਨਾ ਬਣਦਾ ਸੀ ਪਰ ਮਜਬੂਰਨ ਪੀ ਓ ਸਟਾਫ ਦੇ ਇੰਚਾਰਜ ਨੇ ਅਫਸਰਾਂ ਦੇ ਵਤੀਰੇ ਨੂੰ ਦੇਖਦਿਆਂ ਰਘਬੀਰ ਸਿੰਘ ਨੂੰ ਭਗੌੜੇ ਮੁਲਜ਼ਮ ਦੇ ਪਿੰਡ ਸਰਪੰਚ ਦੇ ਰਾਹੀਂ ਉਸ ਦੇ ਵਾਰਸਾਂ ਹਵਾਲੇ ਕਰਨ ਲਈ ਆਪਣੀ ਗੱਡੀ ਦਿੱਤੀ।
ਰਘਬੀਰ ਸਿੰਘ ਨੇ ਪਿੰਡ ਪਹੁੰਚ ਪੀ ਓ ਨੂੰ ਸਰਪੰਚ ਰਾਹੀਂ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰਦਿਆਂ ਕਿਹਾ, ‘‘ਸਾਬ੍ਹ ਨੇ ਬਰੀ ਕਰ ਦਿੱਤਾ ਹੈ।’’ ਉਂਝ, ਪੁਲੀਸ ਮੁਲਾਜ਼ਮਾਂ ਨੂੰ ਨੌਕਰੀ ਦੌਰਾਨ ਲਾਵਾਰਸ ਲਾਸ਼ ਦਾ ਪੋਸਟਮਾਰਟਮ ਤੇ ਸਸਕਾਰ ਖੁਦ ਪੈਸੇ ਖਰਚ ਕੇ ਕਰਵਾਉਣੇ ਪੈਂਦੇ ਹਨ। ਕਈ ਵਾਰ ਗਲੀਆਂ-ਸੜੀਆਂ ਲਾਸ਼ਾਂ ਦੀ ਵਾਰਿਸ ਸ਼ਨਾਖ਼ਤ ਨਹੀਂ ਕਰਦੇ ਅਤੇ ਫਿਰ ਪੁਲੀਸ ਨੂੰ ਸਾਰਾ ਕੰਮ ਆਪ ਹੀ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਕਰੋਨਾ ਕਾਲ ਵਿੱਚ ਵੀ ਪੁਲੀਸ ਨੇ ਬਹੁਤ ਸਾਰੇ ਲੋਕਾਂ ਦੇ ਸਸਕਾਰ ਕੀਤੇ।
ਸੰਪਰਕ: 98786-00221

